ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਦਸੰਬਰ 9, 2024:
ਅਮਰੀਕੀ ਖੇਤੀ ਸਨਅਤ ਨੇ ਕਿਹਾ ਹੈ ਕਿ ਜੇਕਰ ਖੇਤੀ ਕਾਮਿਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਤਾਂ ਗੰਭੀਰ ਸੰਕਟ ਪੈਦਾ ਹੋ ਜਾਵੇਗਾ ਤੇ ਖੁਰਾਕ ਸਪਲਾਈ ਵਿਵਸਥਾ ਬੁਰੀ ਤਰਾਂ ਪ੍ਰਭਾਵਿਤ ਹੋਵੇਗੀ ਜੋ ਵੱਡੀ ਪੱਧਰ ‘ਤੇ ਬਿਨਾਂ ਦਸਤਾਵੇਜ਼ ਪ੍ਰਵਾਸੀਆਂ ਉਪਰ ਨਿਰਭਰ ਕਰਦੀ ਹੈ।
ਅਮਰੀਕੀ ਖੇਤੀ ਸਮੂੰਹਾਂ ਨੇ ਰਾਸ਼ਟਰਪਤੀ ਚੁਣੇ ਗਏ Donald Trump ਤੋਂ ਮੰਗ ਕੀਤੀ ਹੈ ਕਿ ਉਹ ਆਪਣੀ ਪ੍ਰਸਤਾਵਿਤ ਸਮੂਹਿਕ ਦੇਸ਼ ਨਿਕਾਲਾ ਯੋਜਨਾ ਵਿਚੋਂ ਖੇਤੀ ਕਾਮਿਆਂ ਨੂੰ ਛੋਟ ਦੇ ਦੇਣ। ਕਿਰਤ ਤੇ ਖੇਤੀਬਾੜੀ ਵਿਭਾਗ ਅਨੁਸਾਰ ਡੇਅਰੀ ਤੇ ਮੀਟ ਪੈਕਿੰਗ ਸਨਅਤ ਸਮੇਤ 20 ਲੱਖ ਖੇਤੀ ਕਾਮਿਆਂ ਵਿਚੋਂ ਤਕਰੀਬਨ ਅਧਿਆਂ ਕੋਲ ਲੋੜੀਂਦੇ ਦਸਤਾਵੇਜ਼ ਨਹੀਂ ਹਨ।
ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਨਾਂ ਕਾਮਿਆਂ ਨੂੰ ਦੇਸ਼ ਵਿਚੋਂ ਕੱਢ ਦੇਣ ਕਾਰਨ ਅਨਾਜ਼ ਉਤਪਾਦਨ ਉਪਰ ਬੁਰਾ ਪ੍ਰਭਾਵ ਪਵੇਗਾ, ਜਰੂਰੀ ਵਸਤਾਂ ਦੀਆਂ ਕੀਮਤਾਂ ਵਧ ਜਾਣਗੀਆਂ ਤੇ ਛੋਟਾ ਕਿਸਾਨੀ ਭਾਈਚਾਰਾ ਬਰਬਾਦ ਹੋ ਜਾਵੇਗਾ।
ਮਿਸ਼ੀਗਨ ਸਟੇਟ ਯੁਨੀਵਰਸਿਟੀ ਵਿਖੇ ਫੂਡ ਇਕਨਾਮਿਕਸ ਪ੍ਰੋਫੈਸਰ ਡੇਵਿਡ ਓਰਟੇਗਾ ਨੇ ਖੇਤੀਬਾੜੀ ਖੇਤਰ ਵਿਚ ਪ੍ਰਵਾਸੀ ਕਿਰਤੀਆਂ ਦੀ ਅਹਿਮ ਭੂਮਿਕਾ ਬਾਰੇ ਗੱਲ ਕਰਦਿਆਂ ਕਿਹਾ ਹੈ ਕਿ ਉਹ ਇਕ ਜੂਰਰੀ ਭੂਮਿਕਾ ਨਿਭਾਅ ਰਹੇ ਹਨ ਜੋ ਭੂਮਿਕਾ ਨਿਭਾਉਣ ਲਈ ਅਮਰੀਕੀ ਕਾਮੇ ਸਮਰਥ ਨਹੀਂ ਹਨ ਜਾਂ ਉਹ ਨਿਭਾਉਣ ਲਈ ਤਿਆਰ ਨਹੀਂ ਹਨ। ਖੇਤੀ ਸਮੂਹਾਂ ਨੇ ਅਪਰਾਧੀ ਪਰਵਾਸੀਆਂ ਨੂੰ ਦੇਸ਼ ਵਿਚੋਂ ਕੱਢਣ ਦਾ ਸਵਾਗਤ ਕੀਤਾ ਹੈ।
