ਯੈੱਸ ਪੰਜਾਬ
ਪਟਿਆਲਾ, 18 ਜਨਵਰੀ, 2021 –
ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਅੱਜ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਨਾਲ ਜੁੜੀਆਂ ਦਿਹਾਤੀ ਮਹਿਲਾਵਾਂ ਦੇ ਸਵੈ ਸਹਾਇਤਾ ਸਮੂਹਾਂ ਨੂੰ ਸਵੈ-ਰੋਜ਼ਗਾਰ ਨਾਲ ਜੋੜਨ ਲਈ ਲਗਵਾਏ ਜ਼ਿਲ੍ਹਾ ਪੱਧਰੀ ਲੋਨ ਮੇਲੇ ਦੌਰਾਨ 252 ਸਵੈ ਸਹਾਇਤਾ ਸਮੂਹਾਂ ਨੂੰ 3 ਕਰੋੜ ਰੁਪਏ ਦੇ ਕਰਜ਼ਿਆਂ ਦੇ ਪ੍ਰਵਾਨਗੀ ਪੱਤਰ ਵੰਡੇ।
ਇੱਥੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਇੱਕ ਇਤਿਹਾਸਕ ਫੈਸਲਾ ਲੈਂਦਿਆਂ ਮਹਿਲਾਵਾਂ ਦੀ ਸ਼ਕਤੀ ਨੂੰ ਹੋਰ ਉਤਸ਼ਾਹਤ ਕਰਨ ਲਈ ਸਾਡੀਆਂ ਧੀਆਂ ਨੂੰ ਸਰਕਾਰੀ ਨੌਕਰੀਆਂ ‘ਚ 33 ਫੀਸਦੀ ਰਾਖਵਾਂਕਰਨ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹਾ 2900 ਸਵੈ ਸਹਾਇਤਾ ਸਮੂਹਾਂ ਨਾਲ ਪੰਜਾਬ ਰਾਜ ‘ਚ ਪਹਿਲੇ ਸਥਾਨ ‘ਤੇ ਹੈ ਅਤੇ ਪਹਿਲਾਂ ਇਨ੍ਹਾਂ ‘ਚੋਂ 800 ਸਮੂਹ 1-1 ਲੱਖ ਰੁਪਏ ਦਾ ਕਰਜਾ ਲੈਕੇ ਸਫ਼ਲਤਾ ਪੂਰਵਕ ਵਾਪਸ ਕਰਕੇ ਆਪਣੇ ਰੋਜ਼ਗਾਰ ਨੂੰ ਵਧਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮੂਹਾਂ ਨਾਲ ਜੁੜੀਆਂ ਮਹਿਲਾਵਾਂ ਨੇ ਕੋਰੋਨਾ ਮਹਾਂਮਾਰੀ ਦੌਰਾਨ ਜਿੱਥੇ ਕੋਵਿਡ-19 ਪਾਜਿਟਿਵ ਮਰੀਜਾਂ ਨੂੰ ਖਾਣਾ ਮੁਹੱਈਆ ਕਰਵਾਉਣ ਦਾ ਕੰਮ ਕੀਤਾ ਉਥੇ ਹੀ ਡਿਜ਼ੀਟਲ ਤੇ ਹੋਰ ਵੱਖ-ਵੱਖ ਪਲੈਟਫਾਰਮਾਂ ਨਾਲ ਜੁੜਕੇ ਆਪਣੀ ਆਮਦਨ ਵੀ ਵਧਾਈ ਹੈ।
ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਇਨ੍ਹਾਂ ਮਹਿਲਾਵਾਂ ਨੇ ਆਪਣੀ ਟ੍ਰੇਨਿੰਗ ‘ਚ ਵਿਭਿੰਨਤਾ ਲਿਆਕੇ ਜਿੱਥੇ ਆਪਣੀ ਸ਼ਕਤੀ ਪਹਿਚਾਣੀ ਹੈ, ਉਥੇ ਹੀ ਆਪਣੇ ਪਰਿਵਾਰਾਂ ਨੂੰ ਸੰਭਾਲਦੇ ਹੋਏ ਇਨ੍ਹਾਂ ਨੇ ਸਵੈ ਰੋਜ਼ਗਾਰ ਨਾਲ ਜੁੜਕੇ ਆਪਣੀ ਆਮਦਨ ਵੀ ਵਧਾਈ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਕਿਸਾਨਾਂ ਨੇ ਜਿਸ ਪ੍ਰਕਾਰ ਦਿੱਲੀ ਦੇ ਬਾਰਡਰ ‘ਤੇ ਖੇਤੀ ਕਾਨੂੰਨਾਂ ਵਿਰੁੱਧ ਮੋਰਚਾ ਖੋਲ੍ਹਿਆ ਹੈ, ਉਥੇ ਹੀ ਸਾਡੀਆਂ ਮਹਿਲਾਵਾਂ ਨੇ ਵੀ ਇਸ ‘ਚ ਪੂਰਾ ਯੋਗਦਾਨ ਪਾਇਆ ਹੈ ਅਤੇ ਨਾਲ ਹੀ ਆਪਣੇ ਘਰ ਤੇ ਖੇਤੀਬਾੜੀ ਦੀ ਵੀ ਪੂਰੀ ਸੰਭਾਲ ਕੀਤੀ ਹੈ।
ਪੱੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਕੇਂਦਰ ਸਰਕਾਰ ਵੱਲੋਂ ਕਿਸਾਨੀ ਸੰਘਰਸ਼ ‘ਚ ਸਾਥ ਦੇਣ ਵਾਲਿਆਂ ਨੂੰ ਡਰਾਉਣ ਧਮਕਾਉਣ ਲਈ ਐਨ.ਆਈ.