ਯੈੱਸ ਪੰਜਾਬ
ਨਵੀਂ ਦਿੱਲੀ, 1 ਅਕਤੂਬਰ, 2023:
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਵਿੱਚ ਇਕ ਵੱਡਾ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਵਾਸਤੇ ਪਾਕਿਸਤਾਨ ਨੂੰ ਰਵਾਨਾ ਹੋਇਆ।
ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਪਿਛਲੀ ਦਿਨੀਂ ਅਸੀਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਸੀ ਤਾਂ ਉਸ ਵੇਲੇ ਉਥੋਂ ਦੇ ਪ੍ਰਬੰਧਕਾਂ ਤੇ ਹੈਡ ਗ੍ਰੰਥੀ ਸਾਹਿਬ ਨੇ ਦਿੱਲੀ ਗੁਰਦੁਆਰਾ ਕਮੇਟੀ ਨਾਲ ਇਹ ਗਿਲਾ ਸਾਂਝਾ ਕੀਤਾ ਸੀ ਕਿ ਸਿੱਖ ਜਿੱਥੇ ਵੀ ਵੱਸਦਾ ਹੈ ਉਹ 1947 ਤੋਂ ਬਾਅਦ ਦੇ ਜਿਹੜੇ ਗੁਰਧਾਂਮ ਪਾਕਿਸਤਾਨ ਵਿੱਚ ਰਹਿ ਗਏ ਸਨ ਉਹਨਾਂ ਦੇ ਖੁਲ੍ਹੇ ਦਰਸ਼ਨ ਦੀਦਾਰੇ ਦੀਆਂ ਅਰਦਾਸਾਂ ਕਰਦਾ ਸੀ ਪਰ ਜੇਕਰ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦੀ ਮਿਹਰਬਾਨੀ ਸਦਕਾ ਇਹ ਲਾਂਘਾ ਖੁੱਲਿਆ ਹੈ ਤਾਂ ਜਿੰਨੀ ਸਾਨੂੰ ਆਸ ਸੀ ਕਿ ਸਿੱਖ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਆਇਆ ਕਰਨਗੇ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਇੱਥੇ ਰੋਜ਼ਾਨਾ 100 ਤੋਂ 150 ਸਿੱਖ ਮਸਾਂ ਦਰਸ਼ਨਾਂ ਲਈ ਆਉਂਦੇ ਹਨ।
ਉਹਨਾਂ ਕਿਹਾ ਕਿ ਇਸ ਗਲੇ ਨੂੰ ਦੂਰ ਕਰਨ ਵਾਸਤੇ ਅਸੀਂ ਆਪਣਾ ਬਣਦਾ ਫਰਜ਼ ਅਦਾ ਕਰਨ ਦਿੱਲੀ ਤੋਂ ਸੰਗਤਾਂ ਦਾ ਇੱਕ ਵੱਡਾ ਜੱਥਾ ਗਣੇਸ਼ ਨਗਰ ਅਤੇ ਓਲਡ ਮਹਾਂਵੀਰ ਨਗਰ ਦਿੱਲੀ ਤੋਂ ਲੈ ਕੇ ਡੇਰਾ ਬਾਬਾ ਨਾਨਕ ਕੋਰੀਡੋਰ ਪਹੁੰਚੇ ਹਾਂ ਤੇ ਸ਼ੁਰੂਆਤ ਕੀਤੀ ਹੈ । ਉਹਨਾਂ ਕਿਹਾ ਕਿ ਇਹ ਜੱਥਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਡੇਰਾ ਬਾਬਾ ਨਾਨਕ ਕੋਰੀਡੋਰ ਤੋਂ ਰਵਾਨਾ ਹੋਇਆ ਹੈ ਜੋ ਦਰਸ਼ਨਾਂ ਮਗਰੋਂ ਵਾਪਸ ਪਰਤੇਗਾ। ਉਨਾਂ ਕਿਹਾ ਕਿ ਕਰਤਾਰਪੁਰ ਸਾਹਿਬ ਵਾਲਾ ਕੋਰੀਡੋਰ ਦੋਵੇਂ ਪਾਸੇ ਇੱਕ ਦਿਨ ਵਿੱਚ 20 ਹਜ਼ਾਰ ਸ਼ਰਧਾਲੂਆਂ ਲਘਾਉਣ ਸਮਰੱਥਾ ਰੱਖਦਾ ਹੈ ਪਰ ਅਫਸੋਸ ਨਾਲ ਉੱਥੇ 100 – 200 ਤੋਂ ਵੱਧ ਸ਼ਰਧਾਲੂ ਵੀ ਨਹੀਂ ਪਹੁੰਚਦੇ।
ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਮੇਟੀ ਦੇ ਮੈਂਬਰਾਂ , ਤਖਤ ਹਜ਼ੂਰ ਸਾਹਿਬ ਅਤੇ ਤਖਤ ਪਟਨਾ ਸਾਹਿਬ ਦੇ ਬੋਰਡ ਦੇ ਅਧਿਕਾਰੀਆਂ ਤੇ ਭਾਰਤ ਵਿੱਚ ਜਿੰਨੇ ਵੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਤੇ ਪ੍ਰਬੰਧਕੀ ਕਮੇਟੀਆਂ ਹਨ, ਨੂੰ ਨਿਮਰਤਾ ਭਰੀ ਅਪੀਲ ਕੀਤੀ ਹੈ ਕਿ ਉਹ ਆਪਣੀ ਸਮਰੱਥਾ ਅਨੁਸਾਰ ਜੱਥੇ ਲੈ ਕੇ ਕਰਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨ ਕਰਨ ਲਈ ਜਰੂਰ ਜਾਣ ਤਾਂ ਜੋ ਪਾਕਿਸਤਾਨੀ ਤੇ ਭਾਰਤੀ ਅਧਿਕਾਰੀਆਂ ਦਾ ਇਹ ਗਿਲਾ ਦੂਰ ਕੀਤਾ ਜਾ ਸਕੇ ਕਿ ਜਿਹੜੇ ਸੀਮਤ ਸ਼ਰਧਾਲੂ ਆ ਰਹੇ ਸਨ ਉਹ ਹੁਣ ਖੁੱਲੇ ਵੱਡੀ ਗਿਣਤੀ ਵਿੱਚ ਆਉਣ ਲੱਗ ਗਏ ਹਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