ਇਤਰਾਜ਼ਯੋਗ ਟਿੱਪਣੀਆਂ ਲਈ ਕੇਜਰੀਵਾਲ ’ਤੇ ਕਰਾਂਗਾ ਮਾਣਹਾਨੀ ਦਾ ਕੇਸ, ਕਾਂਗਰਸ ਹਾਈਕਮਾਨ ਤੋਂ ਮੰਗੀ ਹੈ ਇਜਾਜ਼ਤ: ਚਰਨਜੀਤ ਸਿੰਘ ਚੰਨੀ

ਯੈੱਸ ਪੰਜਾਬ
ਚੰਡੀਗੜ੍ਹ, 21 ਜਨਵਰੀ, 2022 –
ਕੇਜਰੀਵਾਲ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਟਿੱਪਣੀਆਂ ਦੇ ਉੱਤਰ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕੇਜਰੀਵਾਲ ਹੁਣ ਹੱਦ ਪਾਰ ਕਰ ਚੁੱਕਾ ਹੈ ਅਤੇ ਮੈਂ ਉਸ ‘ਤੇ ਮਾਣਹਾਨੀ ਦਾ ਕੇਸ ਕਰਾਂਗਾ।

ਈਡੀ ਦੁਆਰਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਦੇ ਘਰ ਵਿੱਚ ਕੀਤੀ ਛਾਪੇਮਾਰੀ ਤੋਂ ਬਾਅਦ ਕੇਜਰੀਵਾਲ ਦੁਆਰਾ ਲਗਾਤਾਰ ਆਪਣੇ ਸੋਸ਼ਲ ਮੀਡੀਆ ਉੱਤੇ ਚੰਨੀ ਖਿਲਾਫ਼ ਕੀਤੇ ਜਾ ਰਹੇ ਕੂੜ-ਪ੍ਰਚਾਰ ਦੇ ਖਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਨ ਲਈ ਚਰਨਜੀਤ ਚੰਨੀ ਨੇ ਆਪਣੀ ਪਾਰਟੀ ਵੱਲੋਂ ਆਗਿਆ ਲੈਣ ਦੀ ਗੱਲ ਕੀਤੀ।

ਉਹਨਾਂ ਕਿਹਾ ਕਿ ਕੇਜਰੀਵਾਲ ਆਪਣੇ ਸੋਸ਼ਲ ਮੀਡੀਆ ਉੱਤੇ ਲਗਾਤਾਰ ਉਹਨਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰ ਰਿਹਾ ਹੈ।

ਕੇਜਰੀਵਾਲ ਦੇ ਰਿਸ਼ਤੇਦਾਰ ਖਿਲਾਫ਼ ਈਡੀ ਦੀ ਕਾਰਵਾਈ ਬਾਰੇ ਗੱਲ ਕਰਦਿਆਂ ਚੰਨੀ ਨੇ ਕਿਹਾ, ‘’ਜਦੋਂ ਕੇਜਰੀਵਾਲ ਦਾ ਭਤੀਜਾ 130 ਕਰੋੜ ਦੇ ਘਪਲੇ ਵਿੱਚ ਫੜ੍ਹਿਆ ਤਾਂ ਉਸ ਨੇ ਆਪਣੇ ਆਪ ਨੂੰ ਬੇਈਮਾਨ ਕਿਉਂ ਨਹੀਂ ਲਿਖਿਆ ਅਤੇ ਅੱਜ ਇਹ ਮੇਰੀ ਫੋਟੋ ਉੱਤੇ ਬੇਈਮਾਨ ਲਿਖਕੇ ਸੋਸ਼ਲ ਮੀਡੀਆ ਕਿਉਂ ਪਾ ਰਿਹਾ ਹੈ।“

ਕੇਜਰੀਵਾਲ ਦੇ ਝੂਠ ਦਾ ਪਰਦਾਫ਼ਾਸ਼ ਕਰਦੇ ਹੋਏ ਚੰਨੀ ਨੇ ਕਿਹਾ ਕਿ ਕੇਜਰੀਵਾਲ ਦੱਸਣ ਕਿ ਉਸ ਕੋਲ ਕਿੰਨੇ ਪੈਸੇ ਹਨ ਅਤੇ ਇਹ ਪੈਸਾ ਕਿੱਥੋਂ ਆ ਰਿਹਾ ਹੈ ਜੋ ਚੋਣ ਜਾਬਤਾ ਲੱਗਣ ਦੇ ਵੀ ਬਾਅਦ 200 ਕਰੋੜ ਦੇ ਇਸ਼ਤਿਹਾਰ ਆਪ ਪਾਰਟੀ ਦੇ ਚੱਲ ਰਹੇ ਹਨ। ਚੰਨੀ ਨੇ ਅੱਗੇ ਕਿਹਾ ਕਿ ਜੇ ਉਹਨਾਂ ਕੋਲ ਵੀ ਇੰਨੇ ਜ਼ਿਆਦਾ ਪੈਸੇ ਹੁੰਦੇ ਤਾਂ ਉਹ ਆਪਣੇ ਪ੍ਰਚਾਰ ਲਈ ਪੂਰੇ ਪੰਜਾਬ ਵਿੱਚ ਇਸ਼ਤਿਹਾਰ ਲਗਵਾਉਂਦੇ।

