ਯੈੱਸ ਪੰਜਾਬ
ਚੰਡੀਗੜ੍ਹ, 18 ਮਈ, 2025
ਯੂਟਿਊਬਰ Jyoti Malhotra, ਜਿਸਨੂੰ Haryana ਦੇ ਹਿਸਾਰ ਵਿਖੇ ਜਾਸੂਸੀ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ, ਨੂੰ ਪਾਕਿਸਤਾਨ ਵਿੱਚ ਹਰ ਥਾਂ ਆਸਾਨੀ ਨਾਲ ਦਾਖ਼ਲਾ ਮਿਲ ਜਾਂਦਾ ਸੀ।
ਸਰੋਤਾਂ ਮੁਤਾਬਕ, ਪੁੱਛਗਿੱਛ ਦੌਰਾਨ ਉਸਨੇ ਦੱਸਿਆ ਕਿ ਉਹ ਪਾਕਿਸਤਾਨ ਵਿੱਚ ਆਜ਼ਾਦੀ ਨਾਲ ਘੁੰਮਦੀ ਫਿਰਦੀ ਰਹੀ। ਆਮ ਤੌਰ ਤੇ, ਜਦੋਂ ਕੋਈ ਭਾਰਤੀ ਨਾਗਰਿਕ ਪਾਕਿਸਤਾਨ ਜਾਂਦਾ ਹੈ, ਤਾਂ ਪੁਲਿਸ ਪੱਧਰ ’ਤੇ ਉਸ ਦੀ ਨਿਗਰਾਨੀ ਕੀਤੀ ਜਾਂਦੀ ਹੈ ਅਤੇ ਉਹ ਸਿਰਫ਼ ਵੀਜ਼ੇ ਉੱਤੇ ਦਰਜ ਥਾਵਾਂ ‘ਤੇ ਹੀ ਜਾ ਸਕਦਾ ਹੈ।
ਪਰ ਮਲਹੋਤਰਾ ਨੂੰ ਪਾਕਿਸਤਾਨ ਹਾਈ ਕਮਿਸ਼ਨ ਦੇ ਅਧਿਕਾਰੀ ਦਾਨਿਸ਼ ਅਤੇ ਹੋਰ ਖੁਫੀਆ ਅਧਿਕਾਰੀਆਂ ਨਾਲ ਸੰਬੰਧ ਹੋਣ ਕਰਕੇ ਵੀ.ਆਈ.ਪੀ. ਸਲੂਕ ਮਿਲਦਾ ਸੀ। ਪਾਕਿਸਤਾਨੀ ਪੁਲਿਸ ਵੱਲੋਂ ਵੀ ਉਸਨੂੰ ਸੁਰੱਖਿਆ ਦਿੱਤੀ ਜਾਂਦੀ ਸੀ।
ਮਲਹੋਤਰਾ, ਜੋ ਪੰਜ ਦਿਨਾਂ ਪੁਲਿਸ ਰਿਮਾਂਡ ‘ਤੇ ਹੈ, ਪਾਕਿਸਤਾਨ ਵਿੱਚ ਉੱਚ ਪੱਧਰੀ ਪਾਰਟੀਆਂ ਵਿੱਚ ਸ਼ਾਮਲ ਹੁੰਦੀ ਸੀ ਜਿੱਥੇ ਉਹ ਇੰਟੈਲੀਜੈਂਸ ਅਧਿਕਾਰੀਆਂ ਸਮੇਤ ਕਈ ਉੱਚ ਅਧਿਕਾਰੀਆਂ ਨਾਲ ਮਿਲਦੀ ਸੀ।
ਸਰੋਤਾਂ ਨੇ ਦੱਸਿਆ ਕਿ ਹਿਸਾਰ ਪੁਲਿਸ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਉਸਨੇ ਇਸ ਗੱਲ ਦੀ ਪੁਸ਼ਟੀ ਕੀਤੀ।
ਉਹ ਦੋ ਵਾਰੀ ਕਸ਼ਮੀਰ ਵੀ ਗਈ। ਪਾਕਿਸਤਾਨ ਤੋਂ ਇਲਾਵਾ, ਉਹ ਇੰਡੋਨੇਸ਼ੀਆ ਦੇ ਬਾਲੀ ਅਤੇ ਨੇਪਾਲ ਵੀ ਗਈ, ਜਿੱਥੇ ਉਹ ਇੱਕ ਖੁਫੀਆ ਏਜੰਸੀ ਦੇ ਅਧਿਕਾਰੀ ਦੇ ਨਾਲ ਸੀ।
ਸਰੋਤਾਂ ਨੇ ਦੱਸਿਆ ਕਿ ਯੂਟਿਊਬ ਵੀਡੀਓ ਬਣਾਉਣ ਦੇ ਬਹਾਨੇ ਉਹ ਭਾਰਤ ਬਾਰੇ ਖੁਫੀਆ ਜਾਣਕਾਰੀ ਇਕੱਠੀ ਕਰਕੇ ਪਾਕਿਸਤਾਨ ਭੇਜ ਰਹੀ ਸੀ।
