ਯੈੱਸ ਪੰਜਾਬ
ਨਵੀਂ ਦਿੱਲੀ, 7 ਜੂਨ, 2020:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਵੇਂ ਚੋਣ ਨੀਤੀਘਾੜੇ ਸ੍ਰੀ ਪ੍ਰਸ਼ਾਂਤ ਕਿਸ਼ੋਰ ਨਾਲ ‘ਪਰਿਵਾਰ ਜਿਹੇ’ ਸੰਬੰਧ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਖ਼ਬਰ ਇਹ ਹੈ ਕਿ 2017 ਵਿਚ ਰਾਜ ਅੰਦਰ ਕਾਂਗਰਸ ਨੂੂੰ ਸੱਤਾ ਵਿਚ ਲਿਆਉਣ ਲਈ ਆਪਣੀਆਂ ਸੇਵਾਵਾਂ ਦੇਣ ਲਈ ਚਰਚਾ ਵਿਚ ਰਹੇ ਸ੍ਰੀ ਕਿਸ਼ੋਰ ਨੇ 2022 ਵਿਚ ਪੰਜਾਬ ਕਾਂਗਰਸ ਦੀ ਚੋਣ ਮੁਹਿੰਮ ਲਈ ਆਪਣੀਆਂ ਸੇਵਾਵਾਂ ਦੇਣੋਂ ‘ਫ਼ਿਰ ਨਾਂਹ’ ਕਰ ਦਿੱਤੀ ਹੈ।
ਗੱਲ ਸਿਰਫ਼ ਇੰਨੀ ਹੀ ਨਹੀਂ, ਖ਼ਬਰ ਇਹ ਵੀ ਹੈ ਕਿ ਇਸ ਸੰਬੰਧ ਵਿਚ ਸ੍ਰੀ ਪ੍ਰਸ਼ਾਂਤ ਕਿਸ਼ੋਰ ਨਾਲ ਗੱਲਬਾਤ ਕਰਨ ਪੁੱਜੇ ਮੁੱਖ ਮੰਤਰੀ ਦੇ ਦੋਹਤੇ ਸ: ਨਿਰਵਾਨ ਸਿੰਘ ਨੂੰ ਪ੍ਰਸ਼ਾਂਤ ਕਿਸ਼ੋਰ ਨੇ ਨਾਂਹ ਕਰਨ ਤੋਂ ਪਹਿਲਾਂ 2 ਘੰਟੇ ਇੰਤਜ਼ਾਰ ਕਰਵਾਇਆ।
ਇਹ ਖ਼ਬਰਾਂ ਤਾਂ ਪਹਿਲਾਂ ਹੀ ਆ ਰਹੀਆਂ ਸਨ ਕਿ ਮੁੱਖ ਮੰਤਰੀ ਦੀ ਇੱਛਾ ਅਤੇ ਉਨ੍ਹਾਂ ਵੱਲੋਂ ਸ੍ਰੀ ਪ੍ਰਸ਼ਾਂਤ ਕਿਸ਼ੋਰ ਨੂੰ ਇਸ ਸੰਬੰਧੀ ਕੀਤੀ ਗਈ ਪੇਸ਼ਕਸ਼ ਦੇ ਬਾਵਜੂਦ ਸ੍ਰੀ ਪ੍ਰਸ਼ਾਂਤ ਕਿਸ਼ੋਰ ਨੇ 2022 ਚੋਣਾਂ ਲਈ ਰਾਜ ਅੰਦਰ ਕਾਂਗਰਸ ਨੂੰ ਆਪਣੀਆਂ ਸੇਵਾਵਾਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਸ਼ੁੱਕਰਵਾਰ ਨੂੰ ਕੀਤੀ ਇਕ ਵੀਡੀਓ ਪ੍ਰੈਸ ਕਾਨਫਰੰਸਿੰਗ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਪਿਛਲੀ ਚੋਣ ਲੜਨ ਤੋਂ ਬਾਅਦ ਉਹ ਦੋਵੇਂ ਲਗਾਤਾਰ ਸੰਪਰਕ ਵਿਚ ਹਨ ਅਤੇ ਅਸੀਂ ਨਜ਼ਦੀਕੀ ਹਾਂ, ਚੰਗੇ ਦੋਸਤ ਹਾਂ।
