ਕਾਂਗਰਸ ਛੇਤੀ ਹੀ ਐਲਾਨੇਗੀ ਪੰਜਾਬ ਲਈ ਮੁੱਖ ਮੰਤਰੀ ਦਾ ਚਿਹਰਾ: ਰਾਹੁਲ ਗਾਂਧੀ

ਯੈੱਸ ਪੰਜਾਬ
ਜਲੰਧਰ, 27 ਜਨਵਰੀ, 2022:
ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੌਮੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਅੱਜ ਇੱਥੇ ਇਕ ਵਰਚੂਅਲ ਰੈਲੀ ਨੂੰ ਸੰਬੋਧਨ ਕਰਦਿਆਂ ਇਹ ਸਪਸ਼ਟ ਐਲਾਨ ਕਰ ਦਿੱਤਾ ਕਿ ਪਾਰਟੀ ਵੱਲੋਂ ਛੇਤੀ ਹੀ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਜਾਵੇਗਾ।

ਸ੍ਰੀ ਰਾਹੁਲ ਗਾਂਧੀ ਨੇ ਇਹ ਐਲਾਨ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਅਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਵੱਲੋਂ ਇਸ ਸੰਬੰਧੀ ਮੰਗ ਰੱਖੇ ਜਾਣ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਕੀਤਾ।

ਸ੍ਰੀ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਮੁੱਖ ਮੰਤਰੀ ਦੇ ਚਿਹਰੇ ਦੀ ਚੋਣ ਆਪਣੀ ਪਾਰਟੀ ਦੇ ਵਰਕਰਾਂ ਦੀ ਰਾਏ ਨਾਲ ਹੀ ਕਰੇਗੀ।

ਉਹਨਾਂ ਕਿਹਾ ਕਿ ਹਾਲਾਂਕਿ ਕਾਂਗਰਸ ਇੰਜ ਨਹੀਂ ਕਰਿਆ ਕਰਦੀ ਪਰ ਹੁਣ ਜਦ ਦੋਹਾਂ ਆਗੂਆਂ – ਸ: ਚੰਨੀ ਅਤੇ ਸ: ਸਿੰਧੂ – ਨੇ ਇਹ ਮੰਗ ਰੱਖ ਦਿੱਤੀ ਹੈ ਤਾਂ ਪਾਰਟੀ ਚਿਹਰਾ ਐਲਾਨ ਦੇਵੇਗੀ। ਉਹਨਾਂ ਨੇ ਕਿਹਾ ਕਿ ਦੋਹਾਂ ਆਗੂਆਂ ਨੇ ਉਨ੍ਹਾਂ ਦੇ ਨਾਲ ਕਾਰ ਵਿੱਚ ਅੰਮ੍ਰਿਤਸਰ ਤੋਂ ਜਲੰਧਰ ਆਉਂਦਿਆਂ ਇਹ ਗੱਲ ਕਹੀ ਸੀ ਕਿ ਉਹ ਦੋਵੇਂ ਇਸ ਗੱਲ ਲਈ ਤਿਆਰ ਹਨ ਕਿ ਪਾਰਟੀ ਜਿਸ ਨੂੰ ਵੀ ਚਿਹਰਾ ਐਲਾਨ ਦੇਵੇਗੀ, ਦੂਜਾ ਆਗੂ ਅਤੇ ਹੋਰ ਸਾਰੇ ਆਗੂ ਉਨ੍ਹਾਂ ਦੇ ਨਾਲ ਚੱਲਣਗੇ ਅਤੇ ਡਟ ਕੇ ਚੋਣ ਲੜਣਗੇ।

