ਕੀ ਸੋਚਕੇ ਬੈਠੇ ਹਨ ਸੋਨੀ? ਐਲਾਨ ਦੇ 2 ਹਫ਼ਤੇ ਬਾਅਦ ਵੀ ਨਹੀਂ ਸੰਭਾਲਿਆ ਨਵੇਂ ਮਹਿਕਮੇ ਦਾ ਚਾਰਜ

ਯੈੱਸ ਪੰਜਾਬ
ਜਲੰਧਰ, 20 ਜੂਨ, 2019:

ਪੰਜਾਬ ਵਿਚ ਮੰਤਰੀ ਮੰਡਲ ਦੇ ਫ਼ੇਰਬਦਲ ਤੋਂ ਕੇਵਲ ਸ: ਨਵਜੋਤ ਸਿੰਘ ਸਿੱਧੂ ਹੀ ਨਾਰਾਜ਼ ਨਹੀਂ ਹਨ। ਪੰਜਾਬ ਦੇ ਸਾਬਕਾ ਸਿੱਖ਼ਿਆ ਮੰਤਰੀ ਜਿਨ੍ਹਾਂ ਦਾ ਮਹਿਕਮਾ ਵਾਪਿਸ ਲੈ ਕੇ ਉਨ੍ਹਾਂ ਨੂੰ ਮੈਡੀਕਲ ਸਿੱਖਿਆ ਮੰਤਰੀ ਬਣਾਇਆ ਗਿਆ ਸੀ ਨੇ 2 ਹਫ਼ਤੇ ਲੰਘ ਜਾਣ ਮਗਰੋਂ ਵੀ ਅਜੇ ਆਪਣਾ ਚਾਰਜ ਨਹੀਂ ਸੰਭਾਲਿਆ ਹੈ।

ਸ੍ਰੀ ਸੋਨੀ ਭਾਵੇਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਕੁਝ ਵੀ ਬੋਲਣ ਤੋਂ ਗੁਰੇਜ਼ ਕਰਦਿਆਂ ਆਪਣੀ ਇਸ ਗੱਲ ਗੱਲ ਨੂੰ ਦੁਹਰਾਉਂਦੇ ਹਨ ਕਿ ਵਿਭਾਗ ਬਦਲਣਾ ਮੁੱਖ ਮੰਤਰੀ ਦਾ ਅਧਿਕਾਰ ਹੈ ਪਰ ਨਾਲ ਹੀ ਉਨ੍ਹਾਂ ਦਾ ਇਹ ਦਰਦ ਵੀ ਛਲਕ ਹੀ ਪੈਂਦਾ ਹੈ ਕਿ ਉਨ੍ਹਾਂ ਦਾ ਕਸੂਰ ਕੀ ਸੀ?

ਸ੍ਰੀ ਸੋਨੀ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਸਾਲ ਪਹਿਲਾਂ ਸਿੱਖ਼ਿਆ ਮੰਤਰੀ ਬਣਨ ਮਗਰੋਂ ਸਕੂਲੀ ਸਿੱਖਿਆ ਦੇ ਨਤੀਜਿਆਂ ਵਿਚ ਸੁਧਾਰ ਆਇਆ ਸੀ ਕਿਉਂਕਿ ਉਨ੍ਹਾਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ। ਆਪਣਾ ਮਹਿਕਮਾ ਬਦਲੇ ਜਾਣ ’ਤੇ ਨਾਰਾਜ਼ ਨਾ ਹੋਣ ਦਾ ਦਾਅਵਾ ਕਰਦੇ ਸ੍ਰੀ ਸੋਨੀ ਦਾ ਇਹ ਵੀ ਤਰਕ ਹੈ ਕਿ ਉਹ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਚੋਣਾਂ ਤੋਂ ਪਹਿਲਾਂ ਚੋਣਾਂ ਵਿਚ ਚੰਗੇ ਪ੍ਰਦਰਸ਼ਨ ਦੀ ਲਾਈ ਸ਼ਰਤ ਤੋਂ ਵੀ ਨਹੀਂ ਖੰੁਝੇ ਅਤੇ ਆਪਣੇ ਹਲਕੇ ਤੋਂ ਕਾਂਗਰਸ ਨੂੰ ਜਿਤਾਇਆ ਪਰ ਫ਼ਿਰ ਵੀ ਉਹਨਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਉਨ੍ਹਾਂ ਦਾ ਮਹਿਕਮਾ ਕਿਉਂ ਬਦਲਿਆ ਗਿਆ।

