ਅੱਜ-ਨਾਮਾ
ਦਾਅਵੇ ਕਰਦੀ ਸਰਕਾਰ ਆ ਲੱਖ ਬੇਸ਼ੱਕ,
ਹਾਦਸੇ ਦਿਨੋ-ਦਿਨ ਵਧੀ ਗਏ ਫੇਰ ਬੇਲੀ।
ਤੁਰਦਿਆਂ ਘਰੋਂ ਨਾ ਪਤਾ ਕਿ ਆਵਾਂਗੇ ਵੀ,
ਸੜਕਾਂ ਉੱਪਰ ਪਿਆ ਜਿਵੇਂ ਅਨ੍ਹੇਰ ਬੇਲੀ।
ਸੁੱਕਿਆ ਟੱਬਰ ਦੇ ਜੀਆਂ ਦਾ ਸਾਹ ਦਿੱਸੇ,
ਹੋਏ ਜਦ ਕਦੇ ਵੀੰ ਮੁੜਦਿਆਂ ਦੇਰ ਬੇਲੀ।
ਪਹਿਲੀ ਖਬਰ ਅਖਬਾਰ ਵਿੱਚ ਹਾਦਸੇ ਦੀ,
ਕਰ ਦਏ ਸਭਨਾਂ ਦੀ ਖਰਾਬ ਸਵੇਰ ਬੇਲੀ।
ਹਰ ਕੋਈ ਕਸੂਰ ਸਰਕਾਰ ਦੇ ਜਾਏ ਕੱਢੀ,
ਮੰਨਦਾ ਗਲਤੀ ਨਹੀਂ ਆਪਣੀ ਕੋਈ ਬੇਲੀ।
ਉੱਪਰ ਸੜਕ ਦੇ ਹੁੰਦੇ ਕੁਝ ਪੈਲ ਪਾਉਂਦੇ,
ਕੀਤੀ ਗਲਤੀ ਨਾ ਜਾਂਦੀ ਫਿਰ ਧੋਈ ਬੇਲੀ।
ਤੀਸ ਮਾਰ ਖਾਂ
1 ਸਤੰਬਰ, 2024