ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਗੁਰਦਾਸਪੁਰ ਵਿੱਚ ਲਹਿਰਾਇਆ ਰਾਸ਼ਟਰੀ ਤਿਰੰਗਾ

ਯੈੱਸ ਪੰਜਾਬ
ਗੁਰਦਾਸਪੁਰ, 26 ਜਨਵਰੀ, 2022 –
ਸ੍ਰੀ ਰਾਣਾ ਗੁਰਜੀਤ ਸਿੰਘ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਰੁਜ਼ਗਾਰ ਉਤਪਤੀ ਤੇ ਸਿਖਲਾਈ ਅਤੇ ਬਾਗਬਾਨੀ ਵਿਭਾਗ, ਪੰਜਾਬ ਵਲੋਂ ਸਥਾਨਕ ਲੈਫ. ਨਵਦੀਪ ਸਿੰਘ (ਅਸੋਕ ਚੱਕਰ) ਖੇਡ ਸਟੇਡੀਅਮ ਵਿਖੇ ਮਨਾਏ ਗਏ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਮੌਕੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਤੇ ਜ਼ਿਲ੍ਹਾ ਵਾਸੀਆਂ ਨੂੰ ਆਪਣਾ ਸੰਦੇਸ਼ ਦਿੱਤਾ ਗਿਆ।

ਗਣਤੰਤਰ ਦਿਵਸ ਸਮਾਗਮ ਵਿਚ ਸ੍ਰੀ ਬਰਿੰਦਰਮੀਤ ਸਿੰਘ ਪਾਹੜਾ, ਹਲਕਾ ਵਿਧਾਇਕ ਗੁਰਦਾਸਪੁਰ, ਸ੍ਰੀ ਮੋਹਨੀਸ਼ ਚਾਵਲਾ ਆਈ.ਜੀ ਬਾਰਡਰ ਰੇਂਜ ਅੰਮ੍ਰਿਤਸਰ, ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ, ਸ੍ਰੀਮਤੀ ਰਾਮੇਸ਼ ਕੁਮਾਰੀ ਜ਼ਿਲ੍ਹਾ ਅਤੇ ਸ਼ੈਸਨ ਜੱਜ ਗੁਰਦਾਸਪੁਰ, ਡਾ. ਨਾਨਕ ਸਿੰਘ ਐਸ.ਐਸ.ਪੀ ਗੁਰਦਾਸਪੁਰ, ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ (ਜ), ਡਾ. ਅਮਨਦੀਪ ਕੋਰ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਅਮਨਪ੍ਰੀਤ ਸਿੰਘ ਐਸ.ਡੀ.ਐਮ ਗੁਰਦਾਸਪੁਰ ਸਮੇਤ ਪ੍ਰਮੁੱਖ ਹਸਤੀਆਂ ਮੌਜੂਦ ਸਨ।

ਜ਼ਿਲ੍ਹਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਕਿਹਾ ਕਿ ੍ਹਅੱਜ ਅਸੀਂ ਆਪਣੇ ਮੁਲਕ ਦਾ 73ਵਾਂ ਗਣਤੰਤਰ ਦਿਵਸ ਮਨਾ ਰਹੇ ਹਾਂ। ਮੈਂ ਸਾਡੀਆਂ ਹਥਿਆਰਬੰਦ ਫੌਜਾਂ ਦੇ ਬਹਾਦਰ ਸੈਨਿਕਾਂ, ਪੈਰਾ ਮਿਲਟਰੀ ਫੋਰਸਾਂ ਅਤੇ ਸੂਬਿਆਂ ਦੀਆਂ ਪੁਲਿਸ ਫੋਰਸਾਂ ਦੇ ਜਵਾਨਾਂ ਨੂੰ ਵੀ ਸਲਾਮ ਕਰਦਾ ਹਾਂ ਜੋ ਸਾਡੇ ਦੇਸ਼ ਦੀ ਅਖੰਡਤਾ ਅਤੇ ਏਕਤਾ ਦੀ ਰਾਖੀ ਕਰ ਰਿਹਾ ਹੈ। 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋ ਜਾਣ ਨਾਲ ਗਣਰਾਜ ਦੀ ਸਥਾਪਨਾ ਹੋਈ। ਅੱਜ ਦੇ ਦਿਨ ਮੈਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੂੰ ਵੀ ਸਿਜਦਾ ਕਰਦਾ ਹੈ।