ਏ. ਅਤੇ ਹੋਰ ਏਜੰਸੀਆਂ ਦੀ ਵਰਤੋਂ ਕੀਤੇ ਜਾਣ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਅਜਿਹਾ ਕਰਨ ਨਾਲ ਕਿਸਾਨਾਂ ਦਾ ਸੰਘਰਸ਼ ਸਗੋਂ ਹੋਰ ਤੇਜ ਹੋਵੇਗਾ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ, ਇਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਕੇ ਕਿਸਾਨਾਂ ਦੀ ਸਹਿਮਤੀ ਨਾਲ ਨਵੇਂ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ, ਜਿਸ ਲਈ ਵਿਰੋਧੀ ਧਿਰ ਵੀ ਲੋਕ ਸਭਾ ‘ਚ ਸਰਕਾਰ ਦਾ ਸਾਥ ਦੇਵੇਗੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ‘ਚ ਸਭ ਤੋਂ ਪਹਿਲਾਂ ਕਿਸਾਨਾਂ ਦੀ ਹਮਾਇਤ ਕਰਕੇ ਇਨ੍ਹਾਂ ਕਾਨੂੰਨਾਂ ਨੂੰ ਪੰਜਾਬ ‘ਚ ਰੱਦ ਕੀਤਾ ਸੀ। ਏ.ਡੀ.ਸੀ. (ਡੀ) ਡਾ. ਪ੍ਰੀਤੀ ਯਾਦਵ ਨੇ ਸਵੈ ਸਹਾਇਤਾ ਸਮੂਹਾਂ ਵੱਲੋਂ ਕੀਤੇ ਜਾ ਰਹੇ ਸਵੈ ਰੋਜ਼ਗਾਰ ਦੇ ਕਾਰਜਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ।
ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਕਿਸਾਨ ਸੰਘਰਸ਼ ‘ਚ ਆਪਣੀ ਜਾਨ ਗਵਾਉਣ ਵਾਲੇ ਪਿੰਡ ਸਫੇੜਾ ਦੇ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ ਦੀ ਯਾਦ ‘ਚ ਪਿੰਡ ਵਿਖੇ 15 ਲੱਖ ਰੁਪਏ ਦੀ ਲਾਗਤ ਨਾਲ ਕਮਿਉਨਿਟੀ ਸੈਂਟਰ ਬਣਾਉਣ ਲਈ ਪ੍ਰਵਾਨਗੀ ਪੱਤਰ ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਅਤੇ ਸਰਪੰਚ ਨਰਿੰਦਰ ਸਿੰਘ ਨੂੰ ਸੌਂਪਿਆ।
ਇਸ ਤੋਂ ਇਲਾਵਾ ਲੋਕ ਸਭਾ ਮੈਂਬਰ ਨੇ ਬਾਰ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਐਡਵੋਕੇਟ ਜੇ.ਪੀ. ਸਿੰਘ ਘੁਮਾਣ ਨੂੰ ਜ਼ਿਲ੍ਹਾ ਕਚਿਹਰੀਆਂ ਦੇ ਬਾਥਰੂਮਾਂ ਅਤੇ ਲਿਫ਼ਟ ਦੀ ਮੁਰੰਮਤ ਲਈ 34 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਵੀ ਸੌਂਪਿਆ। ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਇੱਥੇ ਲੱਗੀਆਂ ਸਟਾਲਾਂ ਦਾ ਜਾਇਜ਼ਾ ਲਿਆ ਅਤੇ ਨਾਲ ਹੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਣਾਏ ਗਏ ਗੁਰੂ ਕੇ ਬਾਗ, ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਨਵੇਂ ਬਣਾਏ ਬੁਕ ਕੈਫ਼ੇ ਦਾ ਵੀ ਦੌਰਾ ਕੀਤਾ।
ਇਸ ਦੌਰਾਨ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ, ਹਲਕਾ ਸਨੌਰ ਦੇ ਇੰਚਾਰਜ ਹਰਿੰਦਰ ਪਾਲ ਸਿੰਘ ਹੈਰੀਮਾਨ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਜ਼ਿਲ੍ਹਾ ਪ੍ਰੀਸ਼ਦ ਚੇਅਰਪਰਸਨ ਰਾਜ ਕੌਰ ਗਿੱਲ, ਇੰਪੂਰਵਮੈਂਟ ਟਰਸਟ ਦੇ ਚੇਅਰਮੈਨ ਸੰਤ ਲਾਲ ਬਾਂਗਾ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਏ.ਡੀ.ਸੀ. (ਡੀ) ਡਾ. ਪ੍ਰੀਤੀ ਯਾਦਵ, ਬਲਾਕ ਸੰਮਤੀ ਚੇਅਰਮੈਨ ਅਸ਼ਵਨੀ ਬੱਤਾ, ਜੋਗਿੰਦਰ ਸਿੰਘ ਕਾਕੜਾ, ਬਾਪੂ ਮਾਨ ਸਿੰਘ, ਐਲ.ਡੀ.ਐਮ. ਪੀ.ਐਸ. ਅਨੰਦ, ਆਰਸੇਟੀ ਤੋਂ ਰਾਜੀਵ ਸਰਹਿੰਦੀ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਅਤੇ ਹੋਰ ਬੈਂਕਾਂ ਦੇ ਨੁਮਾਇੰਦੇ ਮੌਜੂਦ ਸਨ।