ਯੈੱਸ ਪੰਜਾਬ
ਮਾਨਸਾ, 23 ਜਨਵਰੀ, 2025
ਘਰੇਲੂ ਹਿੰਸਾ ਦਾ ਮੁੱਖ ਕਾਰਨ ਨਸ਼ਾ ਅਤੇ ਬਾਹਰੀ ਸਬੰਧ ਹਨ। ਸਾਡੇ ਕੋਲ ਕਮਿਸ਼ਨ ਵਿੱਚ ਬਹੁਤ ਸਾਰੇ ਕੇਸ ਅਜਿਹੇ ਆਉਂਦੇ ਹਨ ਜਿਨਾਂ ਵਿੱਚ ਔਰਤ ਦੀ ਉਸਦੇ ਪਤੀ ਵੱਲੋਂ ਕੁੱਟ ਮਾਰ ਸਿਰਫ ਤੇ ਸਿਰਫ ਦੋਨੋਂ ਕਾਰਨਾਂ ਦੇ ਕਰਕੇ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ 60% ਕੇਸ ਤਾਂ ਝੂਠੇ ਵੀ ਹੁੰਦੇ ਹਨ।
ਅੱਜ ਲਿਵ ਇਨ ਰਿਲੇਸ਼ਨਸ਼ਿਪ ਸਿਰਫ ਨੌਜਵਾਨ ਮੁੰਡੇ ਕੁੜੀਆਂ ਵਿੱਚ ਹੀ ਨਹੀਂ ਸਗੋਂ ਵਡੇਰੀ ਉਮਰ ਦੇ ਲੋਕਾਂ ਵਿੱਚ ਵੀ ਇਹ ਦੇਖਣ ਨੂੰ ਮਿਲਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਦਿਸ਼ਾ ਵੋਮੈਨ ਵੈੱਲਫੇਅਰ ਟਰੱਸਟ (ਰਜਿ) Punjab ਵੱਲੋਂ ਕਰਵਾਏ ਗਏ ਇੱਕ ਸੂਬਾ ਪੱਧਰੀ ਪ੍ਰੋਗਰਾਮ ” ਅਸੀਂ ਮਹਿਲਾਵਾਂ : ਸਾਡੇ ਹੱਕ, ਫਰਜ ਅਤੇ ਸਮਾਜ ” ਦੇ ਵਿਸ਼ੇ ਉੱਪਰ ਬੋਲਦਿਆਂ Punjab ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ Raj Lali Gill ਨੇ ਕੀਤਾ।
ਦੱਸਣਾ ਬਣਦਾ ਹੈ ਕਿ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਲਈ ਕੰਮ ਕਰਨ ਵਾਲੀ ਸੰਸਥਾ ਦਿਸ਼ਾ ਵੋਮੈਨ ਟਰੱਸਟ ਵੱਲੋਂ ਚੰਡੀਗੜ੍ਹ ਵਿੱਚ ਟਰੱਸਟ ਪ੍ਰਧਾਨ ਹਰਦੀਪ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਲਗਭਗ 150 ਮਹਿਲਾਵਾਂ ਨੇ ਭਾਗ ਲਿਆ। ਪ੍ਰੋਗਰਾਮ ਦੀ ਖੂਬਸੂਰਤੀ ਇਹ ਸੀ ਕਿ ਇਸ ਪ੍ਰੋਗਰਾਮ ਵਿੱਚ ਲਗਭਗ ਹਰ ਖੇਤਰ ਤੋਂ ਸਸ਼ਕਤ ਮਹਿਲਾਵਾਂ ਨੇ ਸ਼ਿਰਕਤ ਕੀਤੀ । ਪ੍ਰੋਗਰਾਮ ਵਿੱਚ ਸੀਨੀਅਰ ਪੱਤਰਕਾਰ ਸਰਦਾਰ ਤਰਲੋਚਨ ਸਿੰਘ, ਜੈ ਸਿੰਘ ਛਿੱਬਰ ਅਤੇ ਸਿਮਰਨਜੋਤ ਸਿੰਘ ਮੱਕੜ ਹੁਰਾਂ ਵੱਲੋਂ ਮਹਿਲਾਵਾਂ ਨੂੰ ਵਿਸ਼ੇ ਦੇ ਨਾਲ ਸੰਬੰਧਿਤ ਸਵਾਲ ਪੁੱਛੇ ਗਏ।
ਇਹ ਇੱਕ ਅਜਿਹਾ ਮੰਚ ਸੀ ਜਿੱਥੇ ਮਹਿਲਾਵਾਂ ਨੇ ਆਪ ਆਪਣੀਆਂ ਸਮੱਸਿਆਵਾਂ ਦਾ ਹੱਲ ਦੱਸਿਆ । ਘਰੇਲੂ ਹਿੰਸਾ , ਲਿਵ ਇਨ ਰਿਲੇਸ਼ਨਸ਼ਿਪ, ਤਲਾਕ, ਮਹਿਲਾਵਾਂ ਦੇ ਹੱਕ ਅਤੇ ਫਰਜ਼, ਕੰਮਕਾਜੀ ਥਾਵਾਂ ਤੇ ਔਰਤਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਆਦਿ ਸਬੰਧੀ ਖੁੱਲ ਕੇ ਚਰਚਾ ਹੋਈ। ਇਸ ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਬਠਿੰਡਾ ਤੋਂ ਉਚੇਚੇ ਤੌਰ ਤੇ ਚੰਡੀਗੜ੍ਹ ਪਹੁੰਚੀ ਪੱਤਰਕਾਰ ਅਕਾਂਕਸ਼ਾ ਵੱਲੋਂ ਕੀਤਾ ਗਿਆ।