ਉਨਾਂ ਨੇ ਅਜਿਹਾ ਸੰਵਿਧਾਨ ਬਣਾਇਆ, ਜਿਸ ਨੇ ਵੱਖ-ਵੱਖ ਧਰਮਾਂ, ਜਾਤਾਂ, ਸੱਭਿਆਚਾਰਾਂ ਵਾਲ ਮੁਲਕ ਨੂੰ ਇਕ ਮਾਲ ਵਿਚ ਪਰੋਇਆ ਅਤੇ ਅੱਜ ਸਾਡੇ ਮੁਲਕ ਨੂੰ ‘ਅਨੇਕਤਾ ਵਿਚ ਏਕਤਾ’ ਦੀ ਖੂਬਸੂਰਤ ਮਿਸਾਲ ਵਜੋਂ ਜਾਣਿਆਂ ਜਾਂਦਾ ਹੈ। ਉਨਾਂ ਕਿਹਾ ਕਿ ਹਜ਼ਾਰਾਂ ਕੁਰਬਾਨੀਆਂ ਬਾਅਦ ਭਾਰਤ ਦੇ ਆਜ਼ਾਦ ਹੋਣ ਉੱਤੇ ਸੰਵਿਧਾਨ ਸਭਾ ਦਾ ਐਲਾਨ ਕੀਤਾ ਗਿਆ ਸੀ।

ਡਾ. ਭੀਮ ਰਾਓ ਅੰਬਦੇਕਰ, ਪੰਡਿਤ ਜਵਾਹਰ ਲਾਲ ਨਹਿਰੂ, ਡਾ. ਰਾਜੇਂਦਰ ਪ੍ਰਸਾਦ, ਸਰਦਾਰ ਵੱਲਭ ਭਾਈ ਪਟੇਲ, ਮੌਲਾਨਾ ਅਬੁਲ ਕਲਾਮ ਆਜ਼ਾਦ, ਇਸ ਸਭਾ ਦੇ ਪ੍ਰਮੁੱਖ ਮੈਂਬਰ ਸਨ। ਡਰਾਫਟ ਕਮੇਟੀ ਦੇ ਚੈਅਰਮੈਨ ਡਾ. ਭੀਮ ਰਾਓ ਅੰਬੇਦਕਰ ਜੀ ਸਨ। ਇਸ ਕਮੇਟੀ ਨੇ 2 ਸਾਲ, 11 ਮਹੀਨੇ, 18 ਦਿਨਾਂ ਵਿਚ ਭਾਰਤੀ ਸੰਵਿਧਾਨ ਦਾ ਨਿਰਮਾਣ ਕੀਤਾ ਅਤੇ 26 ਨਵਬੰਰ 1949 ਨੂੰ ਸੰਵਿਧਾਨ ਸਭਾ ਦੇ ਪ੍ਰਧਾਨ ਡਾ. ਰਾਜੇਂਦਰ ਪ੍ਰਸਾਦ ਨੂੰ ਭਾਰਤ ਦਾ ਸੰਵਿਧਾਨ ਸੋਪਿਆ, ਇਸ ਲਈ 26 ਨਵੰਬਰ ਨੂੰ ਹਰ ਸਾਲ ਭਾਰਤ ਵਿਚ ਸੰਵਿਧਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ।

