ਡੀ.ਜੀ.ਪੀ. ਵੱਲੋਂ ਉਮਰਾਨੰਗਲ ਮਾਮਲੇ ’ਚ ਮੁਅੱਤਲ ਜੇਲ੍ਹ ਸੁਪਰਡੈਂਟ ਦੀ ਬਹਾਲੀ ਦੀ ਸਿਫਾਰਿਸ਼, ਪੜ੍ਹੋ ਸੁਖਜਿੰਦਰ ਰੰਧਾਵਾ ਨੇ ਕੀ ਕਿਹਾ!

ਯੈੱਸ ਪੰਜਾਬ
ਚੰਡੀਗੜ੍ਹ, 22 ਅਕਤੂਬਰ, 2019:

ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਜੇਲ੍ਹ ਵਿਚ ਅਣਅਧਿਕਾਰਤ ਤੌਰ ’ਤੇ ਮੁਲਾਕਾਤਾਂ ਕਰਵਾਉਣ ਦੇ ਦੋਸ਼ ਤਹਿਤ ਜੇਲ੍ਹ ਮੰਤਰੀ ਸ: ਸੁਖ਼ਜਿੰਦਰ ਸਿੰਘ ਰੰਧਾਵਾ ਵੱਲੋਂ ਮੁਅੱਤਲ ਕੀਤੇ ਗਏ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਸ: ਜਸਪਾਲ ਸਿੰਘ ਨੂੰ ਡੀ.ਜੀ.ਪੀ. ਸ੍ਰੀ ਦਿਨਕਰ ਗੁਪਤਾ ਨੇ ਬਹਾਲ ਕਰਨ ਦੀ ਸਿਫਾਰਿਸ਼ ਕੀਤੀ ਹੈ।

ਇਸ ਮਾਮਲੇ ’ਤੇ ਯੈੱਸ ਪੰਜਾਬ ਨੇ ਸ: ਰੰਧਾਵਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਆਪਣਾ ਪ੍ਰਤੀਕਰਮ ਦਰਜ ਕਰਵਾਇਆ ਹੈ।

ਜ਼ਿਕਰਯੋਗ ਹੈ ਕਿ ਆਈ.ਪੀ.ਐਸ.ਅਧਿਕਾਰੀ ਸ: ਉਮਰਾਨੰਗਲ ਨੂੰ 18 ਫ਼ਰਵਰੀ, 2019 ਨੂੰ ਐਸ.ਆਈ.ਟੀ. ਵੱਲੋਂ ਬਰਗਾੜੀ ਕਾਂਡ ਮਗਰੋਂ ਹੋਏ ਗੋਲੀਕਾਂਡ ਦੇ ਸੰਬੰਧ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। 14 ਅਕੂਬਰ, 2015 ਦੀ ਉਕਤ ਪੁਲਿਸ ਗੋਲੀਬਾਰੀ ਵਿਚ ਦੋ ਸਿੱਖ ਨੌਜਵਾਨ ਮਾਰੇ ਗਏ ਸਨ।

ਉਸ ਵੇਲੇ ਇਹ ਗੱਲ ਸਾਹਮਣੇ ਆਈ ਸੀ ਕਿ ਪਟਿਆਲਾ ਜੇਲ੍ਹ ਵਿਚ ਰੱਖੇ ਗਏ ਸ: ਉਮਰਾਨੰਗਲ ਦੀਆਂ ਕਈ ਅਣਅਧਿਕਾਰਤ ਮੁਲਾਕਾਤਾਂ ਜੇਲ੍ਹ ਸੁਪਰਡੈਂਟ ਸ: ਜਸਪਾਲ ਸਿੰਘ ਨੇ ਆਪਣੇ ਜੇਲ੍ਹ ਅੰਦਰਲੇ ਦਫ਼ਤਰ ਅਤੇ ਡੀ.ਐਸ.ਪੀ. ਦੇ ਦਫ਼ਤਰ ਵਿਚ ਕਰਵਾਈਆਂ ਸਨ।