‘ਯੈੱਸ ਪੰਜਾਬ’ ਨਾਲ ਗੱਲਬਾਤ ਕਰਦਿਆਂ ਸ੍ਰੀ ਸੋਨੀ ਨੇ ਅਜੇ ਤਾਂਈਂ ਚਾਰਜ ਨਾ ਸੰਭਾਲੇ ਜਾਣ ਬਾਰੇ ਪੁੱਛੇ ਜਾਣ ’ਤੇ ਕਿਹਾ ਕਿ ਉਹ 21 ਜੂਨ ਨੂੰ ਹੋਣ ਵਾਲੀਆਂ ਨਗਰ ਨਿਗਮ ਉਪ ਚੋਣਾਂ ਵਿਚ ਰੁਝੇ ਹੋਏ ਹਨ ਕਿਉਂਕਿ ਉਨ੍ਹਾਂ ਦੇ ਹਲਕੇ ਅੰਦਰ ਵੀ ਦੋ ਵਾਰਡਾਂ ਲਈ ਉਪ ਚੋਣ ਹੋ ਰਹੀ ਹੈ।

ਇਹ ਪੁੱਛੇ ਜਾਣ ’ਤੇ ਕਿ ਕੀ ਉਹ 21 ਜੂਨ ਤੋਂ ਬਾਅਦ ਅਹੁਦਾ ਸੰਭਾਲ ਲੈਣਗੇ, ਉਨ੍ਹਾਂ ਆਖ਼ਿਆ ਕਿ ਉਹ ਇਸ ਮਗਰੋਂ ਚੰਡੀਗੜ੍ਹ ਜਾ ਕੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨਗੇ।

ਸ੍ਰੀ ਸੋਨੀ ਦੀ ਨਾਰਾਜ਼ਗੀ ਵਿਭਾਗਾਂ ਦੇ ਫ਼ੇਰਬਦਲ ਦੇ ਐਲਾਨ ਮਗਰੋਂ ਛੇਤੀ ਹੀ ਸਾਹਮਣੇ ਆ ਗਈ ਸੀ। ਉਨ੍ਹਾਂ ਨੂੰ ਇਕ ਹੋਰ ਝਟਕਾ ਉਦੋਂ ਲੱਗਾ ਸੀ ਜਦ 6 ਜੂਨ ਨੂੰ ਵਿਭਾਗਾਂ ਦੀ ਵੰਡ ਮਗਰੋਂ 9 ਜੂਨ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਲਾਨੇ ਗਏ 8 ਸਲਾਹਕਾਰ ਗਰੁੱਪਾਂ ਵਿਚੋਂ ਨਵਜੋਤ ਸਿੰਘ ਸਿੱਧੂ ਦੇ ਨਾਲ ਨਾਲ ਸ੍ਰੀ ਸੋਨੀ ਨੂੰ ਵੀ ‘ਆਊਟ’ ਕਰ ਦਿੱਤਾ ਗਿਆ ਸੀ।

ਖ਼ੈਰ, ਕਾਰਨ ਸ੍ਰੀ ਸੋਨੀ ਦੀ ਨਾਰਾਜ਼ਗੀ ਦੂਰ ਕਰਨਾ ਰਿਹਾ ਹੋਵੇ ਜਾਂ ਕੁਝ ਹੋਰ, ਪਰ 11 ਜੂਨ ਨੂੰ ਹੀ ਸ੍ਰੀ ਸੋਨੀ ਦੀ ਅਗਵਾਈ ਵਿਚ ਮੈਡੀਕਲ ਸਿੱਖਿਆ ਸੰਬੰਧੀ ਇਕ ਸਲਾਹਕਾਰ ਗਰੁੱਪ ਦੇ ਗਠਨ ਦਾ ਐਲਾਨ ਕਰ ਦਿੱਤਾ ਗਿਆ ਸੀ।

ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਸ੍ਰੀ ਸੋਨੀ ਅਤੇ ਸਿੱਖ਼ਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਆਈ.ਏ.ਐਸ. ਵਿਚਾਲੇ ਵੀ ਚੰਗਾ ਤਾਲਮੇਲ ਨਾ ਹੋਣ ਕਾਰਨ ਕੈਪਟਨ ਅਮਰਿੰਦਰ ਸਿੰਘ ਨੂੰ ਸ੍ਰੀ ਸੋਨੀ ਨੂੰ ਸਿੱਖ਼ਿਆ ਵਿਭਾਗ ਤੋਂ ਵੱਖ ਕਰਨ ਦਾ ਫ਼ੈਸਲਾ ਲੈਣਾ ਪਿਆ। ਇਸ ਫ਼ੈਸਲਾ ਲੈਣਾ ਪੈਣ ਨੂੰ ਅਫ਼ਸਰਸ਼ਾਹੀ ਦੇ ਦਬਾਅ ਦਾ ਅਸਰ ਦੱਸਿਆ ਜਾ ਰਿਹਾ ਹੈ।

ਸਿੱਖ਼ਿਆ ਵਿਭਾਗ ’ਚ ਸੁਧਾਰਾਂ ਬਾਰੇ ਛਿੜੀ ‘¬ਕ੍ਰੈਡਿਟ ਵਾਰ’ ਨੂੰ ਸਾਹਮਣੇ ਰੱਖ ਕੇ ਗੱਲ ਕਰਦਿਆਂ ਸ੍ਰੀ ਸੋਨੀ ਨੇ ਪਿਛਲੇ ਦਿਨੀਂ ਲੁਧਿਆਣਾ ’ਚ ਬੋਲਦਿਆਂ ਆਖ਼ਿਆ ਕਿ ਸ੍ਰੀ ਕ੍ਰਿਸ਼ਨ ਕੁਮਾਰ ਤਾਂ ਪਿਛਲੇ ਤਿੰਨ ਸਾਲਾਂ ਤੋਂ ਵਿਭਾਗ ਨਾਲ ਜੁੜੇ ਹਨ ਪਰ ਉਨ੍ਹਾਂ ਵੱਲੋਂ ਸਾਲ ਪਹਿਲਾਂ ਵਿਭਾਗ ਸੰਭਾਲੇ ਜਾਣ ਮਗਰੋਂ ਕੀਤੀ ਗਈ ਮਿਹਨਤ ਅਤੇ ਅਪਨਾਈ ਗਈ ਪਹੁੰਚ ਸਦਕਾ ਹੀ ਚੰਗੇ ਨਤੀਜੇ ਸੰਭਵ ਹੋਏ।

ਉਨ੍ਹਾਂ ਇਹ ਵੀ ਕਿਹਾ ਸੀ ਕਿ ਉਨ੍ਹਾਂ ਦਾ ਨਾਂਅ ਸ੍ਰੀ ਕ੍ਰਿਸ਼ਨ ਕੁਮਾਰ ਨਾਲ ਮੇਲੇ ਜਾਣਾ ਠੀਕ ਨਹੀਂ ਕਿਉਂਕਿ ਉਹ ਮੰਤਰੀ ਹਨ ਅਤੇ ਸ੍ਰੀ ਕ੍ਰਿਸ਼ਨ ਕੁਮਾਰ ਇਕ ਅਧਿਕਾਰੀ ਹਨ। ਸ੍ਰੀ ਸੋਨੀ ਨੇ ਕੁਝ ਹੋਰ ਸੀਨੀਅਰ ਅਧਿਕਾਰੀਆਂ ਵੱਲ ਵੀ ਇਸ਼ਾਰਾ ਕਰਦਿਆਂ ਕਿਹਾ ਸੀ ਕਿ ਉਹ ਕਿਸੇ ਅੱਗੇ ਝੁਕਣਗੇ ਨਹੀਂ।

ਹੁਣ ਨਵੇਂ ਬਣੇ ਸਿੱਖ਼ਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਵੱਲੋਂ ਸ੍ਰੀ ਸੋਨੀ ਵੱਲੋਂ ਹਟਾਏ ਜਾਣ ਤੋਂ ਚੰਦ ਦਿਨ ਪਹਿਲਾਂ ਕੀਤੀਆਂ ਬਦਲੀਆਂ ਨੂੰ ਰੱਦ ਕੀਤੇ ਜਾਣ ਦਾ ਮਾਮਲਾ ਵੀ ਸ੍ਰੀ ਸੋਨੀ ਲਈ ਨਮੋਸ਼ੀ ਦਾ ਸਬੱਬ ਬਣ ਰਿਹਾ ਹੈ ਜਿਸ ਲਈ ਅਜੇ ਇਹ ਸਪਸ਼ਟ ਨਹੀਂ ਹੋ ਰਿਹਾ ਕਿ ਉਹ ਕੀ ਰੁਖ਼ ਅਖ਼ਤਿਆਰ ਕਰਨਗੇ।