ਉਨਾਂ ਅੱਗੇ ਕਿਹਾ ਕਿ ਆਜ਼ਾਦੀ ਸੰਘਰਸ਼ ਦੌਰਾਨ 80 ਫੀਸਦੀ ਯੋਗਦਾਨ ਪੰਜਾਬੀਆਂ ਦਾ ਰਿਹਾ ਹੈ। ਸਾਡੇ ਪੰਜਾਬੀਆਂ ਨੇ ਕਾਲੇ ਪਾਣੀ ਵਰਗੀਆਂ ਸਖਤ ਸਜ਼ਾਵਾਂ ਹੱਸ-ਹੱਸ ਕੇ ਕੱਟੀਆਂ। ਅੰਡੇਮਾਨ ਨਿਕੋਬਾਰ ਦੀ ਸੈਲੂਲਰ ਜੇਲ੍ਹ ਮੈਂ ਖੁਦ ਜਾ ਕੇ ਦੇਖ ਕੇ ਆਇਆ ਕਿਵੇਂ ਪੰਜਾਬੀਆਂ ਨੇ ਕੁਰਬਾਨੀਆਂ ਕੀਤੀਆਂ। ਉਨਾਂ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਮਹਾਨ ਸੂਰਮੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਊਧਮ ਸਿੰਘ, ਲਾਲਾ ਹਰਦਿਆਲ ਵਰਗੇ ਸੂਰਬੀਰਾਂ ਨੂੰ ਵੀ ਅੱਜ ਮੈਂ ਸਿਜਦਾ ਕਰਦਾ ਹਾਂ।

ਆਪਣੇ ਸੰਬੋਧਨਨ ਵਿਚ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਸ਼ਹੀਦਾਂ ਦੀ ਯਾਦ ਵਿਚ ਸਥਾਪਤ ਕੀਤੀ ਗਈ ‘ਸ਼ਹੀਦ ਗੈਲਰੀ’ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਆਪਣੇ ਆਪ ਵਿਚ ਇਕ ਵੱਖਰੀ ਕਿਸਮ ਦੀ ਪਹਿਲਕਦਮੀ ਹੈ , ਜਿਸ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ, ਓਨੀ ਘੱਟ ਹੈ। ਉਨਾਂ ਕਿਹਾ ਕਿ ਸ਼ਹੀਦਾਂ ਨੂੰ ਯਾਦ ਰੱਖਣ ਦੇ ਮੰਤਵ ਨਾਲ ਸ਼ਹੀਦ ਗੈਲਰੀ ਸਥਾਪਤ ਕੀਤੀ ਗਈ ਹੈ, ਜੋ ਸਾਰਿਆਂ ਲਈ ਇਕ ਮਿਸਾਲ ਹੈ। ਉਨਾਂ ਕਿਹਾ ਕਿ ਸ਼ਹੀਦ ਸਾਡਾ ਕੀਮਤੀ ਸਰਮਾਇਆ ਹਨ ਅਤੇ ਉਨਾਂ ਵਲੋਂ ਦਿੱਤੀਆਂ ਕੁਰਬਾਨੀਆਂ ਕਾਰਨ ਹੀ ਅੱਜ ਅਸੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਅਤੇ ਲੋਕਤੰਤਰ ਪ੍ਰਣਾਲੀ ਦਾ ਹਿੱਸਾ ਹਾਂ।

ਉਨਾਂ ਅੱਗੇ ਕਿਹਾ ਕਿ ਅੱਜ ਸਮੁੱਚਾ ਰਾਸਟਰ ਗਣਤੰਤਰ ਦਿਵਸ ਮਨਾ ਰਿਹਾ ਹੈ ਅਤੇ ਇਸ ਮੌਕੇ ਸਾਨੂੰ ਸਾਰਿਆਂ ਨੂੰ ਪਰਣ ਕਰਨਾ ਚਾਹੀਦਾ ਹੈ ਇਸ ਮਹਾਨ ਮੁਲਕ ਨੂੰ ਹੋਰ ਬੁਲੰਦੀਆਂ ਉੱਤੇ ਪਹੁੰਚਾਉਣ ਲਈ ਅਸੀਂ ਸਿਰਤੋੜ ਯਤਨ ਜਾਰੀ ਰੱਖਾਂਗੇ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਬਰਕਰਾਰ ਰੱਖਾਂਗੇ।