ਇਸ ਬਾਰੇ ਆਈ.ਜੀ. ਜੇਲ੍ਹਾਂ ਸ੍ਰੀ ਰੂਪ ਕੁਮਾਰ ਵੱਲੋਂ ਕੀਤੀ ਪੜਤਾਲ ਵਿਚ ਇਹ ਸਾਹਮਣੇ ਆਇਆ ਸੀ ਕਿ ਸ: ਉਮਰਾਨੰਗਲ ਦੀਆਂ ਜੇਲ੍ਹ ਵਿਚ ਕੇਵਲ ਤਿੰਨ ਮੁਲਾਕਾਤਾਂ ਰਿਕਾਰਡ ’ਤੇ ਸਨ ਜਦਕਿ ਲਗਪਗ 15 ਮੁਲਾਕਾਤਾਂ ਅਣਅਧਿਕਾਰਤ ਤੌਰ ’ਤੇ ਅਤੇ ਬਿਨਾਂ ਕੋਈ ਰਿਕਾਰਡ ਰੱਖ਼ਿਆਂ ਕਰਵਾਈਆਂ ਗਈਆਂ ਸਨ। ਜੇਲ੍ਹ ਨਿਯਮਾਂ ਮੁਤਾਬਿਕ ਜੇਲ੍ਹ ਵਿਚ ਬੰਦ ਕਿਸੇ ਵੀ ਵਿਅਕਤੀ ਦੀਆਂ ਇਕ ਹਫ਼ਤੇ ਵਿਚ ਦੋ ਹੀ ਮੁਲਾਕਾਤਾਂ ਕਰਵਾਈਆਂ ਜਾ ਸਕਦੀਆਂ ਹਨ।

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸ: ਸੁਖ਼ਜਿੰਦਰ ਸਿੰਘ ਰੰਧਾਵਾ ਨੇ 4 ਮਾਰਚ ਨੂੰ ਦਿੱਤੇ ਹੁਕਮਾਂ ਰਾਹੀਂ ਨਿਯਮਾਂ ਦੀ ਅਵੱਗਿਆ ਲਈ ਜੇਲ੍ਹ ਸੁਪਰਡੈਂਟ ਨੂੰ ਮੁਅੱਤਲ ਕਰਨ ਦੇ ਹੁਕਮ ਕਰ ਦਿੱਤੇ ਸਨ।

26 ਫ਼ਰਵਰੀ ਨੂੰ ਜੇਲ੍ਹ ਭੇਜੇ ਗਏ ਸ: ਉਮਰਾਨੰਗਲ ਦੀਆਂ ਤਿੰਨ ਅਧਿਕਾਰਤ ਮੁਲਕਾਤਾਂ 27 ਅਤੇ 28 ਫ਼ਰਵਰੀ ਤੇ 1 ਮਾਰਚ ਦੀਆਂ ਸਨ ਜਦਕਿ ਦੋਸ਼ ਇਹ ਸੀ ਕਿ 2 ਮਾਰਚ ਨੂੂੰ ਉਹਨਾਂ ਨੇ ਕਈ ਪੁਲਿਸ ਅਤੇ ਸਿਵਲ (ਸੇਵਾ ਕਰ ਰਹੇ ਅਤੇ ਸੇਵਾਮੁਕਤ) ਅਧਿਕਾਰੀਆਂ ਤੇ ਕੁਝ ਹੋਰ ਲੋਕਾਂ ਨਾਲ ਅਣਅਧਿਕਾਰਤ ਮੁਲਾਕਾਤਾਂ ਕਰਵਾਈਆਂ ਸਨ ਜੋ ਰਿਕਾਰਡ ’ਤੇ ਨਹੀਂ ਲਿਆਂਦੀਆਂ ਗਈਆਂ। ਪੜਤਾਲ ਦੌਰਾਨ ਇਨ੍ਹਾਂ ਮੁਲਾਕਾਤਾਂ ਦੀ ਪੁਸ਼ਟੀ ਜੇਲ੍ਹ ਵਿਚ ਲੱਗੇ ਸੀ.ਸੀ.ਟੀ.ਵੀ. ਤੋਂ ਕੀਤੀ ਗਈ ਸੀ।

ਇਸ ਬਾਰੇ ਸ: ਜਸਪਾਲ ਸਿੰਘ ਨੇ ਆਪਣੀ ਸਫ਼ਾਈ ਵਿਚ ਕਿਹਾ ਸੀ ਕਿ ਜੇਲ੍ਹ ਅੰਦਰ ਗੈਂਗਸਟਰ ਅਤੇ ਹੋਰ ਅਪਰਾਧੀਆਂ ਦੇ ਬੰਦ ਹੋਣ ਕਾਰਨ ਹੀ ਉਨ੍ਹਾਂ ਨੇ ਦਫ਼ਤਰ ਵਿਚ ਇਹ ਮੀਟਿੰਗਾਂ ਕਰਵਾਈਆਂ ਸਨ।