ਜ਼ਿਕਰਯੋਗ ਹੈ ਕਿ ਪਹਿਲਾਂ ਕਾਂਗਰਸ ਪਾਰਟੀ ਸਾਂਝੀ ਲੀਡਰਸ਼ਿਪ ਦੀ ਗੱਲ ਕਰਦੀ ਆ ਰਹੀ ਸੀ ਪਰ ਅੱਜ ਸ੍ਰੀ ਰਾਹੁਲ ਗਾਂਧੀ ਨੇ ਇਹ ਐਲਾਨ ਹੀ ਨਹੀਂ ਕੀਤਾ ਸਗੋਂ ਇਹ ਵੀ ਲਗਪਗ ਸਪਸ਼ਟ ਕਰ ਦਿੱਤਾ ਕਿ ਚਿਹਰਾ ਸ: ਸਿੱਧੂ ਅਤੇ ਸ: ਚੰਨੀ ਵਿੱਚੋਂ ਹੀ ਹੋਵੇਗਾ।

ਇਸ ਤੋਂ ਪਹਿਲਾਂ ਸ: ਸਿੱਧੂ ਅਤੇ ਸ:ਚੰਨੀ ਨੇ ਆਪੋ ਆਪਣੇ ਅੰਦਾਜ਼ ਵਿੱਚ ਆਪਣੀ ਗੱਲ ਰੱਖੀ।

ਸ: ਸਿੱਧੂ ਨੇ ਇਕ ਵਾਰ ਫ਼ਿਰ 75-25 ਚੱਲਦੇ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਲੋਕ ਜਾਣਨਾ ਚਾਹੁੰਦੇ ਹਨ ਕਿ ਲੋਕਾਂ ਨੂੰ ਚਿੱਕੜ ਵਿੱਚੋਂ ਕੌਣ ਕੱਢੇਗਾ। ਸ: ਸਿੱਧੂ ਨੇ ਸ੍ਰੀ ਰਾਹੁਲ ਗਾਂਧੀ ਦੀ ਹਾਜ਼ਰੀ ਵਿੱਚ ਕਿਹਾ ਕਿ ਅੱਜ ਗੱਲ ਚੱਲਦੀ ਹੈ ਕਿ ਚਿਹਰਾ ਕਿਹੜਾ ਦਿਉਗੇ? ਉਹਨਾਂ ਆਖ਼ਿਆ ਕਿ ਕਿਸੇ ਨੂੰ ਬਣਾਉ ਪਰ ਪੰਜਾਬ ਨੂੂੰ ਇਸ ਦੁਚਿੱਤੀ ਵਿੱਚੋਂ ਕੱਢੋ ਕਿ ਪੰਜਾਬ ਦੇ ਏਜੰਡੇ ਨੂੰ ਲਾਗੂ ਕਰਨ ਵਾਲਾ ਹੋਵੇਗਾ ਕੌਣ, ਚਿਹਰਾ ਕਿਹੜਾ ਹੋਵੇਗਾ। ਸ: ਸਿੱਧੂ ਨੇ ਕਿਹਾ ਕਿ ਜੇ ਇਹ ਸਪਸ਼ਟ ਹੋ ਜਾਂਦਾ ਹੈ ਤਾਂ ਇਹ ਗਾਰੰਟੀ ਹੈ ਕਿ 70 ਸੀਟਾਂ ਨਾਲ ਕਾਂਗਰਸ ਦੀ ਸਰਕਾਰ ਬਣੇਗੀ।

ਸ: ਸਿੱਧੂ ਨੇ ਆਪਣੇ ਸੰਬੋਧਨ ਵਿੱਚ ਸ੍ਰੀ ਰਾਹੁਲ ਗਾਂਧੀ ਨੂੰ ਇਹ ਵੀ ਸਪਸ਼ਟ ਕਰ ਦਿੱਤਾ ਕਿ ਉਨ੍ਹਾਂ ਨੂੰ ਨਿਰਣਾ ਲੈਣ ਦੀ ਤਾਕਤ ਦਿੱਤੀ ਜਾਵੇ, ਕਿਤੇ ਦਰਸ਼ਨੀ ਘੋੜਾ ਨਾ ਬਣਾ ਕੇ ਰੱਖ ਦਿੱਤਾ ਜਾਵੇ।