ਸ੍ਰੀ ਸੋਨੀ ਇਨ੍ਹਾਂ ਬਦਲੀਆਂ ਨੂੰ ਸਹੀ ਠਹਿਰਾ ਰਹੇ ਹਨ ਅਤੇ ਰੱਦ ਕੀਤੇ ਜਾਣ ਦੇ ਅਮਲ ਨੂੰ ਗ਼ਲਤ ਦੱਸ ਰਹੇ ਹਨ ਜਦਕਿ ਸ੍ਰੀ ਸਿੰਗਲਾ ਇਨ੍ਹਾਂ ਬਦਲੀਆਂ ਨੂੰ ਰੱਦ ਕਾਰਨ ਦਾ ਕਾਰਨ ਪਹਿਲਾਂ ਹੀ ਕੈਬਨਿਟ ਮੀਟਿੰਗ ਵਿਚ ਫ਼ੈਸਲੇ ਨੂੰ ਦੱਸਦਿਆਂ ਆਪਣੇ ਕਦਮ ਨੂੰ ਸਹੀ ਠਹਿਰਾ ਰਹੇ ਹਨ।

ਅੰਮ੍ਰਿਤਸਰ ਨਾਲ ਹੀ ਸੰਬੰਧਤ ਸ੍ਰੀ ਉ.ਪੀ.ਸੋਨੀ ਜੋ ਪਹਿਲਾਂ ਅੰਮ੍ਰਿਤਸਰ ਪੱਛਮੀ ਅਤੇ ਫ਼ੇਰ ਅੰਮਿਤਸਰ ਕੇਂਦਰੀ ਤੋਂ ਚੋਣ ਲੜਦੇ ਰਹੇ 2017 ਵਿਚ ਪੰਜਵੀਂ ਵੇਰਾਂ ਵਿਧਾਇਕ ਬਣੇ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 20 ਅਪ੍ਰੈਲ 2018 ਨੂੰ ਕੀਤੇ ਵਜ਼ਾਰਤੀ ਵਾਧੇ ਦੌਰਾਨ ਕੈਬਨਿਟ ਵਿਚ ਸ਼ਾਮਿਲ ਕੀਤੇ ਗਏ 9 ਮੰਤਰੀਆਂ ਵਿਚੋਂ ਇਕ ਸ੍ਰੀ ਸੋਨੀ ਨੂੰ ਸਕੂਲ ਸਿੱਖਿਆ ਦਾ ਅਹਿਮ ਵਿਭਾਗ ਅਤੇ ਨਾਲ ਹੀ ਵਾਤਾਵਰਣ ਮਹਿਕਮਾ ਅਤੇ ਸੁਤੰਤਰਤਾ ਸੰਗਰਾਮੀਆਂ ਸੰਬੰਧੀ ਵਿਭਾਗ ਸੌਂਪਿਆ ਗਿਆ ਸੀ।

ਸ੍ਰੀ ਸੋਨੀ ਲਈ ਇਕ ਨਾਰਾਜ਼ਗੀ ਦਾ ਕਾਰਨ 20 ਨਵੰਬਰ 2018 ਨੂੰ ਉਸ ਵੇਲੇ ਬਣਿਆ ਜਦ ਸ੍ਰੀ ਸੋਨੀ ਤੋਂ ਵਾਤਾਵਰਣ ਵਿਭਾਗ ਵਾਪਿਸ ਲੈ ਕੇ ਉਨ੍ਹਾਂ ਨੂੰ ਘੱਟ ਅਹਿਮੀਅਤ ਵਾਲਾ ‘ਫ਼ੂਡ ਪ੍ਰੋਸੈਸਿੰਗ ਮੰਤਰਾਲਾ’ ਦੇ ਦਿੱਤਾ ਗਿਆ। 6 ਜੂਨ 2019 ਨੂੰ ਮੁੱਖ ਮੰਤਰੀ ਵੱਲੋਂ ਇਕ ਵਾਰ ਫ਼ੇਰ ਕੀਤੇ ਗਏ ਮਹਿਕਮਿਆਂ ਦੇ ਫ਼ੇਰਬਦਲ ਦੌਰਾਨ ਉਨ੍ਹਾਂ ਤੋਂ ਸਕੂਲ ਸਿੰਖਿਆ ਦਾ ਵਿਭਾਗ ਵਾਪਸ ਲੈਂਦਿਆਂ ਉਨ੍ਹਾਂ ਨੂੰ ਮੈਡੀਕਲ ਸਿੱਖਿਆ ਮੰਤਰੀ ਲਾ ਦਿੱਤਾ ਗਿਆ।