23 ਮਾਰਚ ਨੂੰ ਉਹ ਨਵੀਂ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਗਈ, ਜਿੱਥੇ ਇਕ ਇਫ਼ਤਾਰ ਪਾਰਟੀ ਵਿੱਚ ਸ਼ਾਮਲ ਹੋਈ। ਉਸਨੇ ਇਸ ਪਾਰਟੀ ਦੀ ਵੀਡੀਓ ਆਪਣੇ ਚੈਨਲ ਉੱਤੇ ਅਪਲੋਡ ਕੀਤੀ। ਪਾਰਟੀ ਦੌਰਾਨ, ਦਾਨਿਸ਼ ਨੇ ਉਸਦਾ ਸਵਾਗਤ ਕੀਤਾ ਅਤੇ ਦੋਹਾਂ ਵਿਚਕਾਰ ਬਹੁਤ ਹੀ ਗੂੜੀ ਗੱਲਬਾਤ ਹੋਈ। ਦਾਨਿਸ਼ ਨੇ ਆਪਣੀ ਪਤਨੀ ਨਾਲ ਵੀ ਉਸ ਦੀ ਮੁਲਾਕਾਤ ਕਰਵਾਈ। ਮਲਹੋਤਰਾ ਨੇ ਪਾਰਟੀ ਦੌਰਾਨ ਕੁਝ ਚੀਨੀ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ। ਉਸਨੇ ਪੂਰੀ ਵੀਡੀਓ ਦੌਰਾਨ ਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਵਡਿਆਈ ਕੀਤੀ। ਉਸਨੇ ਦਾਨਿਸ਼ ਦੀ ਪਤਨੀ ਨੂੰ ਹਰਿਆਣਾ ਦੇ ਹਿਸਾਰ ਆਉਣ ਦਾ ਨਿਯੌਤਾ ਵੀ ਦਿੱਤਾ।
ਸਰੋਤਾਂ ਅਨੁਸਾਰ, ਮਲਹੋਤਰਾ ਹੁਣ ਤੱਕ ਪਾਕਿਸਤਾਨ, ਚੀਨ, ਨੇਪਾਲ, ਥਾਈਲੈਂਡ, ਭੂਟਾਨ, ਦੁਬਈ ਅਤੇ ਇੰਡੋਨੇਸ਼ੀਆ ਸਮੇਤ ਕਈ ਦੇਸ਼ਾਂ ਦੀ ਯਾਤਰਾ ਕਰ ਚੁੱਕੀ ਹੈ। ਉਹ ਸਦਾ ਫਰਸਟ ਕਲਾਸ ’ਚ ਯਾਤਰਾ ਕਰਦੀ, ਮਹਿੰਗੇ ਹੋਟਲਾਂ ਵਿੱਚ ਰਹਿੰਦੀ, ਉੱਚ ਪੱਧਰੀ ਰੈਸਟੋਰੈਂਟਾਂ ਵਿੱਚ ਖਾਣਾ ਖਾਂਦੀ ਅਤੇ ਜਿਊਲਰੀ ਦੀਆਂ ਦੁਕਾਨਾਂ ‘ਤੇ ਵੀ ਜਾਂਦੀ।
ਉਸਨੇ ਆਪਣੀ ਫਰਸਟ ਕਲਾਸ ਦੀ ਦੁਬਈ ਯਾਤਰਾ ਦੀ ਤਸਵੀਰ ਵੀ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ।