ਉਨਾਂ ਅੱਗੇ ਕਿਹਾ ਕਿ ਜਮਹੂਰੀਅਤ ਵਿਚ ਲੋਕਾਂ ਦੀ, ਲੋਕਾਂ ਵਲੋਂ ਅਤੇ ਲੋਕਾਂ ਲਈ ਸਰਕਾਰ ਹੁੰਦੀ ਹੈ। ਪੰਜਾਬ ਵਿਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਅਤੇ ਮੈਂ ਸਾਰੇ ਵੋਟਰਾਂ ਨੂੰ ਅਪੀਲ ਕਰਦਾ ਹੈ ਕਿ ਉਹ ਬਿਨਾਂ ਜਾਤ, ਧਰਮ ਜਾਂ ਲਾਲਚ ਅਤੇ ਭੈਅ ਦੇ ਬਗੈਰ 20 ਫਰਵਰੀ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਅਤੇ ਇਹੀ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ ਹੋਵੇਗੀ। ਨਾਲ ਹੀ ਉਨਾਂ ਕਿਹਾ ਕਿ ਚੋਣਾਂ ਦੌਰਾਨ ਡਿਊਟੀ ਨਿਭਾ ਰਹੇ ਸਾਰੇ ਕਰਮਚਾਰੀਆਂ ਨੂੰ ਵੀ ਪੋਸਟਲ ਬੈਲਟ ਜ਼ਰੀਏ ਆਪਣੀ ਵੋਟ ਦੇ ਹੱਕ ਦਾ ਜਰੂਰ ਇਸਤੇਮਾਲ ਕਰਨਾ ਚਾਹੀਦਾ ਹੈ।

ਉਨਾਂ ਕੋਵਿਡ ਮਹਾਂਮਾਰੀ ਵਿਚ ਵਲੰਟੀਅਰਾਂ ਅਤੇ ਸਿਹਤ ਵਿਭਾਗ ਦੇ ਕਰਮੀਆਂ ਵਲੋਂ ਨਿਭਾਈਆਂ ਗਈਆਂ ਅਤੇ ਹੁਣ ਤੀਜੀ ਲਹਿਰ ਵਿਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੋਵਿਡ ਨੇ ਹਰੇਕ ਨੂੰ ਪ੍ਰਭਾਵਿਤ ਕੀਤਾ ਅਤੇ ਉਹ ਕਾਮਨਾ ਕਰਦੇ ਹਨ ਕਿ ਇਸ ਮਹਾਂਮਾਰੀ ਤੋਂ ਮਨੁੱਖਤਾ ਨੂੰ ਜਲਦ ਨਿਜਾਤ ਮਿਲੇ।

ਮੈਂ ਆਖਰ ਵਿਚ ਇਕ ਵਾਰ ਫਿਰ ਆਪ ਸਭ ਨੂੰ ਗਣਤੰਤਰ ਦਿਵਸ ਦੀ ਲੱਖ –ਲੱਖ ਮੁਬਾਰਕਾਂ ਦਿੰਦਾ ਹਾਂ। ਜੈ ਹਿੰਦ। ਜੈ ਪੰਜਾਬ।

ਉਪਰੰਤ ਮੁੱਖ ਮਹਿਮਾਨ ਵਲੋਂ ਸਮਾਗਮ ਵਿਚ ਪੁਹੰਚੇ ਸ਼ਹੀਦਾਂ ਦੇ ਪਰਿਵਾਰਿਕ ਮੈਂਬਰ ਅਤੇ ਵੀਰ ਨਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਵਲੋਂ ਸਮੁੱਚੀ ਪਰੇਡ ਦਾ ਨਿਰੀਖਣ ਵੀ ਕੀਤਾ ਗਿਆ ਤੇ ਕਲਵਿੰਦਰ ਸਿੰਘ ਵਿਰਕ, ਡੀ.ਐਸ.ਪੀ (ਦਿਹਾਤੀ) ਗੁਰਦਾਸਪੁਰ ਦੀ ਅਗਵਾਈ ਹੇਠ ਮਾਰਚ ਪਾਸਟ ਕੀਤਾ ਗਿਆ ।