ਹੁਣ ਡੀ.ਜੀ.ਪੀ. ਵੱਲੋਂ ਸ: ਜਸਪਾਲ ਸਿੰਘ ਦੀ ਬਹਾਲੀ ਦੀ ਸਿਫਾਰਿਸ਼ ਕਰਨ ਤੋਂ ਬਾਅਦ ਗ੍ਰਹਿ ਵਿਭਾਗ ਨੇ ਜੇਲ੍ਹ ਵਿਭਾਗ ਤੋਂ ਇਸ ਬਾਰੇ ਟਿੱਪਣੀ ਮੰਗੀ ਹੈ।

ਉਨ੍ਹਾਂ ਵੱਲੋਂ ਮੁਅੱਤਲ ਕੀਤੇ ਜੇਲ੍ਹ ਸੁਪਰਡੈਂਟ ਦੇ ਸੰਬੰਧ ਵਿਚ ਡੀ.ਜੀ.ਪੀ. ਸ੍ਰੀ ਦਿਨਕਰ ਗੁਪਤਾ ਵੱਲੋਂ ਬਹਾਲੀ ਲਈ ਕੀਤੀ ਸਿਫਾਰਿਸ਼ ਬਾਰੇ ਯੈੱਸ ਪੰਜਾਬ ਵੱਲੋਂ ਪੁੱਛੇ ਜਾਣ ’ਤੇ ਜੇਲ੍ਹ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜੇਲ੍ਹ ਸੁਪਰਡੈਂਟ ਜਸਪਾਲ ਸਿੰਘ ਜੇਲ੍ਹ ਮਹਿਕਮੇ ਦਾ ਅਧਿਕਾਰੀ ਨਹੀਂ ਸਗੋਂ ਪੁਲਿਸ ਦਾ ਅਧਿਕਾਰੀ ਹੈ ਅਤੇ ਮੁਅੱਤਲੀ ਮਗਰੋਂ ਉਹ ਆਪਣੇ ਮੂਲ ਵਿਭਾਗ ਵਿਚ ਵਾਪਿਸ ਚਲਾ ਗਿਆ ਸੀ।

ਉਹਨਾਂ ਕਿਹਾ ਕਿ ਉਸਦੀ ਬਹਾਲਗੀ ਦੀ ਸਿਫਾਰਿਸ਼ ਬਾਰੇ ਤਾਂ ਗ੍ਰਹਿ ਸਕੱਤਰ ਜਾਂ ਫ਼ਿਰ ਡੀ.ਜੀ.ਪੀ. ਹੀ ਦੱਸ ਸਕਦੇ ਹਨ ਪਰ ਇਹ ਗੱਲ ਸਪਸ਼ਟ ਹੈ ਕਿ ਸ: ਜਸਪਾਲ ਸਿੰਘ ਹੁਣ ਜੇਲ੍ਹ ਵਿਭਾਗ ਵਿਚ ਬਹਾਲ ਨਹੀਂ ਹੋਣਗੇ ਸਗੋਂ ਆਪਣੇ ਮੂਲ ਵਿਭਾਗ ਭਾਵ ਪੁਲਿਸ ਵਿਭਾਗ ਵਿਚ ਹੀ ਬਹਾਲ ਹੋਣਗੇ। ਉਹਨਾਂ ਕਿਹਾ ਕਿ ਇਹ ਬਿਲਕੁਲ ਗੁਰਦਾਸਪੁਰ ਦੇ ਜੇਲ੍ਹ ਸੁਪਰਡੈਂਅ ਸ: ਰਣਧੀਰ ਸਿੰਘ ਉੱਪਲ ਵਰਗਾ ਮਾਮਲਾ ਹੈ। ਉਨ੍ਹਾਂ ਨੂੰ ਵੀ ਮੁਅੱਤਲ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਬਹਾਲੀ ਮੁੜ ਜੇਲ੍ਹ ਵਿਭਾਗ ਵਿਚ ਨਹੀਂ ਸਗੋਂ ਪੁਲਿਸ ਵਿਭਾਗ ਵਿਚ ਹੀ ਹੋਵੇਗੀ।

ਅਹਿਮ ਖ਼ਬਰਾਂ