ਆਪ ਵੱਲੋਂ ਮੁੱਖ ਮੰਤਰੀ ਦੇ ਉਮੀਦਵਾਰ ਦੀ ਚੋਣ ਲਈ ਕੀਤੇ ਸਰਵੇਖਣ ਦਾ ਪਰਦਾਫ਼ਾਸ਼ ਕਰਦੇ ਹੋਏ ਚਰਨਜੀਤ ਸਿੰਘ ਚੰਨੀ ਨੇ ਕਿਹਾ ਆਰ.ਟੀ.ਆਈ. ਰਾਹੀਂ ਇਹ ਪਤਾ ਲੱਗਾ ਹੈ ਕਿ ਸਿਰਫ 7 ਹਜ਼ਾਰ ਲੋਕਾਂ ਵੱਲੋਂ ਕਾਲ ਕੀਤੀ ਗਈ ਜਦੋਂਕਿ ਕੇਜਰੀਵਾਲ ਝੂਠ ਬੋਲ ਰਿਹਾ ਹੈ ਕਿ 21 ਲੱਖ ਲੋਕਾਂ ਨੇ ਕਾਲ ਕੀਤੀ ਹੈ। ਆਪ ਦੇ ਮੁੱਖ ਮੰਤਰੀ ਦੇ ਦਾਅਵੇਦਾਰ ਦੁਆਰਾ ਸ਼ਰਾਬ ਛੱਡਣ ਦੀ ਝੂਠੀ ਸਹੁੰ ਨੂੰ ਯਾਦ ਕਰਦਿਆਂ ਉਹਨਾਂ ਨੇ ਕਿਹਾ ਕਿ ਸਟੇਜ ਚਲਾਉਣਾ ਅਤੇ ਸਰਕਾਰ ਚਲਾਉਣਾ ਇੱਕ ਬਰਾਬਰ ਨਹੀਂ ਹੈ।

ਮੁੱਖ ਮੰਤਰੀ ਚੰਨੀ ਨੇ ਕਿਹਾ, “ਮੇਰੇ ਪਰਿਵਾਰ ਵਿੱਚ ਜੇਕਰ ਪੈਸਾ ਆਇਆ ਹੋਵੇ ਤਾਂ ਤੁਸੀਂ ਮੈਨੂੰ ਫਾਂਸੀ ਦਿਓ, ਮੈਂ ਇਲੈਕਸ਼ਨ ਨਹੀਂ ਲੜ੍ਹਾਂਗਾ ਪਰ ਜਾਣਬੁੱਝ ਕਿਸੇ ਨੂੰ ਦੋਸ਼ ਨਾ ਦਿਓ। ਕੇਜਰੀਵਾਲ ਧੋਖੇਬਾਜ਼ ਹੈ ਅਤੇ ਮੈ ਇਸ ਉੱਪਰ ਮਾਣਹਾਨੀ ਦਾ ਦਾਅਵਾ ਕਰਾਂਗਾ।ਇਹ ਬੰਦਾ ਹਰ ਕਿਸੇ ਨੂੰ ਇਲੈਕਸ਼ਨ ਵਿੱਚ ਬਦਨਾਮ ਕਰਦਾ ਹੈ ਅਤੇ ਬਾਅਦ ਵਿੱਚ ਮੁਆਫ਼ੀ ਮੰਗ ਲੈਂਦਾ ਹੈ।“

ਕੇਜਰੀਵਾਲ ਨੂੰ ਮੁਆਫ਼ ਕਰਨ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦੇ ਹੋਏ ਚੰਨੀ ਨੇ ਕਿਹਾ, “ਉਹ ਕਿੰਨੇ ਲੋਕਾਂ ਤੋਂ ਮੁਆਫ਼ੇ ਮੰਗੇਗਾ। ਉਸ ਨੂੰ ਸਹੀ ਰਸਤੇ ‘ਤੇ ਆ ਜਾਣਾ ਚਾਹੀਦਾ ਹੈ।“

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