ਮੁੱਖ ਮੰਤਰੀ ਨੇ ਕਿਹਾ ਸੀ ਕਿ ਕੋਵਿਡ ਦੇ ਦੌਰ ’ਤੋਂ ਕੁਝ ਸਮਾਂ ਪਹਿਲਾਂ ਮੈਂ ਉਨ੍ਹਾਂ ਨੂੰ ਮਿਲਿਆ ਸੀ ਅਤੇ ਬਕਾਇਦਾ ਤੌਰ ’ਤੇ ਉਨ੍ਹਾਂ ਨੂੰ ਪੁੱਛਿਆ ਸੀ ਕਿ ਕੀ ਉਹ 2022 ਲਈ ‘ਇੰਟਰਸਟਿਡ’ ਹਨ, ਜਿਸ ਦੇ ਜਵਾਬ ਵਿਚ ਉਨ੍ਹਾਂ ਕਿਹਾ ਸੀ ਕਿ ਉਹ ਇਸ ਸੰਬੰਧੀ ਬਿਲਕੁਲ ‘ਇੰਟਰਸਟਿਡ’ ਹਨ।
ਆਈ.ਏ.ਐਨ.ਐਸ. ਨੇ ਇਸ ਮਾਮਲੇ ਦੀ ‘ਜਾਣਕਾਰੀ ਰੱਖਦੇ’ ਕਾਂਗਰਸ ਸੂਤਰਾਂ ਦੇ ਹਵਾਲੇ ਨਾਲ ਦਿੱਤੀ ਇਕ ਖ਼ਬਰ ਵਿਚ ਦਾਅਵਾ ਕੀਤਾ ਹੈ ਕਿ ਸਨਿਚਰਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਦੋਹਤੇ ਸ: ਨਿਰਵਾਨ ਸਿੰਘ ਦਿੱਲੀ ਵਿਚ ਸ੍ਰੀ ਪ੍ਰਸ਼ਾਂਤ ਕਿਸ਼ੋਰ ਨੂੰ ਮਿਲਣ ਪੁੱਜੇ ਸਨ ਪਰ ਸ੍ਰੀ ਪ੍ਰਸ਼ਾਂਤ ਕਿਸ਼ੋਰ ਨੂੰ ਮਿਲਣ ਵਾਸਤੇ ਉਨ੍ਹਾਂ ਨੂੰ ਪਹਿਲਾਂ ਤਾਂ ਦੋ ਘੰਟੇ ਇੰਤਜ਼ਾਰ ਕਰਨਾ ਪਿਆ ਅਤੇ ਬਾਅਦ ਵਿਚ ਜਦ ਸ੍ਰੀ ਪ੍ਰਸ਼ਾਂਤ ਕਿਸ਼ੋਰ ਮਿਲੇ ਤਾਂ ਉਨ੍ਹਾਂ ਨੇ 2022 ਚੋਣਾਂ ਵਿਚ ਕਾਂਗਰਸ ਦਾ ਕੰਮ ਸਾਂਭਣ ਬਾਰੇ ਕੈਪਟਨ ਅਮਰਿੰਦਰ ਸਿੰਘ ਦੀ ਪੇਸ਼ਕਸ਼ ਨੂੰ ਪ੍ਰਵਾਨ ਕਰਨ ਤੋਂ ਇਕ ਵਾਰ ਫ਼ਿਰ ਇਨਕਾਰ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਦੇ ਆਪਣੇ ਪੱਤਰਕਾਰ ਸੰਮੇਲਨ ਦੌਰਾਨ ਇਹ ਵੀ ਕਿਹਾ ਸੀ ਕਿ ਉਹਨਾਂ ਨੇ ਸ੍ਰੀ ਪ੍ਰਸ਼ਾਂਤ ਕਿਸ਼ੋਰ ਦੀਆਂ ਸੇਵਾਵਾਂ ਲੈਣ ਸੰਬੰਧੀ ਆਪਣੇ ਵਿਧਾਇਕਾਂ ਦੀ ਰਾਏ ਵੀ ਲਈ ਸੀ ਅਤੇ 80 ਵਿਚੋਂ 55 ਨੇ ਮੁੜ ਸ੍ਰੀ ਪ੍ਰਸ਼ਾਂਤ ਕਿਸ਼ੋਰ ਦੀਆਂ ਸੇਵਾਵਾਂ ਲੈਣ ਬਾਰੇ ਹਾਮੀ ਭਰੀ ਸੀ।
ਇਸ ਤੋਂ ਲਗਪਗ ਪੰਦਰਾਂ ਦਿਨ ਪਹਿਲਾਂ ਮੁੱਖ ਮੰਤਰੀ ਦੇ ਸਲਾਹਕਾਰ ਅਤੇ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਫ਼ੋਨ ਕਰਕੇ ਮੁੱਖ ਮੰਤਰੀ ਦੀ ਤਰਫ਼ੋਂ ਇਹ ਪੁੱਛਿਆ ਸੀ ਕਿ ਕੀ ਉਹ ਚੋਣ ਨੀਤੀਘਾੜੇ ਦੇ ਤੌਰ ’ਤੇ 2022 ਚੋਣਾਂ ਵਿਚ ਪ੍ਰਸ਼ਾਂਤ ਕਿਸ਼ੋਰ ਦੀਆਂ ਸੇਵਾਵਾਂ ਲਏ ਜਾਣ ਦੇ ਹੱਕ ਵਿਚ ਹਨ ਜਾਂ ਨਹੀਂ। ਸਮਝਿਆ ਜਾਂਦਾ ਹੈ ਕਿ ਇੰਜ ਹਾਸਿਲ ਕੀਤੀ ‘ਫ਼ੀਡਬੈਕ’ ਦੇ ਆਧਾਰ ’ਤੇ ਹੀ ਪ੍ਰਸ਼ਾਂਤ ਕਿਸ਼ੋਰ ਦੀਆਂ ਸੇਵਾਵਾਂ ਮੁੜ ਲੈਣ ਦਾ ਮਨ ਪੱਕਾ ਕੀਤਾ ਗਿਆ।
ਯਾਦ ਰਹੇ ਕਿ ਭਾਵੇਂ 2017 ਚੋਣਾਂ ਵਿਚ ਲੜ ਤਾਂ ਸਮੁੱਚੇ ਤੌਰ ’ਤੇ ਕਾਂਗਰਸ ਪਾਰਟੀ ਹੀ ਰਹੀ ਸੀ ਪਰ ਰਾਜ ਅੰਦਰ ਕਾਂਗਰਸ ਦੀ ਲਾਮਿਸਾਲ ਜਿੱਤ ਦਾ ਸਿਹਰਾ ਮੁੱਖ ਤੌਰ ’ਤੇ ਦੋ ਵਿਅਕਤੀਆਂ ਨੂੰ ਹੀ ਦਿੱਤਾ ਜਾਂਦਾ ਰਿਹਾ ਹੈ। ਕਾਂਗਰਸ ਹਲਕਿਆਂ ਵਿਚ ਇਹ ਗੱਲ ਆਮ ਹੈ ਕਿ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੀ ‘ਸਟਾਰ ਅਪੀਲ’ ਨੇ ਕੰਮ ਕੀਤਾ ਉੱਥੇ ਚੋਣ ਕੰਪੇਨ ਦੀ ਦਸ਼ਾ ਅਤੇ ਦਿਸ਼ਾ ਦਾ ਸਿਹਰਾ ਪ੍ਰਸ਼ਾਂਤ ਕਿਸ਼ੋਰ ਦੇ ਸਿਰ ਬੱਝਦਾ ਹੈ।
ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਹੁਣੇ ਹੁਣੇ ਹੀ ਸ੍ਰੀ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਲਈ ਮੱਧ ਪ੍ਰਦੇਸ਼ ਦੀਆਂ ਜ਼ਿਮਨੀ ਚੋਣਾਂ ਦਾ ਕੰਮ ਸੰਭਾਲਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਅਤੇ ਇਸ ਤਰ੍ਹਾਂ ਦੀਆਂ ਖ਼ਬਰਾਂ, ਭਾਵੇਂ ਉਹ ਅਪੁਸ਼ਟ ਹਨ, ਵੀ ਆ ਰਹੀਆਂ ਹਨ ਕਿ ਸ੍ਰੀ ਪ੍ਰਸ਼ਾਂਤ ਕਿਸ਼ੋਰ ਪੰਜਾਬ ਵਿਚ 2022 ਲਈ ‘ਆਪ’ ਨਾਲ ਕੰਮ ਕਰ ਸਕਦੇ ਹਨ ਅਤੇ ਇਸ ਬਾਰੇ ਉਨ੍ਹਾਂ ਦੀ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨਾਲ ਗੱਲਬਾਤ ਹੋ ਚੁੱਕੀ ਹੈ। ਲੰਘੇ ਸਾਲ ਹੋਈਆਂ ਦਿੱਲੀ ਚੋਣਾਂ ਵਿਚ ਸ੍ਰੀ ਕਿਸ਼ੋਰ ਨੇ ‘ਆਪ’ ਲਈ ਚੋਣ ਨੀਤੀਘਾੜੇ ਵਜੋਂ ਸ੍ਰੀ ਕੇਜਰੀਵਾਲ ਨਾਲ ਤਾਲਮੇਲ ਰੱਖ਼ਿਆ ਸੀ।
ਇਸੇ ਸੰਦਰਭ ਵਿਚ ਇਹ ਵੀ ਖ਼ਬਰਾਂ ਆਈਆਂ ਕਿ ਸ੍ਰੀ ਪ੍ਰਸ਼ਾਂਤ ਕਿਸ਼ੋਰ ਹੀ ਕੈਪਟਨ ਅਮਰਿੰਦਰ ਸਿੰਘ ਨਾਲ ਨਾਰਾਜ਼ ਚੱਲ ਰਹੇ ਪੰਜਾਬ ਮੰਤਰੀ ਮੰਡਲ ਵਿਚੋਂ ਲਾਂਭੇ ਹੋਏ ਕਾਂਗਰਸ ਦੇ ਕੌਮੀ ‘ਸਟਾਰ ਪ੍ਰਚਾਰਕ’ ਨਵਜੋਤ ਸਿੰਘ ਸਿੱਧੂ ਅਤੇ ਸ੍ਰੀ ਅਰਵਿੰਦ ਕੇਜਰੀਵਾਲ ਵਿਚਕਾਰ ਗੱਲਬਾਤ ਕਰਵਾ ਰਹੇ ਹਨ ਹਾਲਾਂਕਿ ਇਸ ਖ਼ਬਰ ਦੀ ਪੁਸ਼ਟੀ ਸ੍ਰੀ ਕੇਜਰੀਵਾਲ, ਸ੍ਰੀ ਪ੍ਰਸ਼ਾਂਤ ਕਿਸ਼ੋਰ ਅਤੇ ਸ: ਸਿੱਧੂ ਵਿਚੋਂ ਕਿਸੇ ਨੇ ਵੀ ਨਹੀਂ ਕੀਤੀ।