ਹਿਸਾਰ ਪੁਲਿਸ ਦੇ ਸਰੋਤਾਂ ਮੁਤਾਬਕ, ਮਲਹੋਤਰਾ 2024 ਵਿੱਚ ਪਾਕਿਸਤਾਨ ਤੋਂ ਤੁਰੰਤ ਬਾਅਦ ਚੀਨ ਗਈ ਸੀ, ਜਿਸ ਕਾਰਨ ਉਹ ਸੁਰੱਖਿਆ ਏਜੰਸੀਆਂ ਦੀ ਰਡਾਰ ’ਚ ਆਈ। ਅਪ੍ਰੈਲ 2024 ਵਿੱਚ ਉਹ ਲਗਭਗ 12 ਦਿਨ ਪਾਕਿਸਤਾਨ ਵਿੱਚ ਰਹੀ, ਤੇ ਫਿਰ ਜੂਨ ਵਿੱਚ ਚੀਨ ਗਈ। ਚੀਨ ਵਿੱਚ ਉਹ ਮਹਿੰਗੀਆਂ ਕਾਰਾਂ ਵਿੱਚ ਘੁੰਮਦੀ ਫਿਰਦੀ ਰਹੀ ਅਤੇ ਕਈ ਥਾਵਾਂ ‘ਤੇ ਜਿਊਲਰੀ ਦੀਆਂ ਦੁਕਾਨਾਂ ‘ਤੇ ਗਈ। ਇਸ ਕਾਰਨ ਭਾਰਤੀ ਏਜੰਸੀਆਂ ਨੂੰ ਉਸ ਦੀਆਂ ਨੀਅਤਾਂ ਅਤੇ ਖਰਚਿਆਂ ‘ਤੇ ਸ਼ੱਕ ਹੋਇਆ ਅਤੇ ਉਸ ਦੀ ਨਿਗਰਾਨੀ ਸ਼ੁਰੂ ਕੀਤੀ ਗਈ।
ਪੁੱਛਗਿੱਛ ਦੌਰਾਨ, ਮਲਹੋਤਰਾ ਨੇ ਦੱਸਿਆ ਕਿ ਉਸਨੇ ‘ਟ੍ਰੈਵਲ ਵਿਦ ਜੋ’ ਨਾਂਅ ਨਾਲ ਯੂਟਿਊਬ ਚੈਨਲ ਬਣਾਇਆ ਸੀ। ਉਹ ਪਾਕਿਸਤਾਨ ਦੀ ਯਾਤਰਾ ਕਰਨਾ ਚਾਹੁੰਦੀ ਸੀ। ਵੀਜ਼ਾ ਲੈਣ ਲਈ ਜਦੋਂ ਉਹ ਨਵੀਂ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਗਈ, ਤਾਂ ਉੱਥੇ ਉਸਦੀ ਮੁਲਾਕਾਤ ਦਾਨਿਸ਼ ਨਾਲ ਹੋਈ ਅਤੇ ਦੋਹਾਂ ਨੇ ਨੰਬਰ ਅਦਲਾ-ਬਦਲੀ ਕੀਤੇ।
ਜੋਤੀ ਨੇ ਪੁਲਿਸ ਨੂੰ ਦੱਸਿਆ ਕਿ ਪਹਿਲੀ ਮੁਲਾਕਾਤ ਵਿੱਚ ਦਾਨਿਸ਼ ਨੇ ਬਹੁਤ ਹੀ ਮਿੱਤਰਤਾ ਦਿਖਾਈ। 2023 ਵਿੱਚ ਉਸਨੂੰ 10 ਦਿਨਾਂ ਦਾ ਪਾਕਿਸਤਾਨ ਵੀਜ਼ਾ ਮਿਲਿਆ। ਦਾਨਿਸ਼ ਨੇ ਉਸਨੂੰ ਪਾਕਿਸਤਾਨ ਵਿੱਚ ਅਲੀ ਅਹਵਾਨ ਨਾਲ ਮਿਲਣ ਨੂੰ ਕਿਹਾ। ਅਲੀ ਨੇ ਉਸਦੇ ਰਹਿਣ-ਸਹਿਣ ਦੀ ਵਿਵਸਥਾ ਕੀਤੀ।
ਅਲੀ ਨੇ ਉਸਦੀ ਮੁਲਾਕਾਤ ਪਾਕਿਸਤਾਨ ਦੀ ਖੁਫੀਆ ਏਜੰਸੀ ਦੇ ਅਧਿਕਾਰੀਆਂ ਨਾਲ ਕਰਵਾਈ। ਉਸਨੇ ਸ਼ਾਕਿਰ ਅਤੇ ਰਾਣਾ ਸ਼ਹਬਾਜ਼ ਨਾਲ ਮਿਲਵਾਇਆ। ਦੋਹਾਂ ਪਾਕਿਸਤਾਨੀ ਖੁਫੀਆ ਏਜੰਸੀ ਦੇ ਅਧਿਕਾਰੀ ਨਿਕਲੇ। ਜੋਤੀ ਨੇ ਸ਼ਾਕਿਰ ਦਾ ਨੰਬਰ ਲੈ ਲਿਆ। ਪਾਕਿਸਤਾਨੀ ਨੰਬਰ ਨੂੰ ਆਪਣੇ ਮੋਬਾਈਲ ਵਿੱਚ ਛੁਪਾਉਣ ਲਈ, ਉਸਨੇ ਉਸ ਨੰਬਰ ਨੂੰ ‘ਜੱਟ ਰੰਧਾਵਾ’ ਦੇ ਨਾਂਅ ਨਾਲ ਸੇਵ ਕਰ ਲਿਆ।