ਸ੍ਰੀ ਸੋਨੀ ਵਾਤਾਵਰਣ ਮੰਤਰਾਲਾ ਬਦਲੇ ਜਾਣ ਵਾਲਾ ਕੌੜਾ ਘੁੱਟ ਤਾਂ ਪੀ ਗਏ ਪਰ ਹੁਣ ਸਿੱਖਿਆ ਮੰਤਰੀ ਦੇ ਤੌਰ ’ਤੇ ਉਨ੍ਹਾਂ ਨੂੰ ਲਾਂਭੇ ਕਰਕੇ ਘੱਟ ਅਹਿਮੀਅਤ ਵਾਲਾ ਮੈਡੀਕਲ ਸਿੱਖ਼ਿਆ ਵਿਭਾਗ ਦਿੱਤੇ ਜਾਣ ਵਾਲੀ ਗੱਲ ਉਨ੍ਹਾਂ ਨੂੰ ਹਜ਼ਮ ਨਹੀਂ ਹੋ ਰਹੀ ਹੈ।

ਕੁਝ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸ੍ਰੀ ਸੋਨੀ ਨਵਜੋਤ ਸਿੰਘ ਸਿੱਧੂ ਵਾਲੇ ਮਾਮਲੇ ਵਿਚ ਹੋਣ ਵਾਲੇ ਕਿਸੇ ‘ਅੰਤਿਮ ਫ਼ੈਸਲੇ’ ਦੀ ਉਡੀਕ ਵਿਚ ਹਨ ਅਤੇ ਉਸਤੋਂ ਬਾਅਦ ਹੀ ਆਪਣੀ ਰਣਨੀਤੀ ਤੈਅ ਕਰਨਾ ਚਾਹੁੰਦੇ ਹਨ।

ਇਨ੍ਹਾਂ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਭਾਵੇਂ ਸ: ਨਵਜੋਤ ਸਿੰਘ ਸਿੱਧੂ ਹੋਣ ਜਾਂ ਫ਼ਿਰ ਸ੍ਰੀ ਸੋਨੀ ਹੁਣ ਮਹਿਕਮਿਆਂ ਦੀ ਵਾਪਸੀ ਤਾਂ ਲਗਪਗ ਅਸੰਭਵ ਜਾਪਦੀ ਹੈ ਕਿਉਂਕਿ ਦੋਵੇਂ ਹੀ ਮਹੱਤਵਪੂਰਨ ਮਹਿਕਮੇ ਜਿਨ੍ਹਾਂ ਮੰਰਤੀਆਂ – ਸ੍ਰੀ ਬ੍ਰਹਮ ਮਹਿੰਦਰਾ ਅਤੇ ਸ੍ਰੀ ਵਿਜੇ ਇੰਦਰ ਸਿੰਗਲਾ – ਨੂੰ ਸੌਂਪੇ ਗਏ ਹਨ, ਉਨ੍ਹਾਂ ਨੇ ਵਿਭਾਗਾਂ ਦਾ ਚਾਰਜ ਲੈ ਕੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੋਇਆ ਹੈ ਅਤੇ ਹੁਣ ਇਸ ਅਮਲ ਨੂੰ ਪੁੱਠਾ ਗੇੜਾ ਦੇਣ ਦੀ ਕੋਈ ਸੰਭਾਵਨਾ ਨਹੀਂ ਬਚੀ ਹੈ।

ਇਸ ਨੂੰ ਵੀ ਪੜ੍ਹੋ:
ਕੈਪਟਨ-ਸਿੱਧੂ ਵਿਵਾਦ: ਅਹਿਮਦ ਪਟੇਲ ਕੀ ਭੁਰਜੀ ਦਾ ਆਂਡਾ ਬਣਾ ਲੈਣਗੇ? – ਐੱਚ.ਐੱਸ.ਬਾਵਾ – ਇੱਥੇ ਕਲਿੱਕ ਕਰੋ

ਅਹਿਮ ਖ਼ਬਰਾਂ