ਡੇਵ ਪੁਗਲਿਆ ਪ੍ਰਧਾਨ ਵੈਸਟਰਨ ਗਰੋਅਰਜ ਨੇ ਕਿਹਾ ਹੈ ਕਿ ਜੇਕਰ ਭੋਜਨ ਖੇਤਰ ਨਾਲ ਵਿਚਲੇ ਪ੍ਰਵਾਸੀ ਵਰਕਰਾਂ ਨੂੰ ਪ੍ਰਸਤਾਵਿਤ ਦੇਸ਼ ਨਿਕਾਲਾ ਯੋਜਨਾ ਵਿਚ ਸ਼ਾਮਿਲ ਕਰ ਲਿਆ ਗਿਆ ਤਾਂ ਖੇਤੀ ਸੈਕਟਰ ਨੂੰ ਤਬਾਹਕੁੰਨ ਸਿੱਟਿਆਂ ਦਾ ਸਾਹਮਣਾ ਕਰਨਾ ਪਵੇਗਾ।
ਕੈਲੀਫੋਰਨੀਆ ਦੀ ਸੈਂਟਰਲ ਵੈਲੀ ਦੇ ਵਸਨੀਕ ਰਿਪਬਲੀਕਨ ਪਾਰਟੀ ਨਾਲ ਸਬੰਧਿਤ ਕਿਸਾਨ ਜੌਹਨ ਡੁਆਰਟ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਜਿਨਾਂ ਪ੍ਰਵਾਸੀ ਪਰਿਵਾਰਾਂ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਹੈ ਤੇ ਲੰਬੇ ਸਮੇ ਤੋਂ ਅਮਰੀਕਾ ਵਿਚ ਕੰਮ ਕਰ ਰਹੇ ਹਨ, ਨੂੰ ਸੁਰੱਖਿਅਤ ਕੀਤਾ ਜਾਵੇ।
ਉਨਾਂ ਕਿਹਾ ਕਿ ਉਹ ਚਹੁੰਦੇ ਹਨ ਕਿ ਇਨਾਂ ਪਰਿਵਾਰਾਂ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ। ਡੁਆਰਟ ਨੇ ਇਨਾਂ ਪਰਿਵਾਰਾਂ ਨੂੰ ਸਥਾਈ ਕਾਨੂੰਨੀ ਰੁੱਤਬਾ ਦੇਣ ਦਾ ਸੁਝਾਅ ਦਿੱਤਾ ਹੈ।
ਟਰੰਪ ਦੇ ਵਾਅਦੇ ਅਨੁਸਾਰ ਕਿਸੇ ਵੀ ਬਿਨਾਂ ਦਸਤਾਵੇਜ਼ ਪ੍ਰਵਾਸੀ ਨੂੰ ਛੋਟ ਮਿਲਣ ਦੀ ਸੰਭਾਵਨਾ ਨਹੀਂ ਹੈ। ਟਰੰਪ ਦੇ ਬੁਲਾਰੇ ਕਾਰੋਲਾਈਨ ਲੀਵਿਟ ਨੇ ਪ੍ਰਸ਼ਾਸਨ ਦੀ ਵਾਅਦਿਆਂ ਪ੍ਰਤੀ ਵਚਨਬੱਧਤਾ ਨੂੰ ਦੁਹਰਾਇਆ ਹੈ ਤੇ ਕਿਹਾ ਹੈ ਕਿ ਟਰੰਪ ਨੂੰ ਅਪਰਾਧੀ ਪ੍ਰਵਾਸੀਆਂ ਨੂੰ ਦੇਸ਼ ਵਿਚੋਂ ਕੱਢਣ ਤੇ ਆਰਥਕ ਖੁਸ਼ਹਾਲੀ ਸਮੇਤ ਸਮੁੱਚੇ ਵਾਅਦੇ ਪੂਰੇ ਕਰਨ ਲਈ ਹੀ ਅਮਰੀਕੀ ਲੋਕਾਂ ਨੇ ਵੋਟਾਂ ਪਾਈਆਂ ਹਨ।