ਪਹਿਲੀਆਂ ਸਰਕਾਰਾਂ ਅਤੇ ਆਪਣੀ ਮੌਜੂਦਾ ਸਰਕਾਰ ’ਤੇ ਇਕ ਵਾਰ ਫ਼ਿਰ ਟਿੱਪਣੀਆਂ ਕਰਦਿਆਂ ਸ: ਸਿੱਧੂ ਨੇ ਕਿਹਾ ਕਿ ‘ਅਸੀਂ ਆਪਣਾ ਮਨ ਵੱਡੀਆਂ ਕੰਪਨੀਆਂ ਨੂੰ ਦੇ ਦਿੱਤਾ ਹੈ, ਜੋ ਵਿਧਾਨ ਸਭਾ ਵਿੱਚ ਕਾਨੂੰਨ ਸੁੱਟਦੀਆਂ ਹਨ ਅਤੇ ਵਿਧਾਇਕਾਂ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਕਿ ਇਹ ਕਾਨੂੂੰਨ ਬਣਾਇਆ ਕਿਸਨੇ ਹੈ। ਉਹਨਾਂ ਕਿਹਾ ਕਿ ਐਮ.ਐਲ.ਏ. ਡੀ.ਸੀ.ਅਤੇ ਐਸ.ਐਸ.ਪੀ ਲਾਉਣ ਲਈ ਨਹੀਂ, ਕਾਨੂੰਨ ਬਣਾਉਣ ਲਈ ਹੁੰਦੇ ਹਨ।

ਇਸੇ ਦੌਰਾਨ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਕਿਸੇ ਅਹੁਦੇ ਵਾਸਤੇ ਪੰਜਾਬ ਜਾਂ ਪਾਰਟੀ ਦਾ ਨੁਕਸਾਨ ਨਹੀਂ ਕਰਵਾ ਸਕਦੇ। ਉਹਨਾਂ ਕਿਹਾ ਕਿ ਵਿਰੋਧੀ ਕਹਿ ਰਹੇ ਹਨ ਕਿ ਇਨ੍ਹਾਂ ਦੀ ਬਰਾਤ ਦਾ ਲਾੜਾ ਕੋਈ ਨਹੀਂ ਹੈ, ਸਾਡੀ ਲੜਾਈ ਹੈ ਪਰ ਮੇਰੀ ਕਿਸੇ ਨਾਲ ਕੋਈ ਲੜਾਈ ਨਹੀਂ ਹੈ। ਇਹ ਕਹਿੰਦਿਆਂ ਉਨ੍ਹਾਂ ਨੇ ਸ: ਸਿੱਧੂ ਅਤੇ ਹੋਰਨਾਂ ਆਗੂਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਕਿ ਸਾਡੀ ਕਿਸੇ ਨਾਲ ਕੋਈ ਲੜਾਈ ਨਹੀਂ ਹੈ ਅਤੇ ਜਿਸ ਵੀ ਕਿਸੇ ਦਾ ਨਾਂਅ ਆਏਗਾ ਤਾਂ ਮੈਂ ਕਾਂਗਰਸ ਦੇ ਨਾਲ ਚੱਲਾਂਗਾ ਅਤੇ ਅੱਗੇ ਲੈ ਕੇ ਜਾਵਾਂਗੇ।

ਸ: ਚੰਨੀ ਨੇ ਵੀ ਕਿਹਾ ਕਿ ਅੱਜ ਲੋਕ ਚਿਹਰਾ ਮੰਗਦੇ ਹਨ ਅਤੇ ਪਾਰਟੀ ਨੂੰ ਚਿਹਰਾ ਐਲਾਨ ਕੇ ਇਹ ਦੁਚਿੱਤੀ ਖ਼ਤਮ ਕਰ ਦੇਣੀ ਚਾਹੀਦੀ ਹੈ।