ਜਲੰਧਰ ਦੇ ਡੀ.ਸੀ. ਵੱਲੋਂ ਸਿਵਲ ਹਸਪਤਾਲ ਦੇ ਮਰੀਜ਼ਾਂ ਨੂੰ ਰੇਲਵੇ ਸਟੇਸ਼ਨ ਦੇ ਬਾਹਰ ਛੱਡਣ ਦੇ ਮਾਮਲੇ ’ਚ ਜਾਂਚ ਦੇ ਹੁਕਮ

ਜਲੰਧਰ, 19 ਸਤੰਬਰ, 2020 –

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਰੇਲਵੇ ਸਟੇਸ਼ਨ ਦੇ ਬਾਹਰ ਬਿਮਾਰ ਮਰੀਜ਼ਾਂ ਨੂੰ ਛੱਡਣ ਦੇ ਮਾਮਲੇ ਵਿੱਚ ਜਾਂਚ ਦੇ ਹੁਕਮ ਦਿੱਤੇ ਹਨ। ਇਹ ਮਾਮਲਾ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ, ਜਿਸ ਦਾ ਗੰਭੀਰ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਮਾਮਲੇ ਦੀ ਜਾਂਚ ਸਹਾਇਕ ਕਮਿਸ਼ਨਰ ਨੂੰ ਸੌਂਪਦਿਆਂ ਵਿਸਤ੍ਰਿਤ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਹਨ ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਈਐਸਆਈ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਨੂੰ ਰੇਲਵੇ ਸਟੇਸ਼ਨ ਦੇ ਬਾਹਰ ਛੱਡਣ ਅਤੇ ਉਥੇ ਸਿਹਤ ਸੇਵਾਵਾਂ ਬਹੁਤ ਤਰਸਯੋਗ ਹਾਲਤ ਹੋਣ ਦਾ ਮਾਮਲਾ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ, ਜਿਸ ਸਬੰਧੀ ਪ੍ਰਸ਼ਾਸਨਿਕ ਅਧਿਕਾਰੀ ਹਸਪਤਾਲ ਦਾ ਦੌਰਾ ਕਰਨਗੇ ਉਥੇ ਇਲਾਜ ਅਤੇ ਸਹੂਲਤਾਂ ਦੇ ਪੱਧਰ ਦਾ ਜਾਇਜ਼ਾ ਲੈਣਗੇ ਅਤੇ ਵਿਸਥਾਰਤ ਰਿਪੋਰਟ ਉਨ੍ਹਾਂ (ਡਿਪਟੀ ਕਮਿਸ਼ਨਰ) ਨੂੰ ਸੌਂਪੀ ਜਾਵੇਗੀ।

ਇਸ ਦੌਰਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੋਵੇਂ ਬੇਸਹਾਰਾ ਮਰੀਜ਼ਾਂ ਦੇ ਬਿਹਤਰ ਇਲਾਜ ਨੂੰ ਯਕੀਨੀ ਬਣਾਏਗੀ ਅਤੇ ਹਸਪਤਾਲ ਵਿੱਚ ਉਨ੍ਹਾਂ ਦੇ ਇਲਾਜ ਅਤੇ ਖੁਰਾਕ ਦਾ ਖਰਚਾ ਚੁੱਕੇਗੀ।ਡੀਸੀ ਨੇ ਦੱਸਿਆ ਕਿ ਰੈੱਡ ਕਰਾਸ ਸੁਸਾਇਟੀ ਦੇ ਸੈਕਟਰੀ ਨੂੰ ਨਿੱਜੀ ਤੌਰ ‘ਤੇ ਈਐਸਆਈ ਹਸਪਤਾਲ ਦਾ ਦੌਰਾ ਕਰਨ ਤੇ ਉਥੇ ਦਾਖਲ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਰੈਡ ਕਰਾਸ ਸੁਸਾਇਟੀ ਦੇ ਸੈਕਟਰੀ ਇੰਦਰਦੇਵ ਸਿੰਘ ਨੇ ਈਐਸਆਈ ਹਸਪਤਾਲ ਦਾ ਦੌਰਾ ਕੀਤਾ ਅਤੇ ਉਥੇ ਦਾਖਲ ਹੋਏ ਦੋਵਾਂ ਮਰੀਜ਼ਾਂ ਦੀ ਮਦਦ ਕੀਤੀ। ਸ੍ਰੀ ਸਿੰਘ ਨੇ ਕਿਹਾ ਕਿ ਸੁਸਾਇਟੀ ਵੱਲੋਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਨਿਰਦੇਸ਼ਾਂ ’ਤੇ ਮਰੀਜ਼ਾਂ ਨੂੰ ਨਵੇਂ ਕਪੜੇ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਰੈਡ ਕਰਾਸ ਸੁਸਾਇਟੀ ਵੱਲੋਂ ਪ੍ਰਵਾਸੀ ਮਜ਼ਦੂਰ ਨੂੰ ਇਲਾਜ ਤੋਂ ਬਾਅਦ ਆਪਣੇ ਘਰ ਪਰਤਣ ਲਈ ਮਦਦ ਦੀ ਪੇਸ਼ਕਸ਼ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਇਕ ਪ੍ਰਵਾਸੀ ਮਜ਼ਦੂਰ ਹੈ, ਜੋ ਕਿ ਸੜਕ ਹਾਦਸੇ ਤੋਂ ਬਾਅਦ ਇਥੇ ਦਾਖਲ ਹੋਇਆ ਸੀ ।

ਮਾਮਲੇ ਦੀ ਗੰਭੀਰਤਾ ਨੂੰ ਧਿਆਨ ਵਿਚ ਰੱਖਦਿਆਂ ਸ੍ਰੀ ਥੋਰੀ ਨੇ ਕਿਹਾ ਕਿ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਕਿਸੇ ਕਿਸਮ ਦੀ ਲਾਪ੍ਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਮਾਮਲੇ ਦੀ ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਵਿਸ਼ੇਸ਼ ਤੌਰ ‘ਤੇ ਇਸ ਮੁਸ਼ਕਿਲ ਸਮੇਂ ਵਿਚ ਉੱਚ ਪੱਧਰੀ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਨੂੰ ਮੁੜ ਦੋਹਰਾਇਆ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

ਅਹਿਮ ਖ਼ਬਰਾਂ