ਇਸ ਮੌਕੇ ਸਰਕਾਰੀ ਕਾਲਜ ਗੁਰਦਾਸਪੁਰ ਅਤੇ ਗਿਆਨ ਅੰਜਨ ਪਬਲਿਕ ਹਾਈ ਸਕੂਲ ਗੁਰਦਾਸਪੁਰ ਦੇ ਅਧਿਆਪਕਾਂ ਵਲੋਂ ਸ਼ਬਦ ਗਾਇਨ ਅਤੇ ਦੇਸ਼ ਭਗਤੀ ਦਾ ਗੀਤ ਪੇਸ਼ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਖੇਤਰਾਂ ਵਿਚ ਉਪਲੱਬਧੀਆਂ ਹਾਸਲ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਜ਼ਿਲਾ ਪ੍ਰਸ਼ਾਸ਼ਨ ਵਲੋਂ ਮੁੱਖ ਮਹਿਮਾਨ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੀ ਤਸਵੀਰ ਦੇ ਕੇ ਸਨਮਾਨਤ ਕੀਤਾ ਗਿਆ।

ਇਸੇ ਤਰਾਂ ਅੱਜ ਪੂਰੇ ਜ਼ਿਲ੍ਹੇ ਅੰਦਰ ਗਣਤੰਤਰ ਦਿਵਸ ਪੂਰੇ ਉਤਸ਼ਾਹ ਤੇ ਜਾਹੋ ਜਲਾਲ ਨਾਲ ਮਨਾਇਆ ਗਿਆ। ਬਟਾਲਾ, ਡੇਰਾ ਬਾਬਾ ਨਾਨਕ, ਕਲਾਨੋਰ, ਦੀਨਾਨਗਰ, ਕਾਦੀਆਂ ਵਿਖੇ ਗਣਤੰਤਰ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ।

ਇਸ ਮੌਕੇ ਸਰਵ ਸ੍ਰੀ ਗੁਰਪ੍ਰੀਤ ਸਿੰਘ ਐਸ.ਪੀ ਹੈੱਡਕੁਆਟਰ, ਪਵਨਜੀਤ ਸਿੰਘ ਆਬਕਾਰੀ ਕਮਿਸ਼ਨਰ, ਜਗਤਾਰ ਸਿੰਘ ਤਹਿਸੀਲਦਾਰ ਡੀ.ਐਸ.ਪੀ ਸੁਖਪਾਲ ਸਿੰਘ, ਹਰਜਿੰਦਰ ਸਿੰਘ ਸੰਧੂ ਡੀ.ਡੀ.ਪੀ.ਓ, ਹਰਪਾਲ ਸਿੰਘ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਸ), ਮਦਨ ਲਾਲ ਸ਼ਰਮਾ ਜ਼ਿਲਾ ਸਿੱਖਿਆ ਅਫਸਰ (ਪ), ਸੰਜੇ ਕੁਮਾਰ, ਡੀ.ਐਸ.ਐਫ.ਸੀ, ਅਮਰਜੀਤ ਸਿੰਘ ਜ਼ਿਲਵਾ ਪ੍ਰੋਗਰਾਮ ਅਫਸਰ, ਸ਼ਾਮ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਐਕਸੀਅਨ ਰਾਜੇਸ਼ ਮੋਹਨ, ਪਰਮਿੰਦਰ ਸਿੰਘ ਸੈਣੀ ਸਮੇਤ ਸਬੰਧਿਤ ਵਿਭਾਗਾਂ ਦੇ ਮੁਖੀ ਮੋਜੂਦ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