ਕਾਂਗਰਸ ਲਈ ਨਵੀਂ ਸਿਰਦਰਦੀ: ਮੁੱਖ ਮੰਤਰੀ ਚੰਨੀ ਦੇ ਭਰਾ ਡਾ: ਮਨੋਹਰ ਸਿੰਘ ਵੱਲੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ

ਯੈੱਸ ਪੰਜਾਬ
ਚੰਡੀਗੜ੍ਹ, 16 ਜਨਵਰੀ, 2022:
ਪੰਜਾਬ ਚੋਣਾਂ ਲਈ ਕਾਂਗਰਸ ਦੀ ਪਹਿਲੀ ਸੂਚੀ ਆਉਂਦਿਆਂ ਹੀ ਕਾਂਗਰਸ ਲਈ ਨਵੀਂ ਸਿਰਦਰਦੀ ਪੈਦਾ ਹੋ ਗਈ ਹੈ।

ਬੱਸੀ ਪਠਾਨਾਂ ਹਲਕੇ ਤੋਂ ਚੋਣ ਲੜਨ ਦੀ ਤਿਆਰੀ ਖਿੱਚ ਰਹੇ ਮੁੱਖ ਮੰਰਤੀ ਸ: ਚਰਨਜੀਤ ਸਿੰਘ ਚੰਨੀ ਦੇ ਭਰਾ ਡਾ: ਮਨੋਹਰ ਸਿੰਘ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਬੱਸੀ ਪਠਾਨਾਂ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਲੜਨਗੇ।

ਇਸ ਮੌਕੇ ਗੱਲਬਾਤ ਕਰਦਿਆਂ ਡਾ: ਮਨੋਹਰ ਸਿੰਘ ਨੇ ਕਿਹਾ ਕਿ ਮੌਜੂਦਾ ਵਿਧਾਇਕ ਨੂੰ ਲੋਕ ਪਸੰਦ ਨਹੀਂ ਕਰਦੇ ਅਤੇ ਉਸਨੂੰ ਤਾਂ ਗਾਲ੍ਹਾਂ ਕੱਢਦੇ ਹਨ, ਇਸ ਕਰਕੇ ਪਾਰਟੀ ਨੂੰ ਇਸ ਫ਼ੈਸਲੇ ’ਤੇ ਮੁੜ ਵਿਚਾਰ ਕਰ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪਾਰਟੀ ਇਕ ਪਾਸੇ ਹੈ ਅਤੇ ਪਰਿਵਾਰ ਦੂਜੇ ਬੰਨੇ ਹੈ ਅਤੇ ਉਹ ਦੋਵਾਂ ਨਾਲ ਹੀ ਆਪੋ ਆਪਣਾ ਰਿਸ਼ਤਾ ਰੱਖਣਗੇ। ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਪਣੇ ਭਰਾ ਮੁੱਖ ਮੰਤਰੀ ਸ: ਚੰਨੀ ਨਾਲ ਵੀ ਇਸ ਬਾਰੇ ਅੱਜ ਸਵੇਰ ਤਕ ਸਲਾਹ ਕੀਤੀ ਹੈ ਅਤੇ ਉਨ੍ਹਾਂ ਦੇ ਭਰਾ ਨੇ ਕਿਹਾ ਹੈ ਕਿ ਉਹ ਲੋਕਾਂ ਵਿੱਚ ਜਾ ਕੇ ਕੰਮ ਕਰਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਜੀ.ਪੀ. ਤਾਂ ਕਦੇ ਹਲਕੇ ਵਿੱਚ ਆਏ ਹੀ ਨਹੀਂ ਅਤੇ ਨਾ ਹੀ ਉਨ੍ਹਾਂ ਨੇ ਹਲਕੇ ਲਈ ਕੋਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਹਲਕੇ ਨਾਲ ਜੁੜੇ ਹੋਏ ਹਨ ਅਤੇ ਲਗਾਤਾਰ ਜੁੜੇ ਰਹਿਣਗੇ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਹਲਕੇ ਲਈ ਕਰਵਾਏ ਗਏ ਸਰਵੇਅ ਵੀ ਉਨ੍ਹਾਂ ਦੇ ਹੱਕ ਵਿੱਚ ਸਨ ਪਰ ਪਤਾ ਨਹੀਂ ਪਾਰਟੀ ਨੇ ਜੀ.ਪੀ. ਨੂੰ ਟਿਕਟ ਦੇਣ ਦੀ ਗ਼ਲਤੀ ਕਿਉਂ ਕਰ ਲਈ।

ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਨੇ ਇਸ ਹਲਕੇ ਦੇ ਮੌਜੂਦਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਨੂੰ ਆਪਣੀ ਪਹਿਲੀ ਸੂਚੀ ਵਿੱਚ ਮੁੜ ਉਮੀਦਵਾਰ ਬਣਾਇਆ ਹੈ।

ਡਾ: ਮਨੋਹਰ ਸਿੰਘ, ਜੋ ਸੀਨੀਅਰ ਮੈਡੀਕਲ ਅਫ਼ਸਰ (ਐਸ.ਐਮ.ਉ.) ਵਜੋਂ ਸੇਵਾ ਨਿਭਾਅ ਰਹੇ ਸਨ, ਨੇ ਇਸੇ ਝਾਕ ਵਿੱਚ ਆਪਣੇ ਸਰਕਾਰੀ ਅਹੁਦੇ ਤੋਂ ਅਸਤੀਫ਼ਾ ਦੇ ਕੇ ਹਲਕੇ ਵਿੱਚ ਚੋਣ ਲੜਨ ਲਈ ਤਿਆਰੀਆਂ ਸ਼ੁਰੂ ਕੀਤੀਆਂ ਹੋਈਆਂ ਸਨ।

ਡਾ: ਮਨੋਹਰ ਸਿੰਘ ਇਸ ਹਲਕੇ ਦੀ ਟਿਕਟ ’ਤੇ ਦਾਅਵਾ ਜਤਾ ਰਹੇ ਸਨ ਪਰ ਉਨ੍ਹਾਂ ਦੇ ਦਾਅਵੇ ਨੂੰ ਇਕ ਝਟਕਾ ਉਸ ਵੇਲੇ ਵੀ ਲੱਗਾ ਸੀ ਜਦ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਨੇ ਜਨਤਕ ਤੌਰ ’ਤੇ ਇਹ ਐਲਾਨ ਕਰ ਦਿੱਤਾ ਸੀ ਕਿ ਸ: ਜੀ.ਪੀ. ਹੀ ਪਾਰਟੀ ਦੇ ਉਮੀਦਵਾਰ ਹੋਣਗੇ।

ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਇਕ ਪਰਿਵਾਰ ਵਿੱਚੋਂ ਇਕ ਵਿਅਕਤੀ ਨੂੰ ਟਿਕਟ ਦੇਣ ਦੇ ਆਪਣੇ ਅਸੂਲ ’ਤੇ ਕਾਇਮ ਹੈ ਅਤੇ ਰਾਜ ਅੰਦਰ ਕਿਸੇ ਵੀ ਪਰਿਵਾਰ ਨੂੰ ਦੋ ਟਿਕਟਾਂ ਨਹੀਂ ਦਿੱਤੀਆਂ ਗਈਆਂ।

ਡਾ: ਮਨੋਹਰ ਸਿੰਘ ਦੇ ਇਸ ਐਲਾਨ ਨਾਲ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਲਈ ਸਥਿਤੀ ਭੰਬਲਭੂਸੇ ਵਾਲੀ ਬਣ ਗਈ ਹੈ ਅਤੇ ਇਹ ਵੇਖ਼ਣ ਵਾਲੀ ਗੱਲ ਹੋਵੇਗੀ ਕਿ ਕਾਂਗਰਸ ਪਾਰਟੀ ਅਤੇ ਖ਼ਾਸ ਤੌਰ ’ਤੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਇਸ ਸਥਿਤੀ ਨਾਲ ਕਿਵੇਂ ਨਿੱਬੜਦੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