ਇਕ ਕੌਮੀ ਟੀ.ਵੀ. ਚੈਨਲ ’ਤੇ ਗੱਲਬਾਤ ਕਰਦਿਆਂ ਸ੍ਰੀ ਅਰਵਿੰਦ ਕੇਜਰੀਵਾਲ ਨੇ ਇਹ ਕਿਹਾ ਕਿ ਇਹ ਕੋਰੋਨਾ ਦਾ ਸਮਾਂ ਹੈ, ਰਾਜਨੀਤਕ ਗੱਲਾਂ ਦਾ ਨਹੀਂ, ਪਰ ਇੰਟਰਵਿਊ ਕਰ ਰਹੇ ਪੱਤਰਕਾਰ ਵੱਲੋਂ ਜ਼ੋਰ ਦੇਣ ’ਤੇ ਉਨ੍ਹਾਂ ਨੇ ਇੰਨਾ ਹੀ ਕਿਹਾ ਕਿ ਜੇ ਸਿੱਧੂ ‘ਆਪ’ ਵਿਚ ਆਉਂਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ।
ਉਂਜ ਇਨ੍ਹਾਂ ਖ਼ਬਰਾਂ ਨੂੰ ਹਵਾ ਸ: ਨਵਜੋਤ ਸਿੰਘ ਸਿੱਧੂ ਦੀ ਧਰਮਪਤਨੀ ਅਤੇ ਕਾਂਗਰਸ ਆਗੂ ਡਾ: ਨਵਜੋਤ ਕੌਰ ਸਿੱਧੂ ਵੱਲੋਂ ਉਦੋਂ ਮਿਲੀ ਸੀ ਜਦ ਉਨ੍ਹਾਂ ਨੇ ਸ੍ਰੀ ਕੇਜਰੀਵਾਲ ਦੇ ਇਕ ਟਵੀਟ ਨੂੰ ‘ਰੀਟਵੀਟ’ ਹੀ ਨਹੀਂ ਕੀਤਾ ਸੀ ਸਗੋਂ ਸ੍ਰੀ ਕੇਜਰੀਵਾਲ ਦੀ ਕਾਰਜਸ਼ੈਲੀ ਦੀ ਸ਼ਲਾਘਾ ਵੀ ਕੀਤੀ ਸੀ।
ਸ੍ਰੀਮਤੀ ਸਿੱਧੂ ਪਹਿਲਾਂ ਵੀ ਕਈ ਵਾਰ ਆਪਣੇ ਬਿਆਨਾਂ ਨਾਲ ਰਾਜ ਸਰਕਾਰ ਦੀ ਕਾਰਜਸ਼ੈਲੀ ’ਤੇ ਸਵਾਲ ਉਠਾਉਂਦੇ ਰਹੇ ਹਨ। ਸ: ਸਿੱਧੂ ਜਨਤਕ ਤੌਰ ’ਤੇ ਨਹੀਂ ਵਿੱਚਰ ਰਹੇ ਅਤੇ ਕਾਂਗਰਸ ਪਾਰਟੀ ਦੇ ਪ੍ਰੋਗਰਾਮਾਂ ਨਾਲ ਉਨ੍ਹਾਂ ਨੇ ਕੋਈ ਲਾਗਾ ਦੇਗਾ ਨਹੀਂ ਰੱਖ਼ਿਆ ਹੋਇਆ। ਸਗੋਂ ਹੁਣ ਤਾਂ ਉਨ੍ਹਾਂ ਨੇ ਆਪਣੀ ਗੱਲ ਕਹਿਣ ਲਈ ‘ਜਿੱਤੇਗਾ ਪੰਜਾਬ’ ਨਾਂਅ ਦਾ ਇਕ ਯੂਟਿਊਬ ਚੈਨਲ ਬਣਾ ਲਿਆ ਹੋਇਆ ਹੈ ਜਿੱਥੇ ਵੀਡੀਉਜ਼ ਪੋਸਟ ਕਰਕੇ ਉਹ ਆਪਣੀ ਗੱਲ ਕਹਿੰਦੇ ਹਨ।
ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