ਵਾਪਸ ਆਉਣ ਤੋਂ ਬਾਅਦ, ਉਸਨੇ ਪਾਕਿਸਤਾਨੀ ਖੁਫੀਆ ਏਜੰਸੀਆਂ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਭਾਰਤ ਸੰਬੰਧੀ ਖੁਫੀਆ ਜਾਣਕਾਰੀ ਵਟਸਐਪ, ਸਨੈਪਚੈਟ, ਟੈਲੀਗ੍ਰਾਮ ਅਤੇ ਹੋਰ ਮਾਧਿਅਮਾਂ ਰਾਹੀਂ ਭੇਜਣੀ ਸ਼ੁਰੂ ਕਰ ਦਿੱਤੀ। ਹਾਲਾਂਕਿ, ਇਹ ਨਹੀਂ ਪਤਾ ਲੱਗ ਸਕਿਆ ਕਿ ਉਸਨੇ ਕਿਹੜੀ ਜਾਣਕਾਰੀ ਪਾਕਿਸਤਾਨ ਭੇਜੀ।
ਭਾਰਤੀ ਸੁਰੱਖਿਆ ਏਜੰਸੀਆਂ ਲੰਬੇ ਸਮੇਂ ਤੋਂ ਉਸ ਦੀ ਨਿਗਰਾਨੀ ਕਰ ਰਹੀਆਂ ਸਨ। ਜਦ ਸਹੀ ਸਬੂਤ ਮਿਲੇ, ਤਾਂ ਪੁਲਿਸ 15 ਮਈ ਨੂੰ ਸਵੇਰੇ 10 ਵਜੇ ਉਸ ਦੇ ਘਰ ਆਈ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
ਜੋਤੀ ਤੋਂ ਇਲਾਵਾ, ਉਸ ਦੇ ਪਿਤਾ ਅਤੇ ਚਾਚਾ ਸਮੇਤ ਪਰਿਵਾਰ ਦੇ ਹੋਰ ਮੈਂਬਰਾਂ ਦੇ ਫ਼ੋਨ ਵੀ ਜਬਤ ਕਰ ਲਏ ਗਏ। ਉਸ ਦਾ ਲੈਪਟਾਪ ਵੀ ਲੈ ਲਿਆ ਗਿਆ। ਬਾਅਦ ਵਿੱਚ, ਪੁਲਿਸ ਜੋਤੀ ਨੂੰ ਪੁੱਛਗਿੱਛ ਲਈ ਲੈ ਗਈ ਪਰ ਰਾਤ 9 ਵਜੇ ਛੱਡ ਦਿੱਤਾ।
ਉਸ ਦੇ ਪਿਤਾ, ਹਰੀਸ਼ ਮਲਹੋਤਰਾ ਨੇ ਕਿਹਾ ਕਿ ਜੋਤੀ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹਨੂੰ ਫਸਾਇਆ ਜਾ ਰਿਹਾ ਹੈ।
“ਉਸ ਨੇ ਮੈਨੂੰ ਕਿਹਾ ਕਿ ਉਸਨੇ ਕੁਝ ਗਲਤ ਨਹੀਂ ਕੀਤਾ। ਅਗਲੇ ਦਿਨ ਸ਼ੁੱਕਰਵਾਰ ਸਵੇਰੇ ਉਸਨੂੰ ਮੁੜ ਪੁੱਛਗਿੱਛ ਲਈ ਬੁਲਾਇਆ ਗਿਆ। ਫਿਰ, ਸ਼ੁੱਕਰਵਾਰ ਰਾਤ ਹੀ ਪੁਲਿਸ ਉਸਨੂੰ ਘਰ ਲੈ ਆਈ। ਸਾਰਾ ਸਮਾਨ ਜਬਤ ਕਰਨ ਤੋਂ ਬਾਅਦ, ਪੁਲਿਸ ਜੋਤੀ ਨੂੰ ਮੁੜ ਥਾਣੇ ਲੈ ਗਈ। ਫਿਰ ਪਤਾ ਲੱਗਾ ਕਿ ਜੋਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।”
ਇਹ ਵੀ ਪੜ੍ਹੋ: Operation Sindoor ਬਾਰੇ ਗ਼ਲਤ ਟਿੱਪਣੀ ਦੇ ਦੋਸ਼ ਹੇਠ ਹਰਿਆਣਾ ਦੀ Ashoka University ਦਾ ਪ੍ਰੋਫ਼ੈਸਰ ਗ੍ਰਿਫ਼ਤਾਰ