ਯੈੱਸ ਪੰਜਾਬ
ਜਲੰਧਰ, 22 ਜਨਵਰੀ, 2021:
ਭਜਨ ਸਮਰਾਟ ਦੇ ਲਕਬ ਨਾਲ ਜਾਣੇ ਜਾਂਦੇ ਭਜਨ ਅਤੇ ਭੇਂਟ ਗਾਇਕ ਨਰਿੰਦਰ ਚੰਚਲ ਜਿਨ੍ਹਾਂ ਨੇ ‘ਬਾਲੀਵੁੱਡ’ ਵਿੱਚ ਵੀ ਆਪਣੀ ਥਾਂ ਬਣਾਈ ਸੀ, ਦਾ ਅੱਜ ਦਿਹਾਂਤ ਹੋ ਗਿਆ।
ਉਹ ਪਿਛਲੇ ਲਗਪਗ 3 ਮਹੀਨੇ ਤੋਂ ਬਿਮਾਰ ਚਲੇ ਆ ਰਹੇ ਸਨ ਅਤੇ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਇਲਾਜ ਅਧੀਨ ਸਨ।
ਅੰਮ੍ਰਿਤਸਰ ਵਿੱਚ ਪੈਦਾ ਹੋਏ ਸ੍ਰੀ ਨਰਿੰਦਰ ਚੰਚਲ ਨੇ ਅੱਜ ਲਪਗਪ 81 ਵਰਿ੍ਹਆਂ ਦੀ ਉਮਰ ਵਿੱਚ ਦੁਪਹਿਰ 12.30 ਵਜੇ ਆਖ਼ਰੀ ਸਾਹ ਲਏ। ਸ੍ਰੀ ਚੰਚਲ ਆਪਣੇ ਪਿੱਛੇ ਇਕ ਪੁੱਤਰ ਅਤੇ ਦੋ ਧੀਆਂ ਛੱਡ ਗਏ ਹਨ।
ਨਰਿੰਦਰ ਚੰਚਲ ਦੀ ਭੇਟਾਂ ਅਤੇ ਭਜਨਾਂ ਵਿੱਚ ਦਮਦਾਰ ਆਵਾਜ਼ ਸੁਨਣ ਤੋਂ ਬਾਅਦ ਹੀ ਉਨ੍ਹਾਂ ਨੂੰ ਬਾਲੀਵੁੱਡ ਦੇ ਪਾਰਖ਼ੂ ਨਿਰਮਾਤਾ ਨਿਰਦੇਸ਼ਕ ਸ੍ਰੀ ਰਾਜ ਕਪੂਰ ਨੇ ਆਪਣੀ ਸੁਪਰਹਿੱਟ ਫ਼ਿਲਮ ਬੌਬੀ ਵਿੱਚ ਗਾਉਣ ਦਾ ਮੌਕਾ ਦਿੱਤਾ ਸੀ। ਇਸ ਫ਼ਿਲਮ ਵਿੱਚ ਸ੍ਰੀ ਚੰਚਲ ਵੱਲੋਂ ਗਾਇਆ ਗਿਆ ‘ਬੇਸ਼ੱਕ ਮੰਦਿਰ ਮਸਜਿਦ ਢਾਹ ਦੇ ਬੁਲ੍ਹੇਸ਼ਾਹ ਹੈ ਕਹਿੰਦਾ, ਪਰ ਪਿਆਰ ਭਰ ਦਿਲ ਕਭੀ ਨਾ ਤੋੜੋ ਇਸ ਦਿਲ ਮੇਂ ਦਿਲਬਰ ਰਹਿਤਾ, ਜਿਸ ਪਲੜੇ ਮੇਂ ਤੁਲੇ ਮੁਹੱਬਤ ਉਸ ਮੇਂ ਚਾਂਦੀ ਨਹੀਂ ਤੋਲਣਾ, ਢੋਲਣਾ ਮੈਂ ਨਹੀਂ ਬੋਲਣਾ’, ਬੇਹਦ ਮਕਬੂਲ ਹੋਇਆ ਸੀ। ਇਸ ਗ਼ੀਤ ਲਈ ਉਨ੍ਹਾਂ ਨੂੰ ਫ਼ਿਲਮਫ਼ੇਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਬੇਨਾਮ ਫ਼ਿਲਮ ਲਈ ਗਾਇਆ ਗੀਤ ‘ਮੈਂ ਬੇਨਾਮ ਹੋ ਗਯਾ’, ‘ਰੋਟੀ ਕਪੜਾ ਔਰ ਮਕਾਨ’ ਫ਼ਿਲਮ ਲਈ ਗਾਇਆ ਗੀਤ ‘ਬਾਕੀ ਕੁਛ ਬਚਾ ਤੋ ਮਹਿੰਗਾਈ ਮਾਰ ਗਈ’ ਅਤੇ ‘ਕਾਲਾ ਸੂਰਜ’ ਲਈ ਗਾਇਆ ਗੀਤ ‘ਦੋ ਘੁੱਟ ਪਿਲਾ ਦੇ ਸਾਕੀਆ’ ਅੱਜ ਵੀ ਹਰ ਸਮਾਗਮ ਵਿੱਚ ਸੁਣੇ ਜਾਂਦੇ ਹਨ।
ਉਨ੍ਹਾਂ ਵੱਲੋਂ ਫ਼ਿਲਮ ‘ਆਸ਼ਾ’ ਵਿੱਚ ਗਾਈ ਭੇਟ ‘ਤੂਨੇ ਮੁਝੇ ਬੁਲਾਇਆ ਸ਼ੇਰਾਂਵਾਲੀਏ, ਮੈਂ ਆਇਆ ਮੈਂ ਆਇਆ ਸ਼ੇਰਾਂਵਾਲੀਏ’ ਅਤੇ ‘ਅਵਤਾਰ’ ਫ਼ਿਲਮ ਵਿੱਚ ਗਾਈ ਭੇਂਟ ‘ਚਲੋ ਬੁਲਾਵਾ ਆਇਆ ਹੈ, ਮਾਤਾ ਨੇ ਬੁਲਾਇਆ ਹੈ’ ਨੇ ਵੱਖਰੀ ਪਛਾਣ ਦਿੱਤੀ ਸੀ।