Thursday, March 20, 2025
spot_img
spot_img
spot_img
spot_img

ਆਜ਼ਾਦੀ ਘੁਲਾਟੀਆਂ, ਸਾਬਕਾ ਸੈਨਿਕਾਂ, ਵਿਧਵਾਵਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਭਲਾਈ ਸਭ ਤੋਂ ਵੱਡੀ ਤਰਜੀਹ: Mohinder Bhagat

ਯੈੱਸ ਪੰਜਾਬ
ਲੁਧਿਆਣਾ, 18 ਫਰਵਰੀ, 2025

Punjab ਦੇ ਸੁਤੰਤਰਤਾ ਸੈਨਾਨੀ ਅਤੇ ਰੱਖਿਆ ਭਲਾਈ ਮੰਤਰੀ Mohinder Bhagat ਨੇ ਕਿਹਾ ਕਿ ਸੁਤੰਤਰਤਾ ਸੈਨਾਨੀਆਂ, ਸਾਬਕਾ ਸੈਨਿਕਾਂ, ਵਿਧਵਾਵਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਭਲਾਈ ਸੂਬਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ।

ਵਿਧਾਨ ਸਭਾ ਹਲਕਾ Ludhiana ਉੱਤਰੀ ਵਿਧਾਇਕ ਮਦਨ ਲਾਲ ਬੱਗਾ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ਅਤੇ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦੇ ਦੌਰੇ ਦੌਰਾਨ ਕੈਬਨਿਟ ਮੰਤਰੀ ਭਗਤ ਨੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਦੀਆਂ ਅਸਲ ਲੋੜਾਂ ਨੂੰ ਪੂਰਾ ਕਰਨ ਲਈ ਆਪਣੇ ਵਿਭਾਗ ਦੀ ਵਚਨਬੱਧਤਾ ਪ੍ਰਗਟਾਈ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰਾਸ਼ਟਰ ਇਨ੍ਹਾਂ ਬਹਾਦਰ ਯੋਧਿਆਂ ਦਾ ਹਮੇਸ਼ਾ ਰਿਣੀ ਰਹੇਗਾ ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਆਜ਼ਾਦੀ ਮਿਲੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਗਰੁੱਪ ਏ, ਬੀ, ਸੀ ਅਤੇ ਡੀ ਅਸਾਮੀਆਂ ਵਿੱਚ ਈ.ਐਸ.ਐਮ. ਲਈ 13 ਫੀਸਦ ਅਸਾਮੀਆਂ ਰਾਖਵੀਆਂ ਹਨ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਆਜ਼ਾਦੀ ਘੁਲਾਟੀਆਂ, ਸਾਬਕਾ ਸੈਨਿਕਾਂ ਅਤੇ ਵਿਧਵਾਵਾਂ ਜਦੋਂ ਵੀ ਸਰਕਾਰੀ ਦਫ਼ਤਰਾਂ ਵਿੱਚ ਆਉਣ ਤਾਂ ਉਨ੍ਹਾਂ ਦੇ ਮਸਲਿਆਂ ਨੂੰ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇ।

ਕੈਬਨਿਟ ਮੰਤਰੀ ਭਗਤ ਨੇ ਉਨ੍ਹਾਂ ਨੂੰ ਕੁਸ਼ਲ ਅਤੇ ਪਾਰਦਰਸ਼ੀ ਸੇਵਾਵਾਂ ਪ੍ਰਦਾਨ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਅਧਿਕਾਰੀਆਂ ਨੂੰ ਸਾਰੀਆਂ ਮੁਸ਼ਕਿਲਾਂ ਤੁਰੰਤ ਹੱਲ ਕਰਨ ਲਈ ਕਿਹਾ। ਉਨ੍ਹਾਂ ਮਹਾਰਾਜਾ ਰਣਜੀਤ ਸਿੰਘ ਜੰਗੀ ਅਜਾਇਬ ਘਰ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਸਾਡੇ ਸ਼ਹੀਦਾਂ ਦੇ ਇਤਿਹਾਸ ਅਤੇ ਆਜ਼ਾਦੀ ਤੋਂ ਬਾਅਦ ਹੋਈਆਂ ਜੰਗਾਂ ਬਾਰੇ ਜਾਣਨ ਲਈ ਵਿਸ਼ੇਸ਼ ਸਥਾਨ ਹੈ।

ਕੈਬਨਿਟ ਮੰਤਰੀ ਨੇ ਅਗਨੀਵੀਰ ਅਜੈ ਕੁਮਾਰ ਦੇ ਮਾਤਾ-ਪਿਤਾ ਨੂੰ ਵੀ ਸਨਮਾਨਿਤ ਕੀਤਾ, ਜਿਨ੍ਹਾਂ 17 ਸਿੱਖ ਐਲ.ਆਈ. ਵਿਚ ਸੇਵਾ ਕੀਤੀ ਅਤੇ ਅਪਰੇਸ਼ਨ ਰਕਸ਼ਕ ਦੇ ਹਿੱਸੇ ਵਜੋਂ 18 ਜਨਵਰੀ, 2024 ਨੂੰ ਅਪਰੇਸ਼ਨਲ ਡਿਊਟੀ ਦੌਰਾਨ ਜੰਮੂ-ਕਸ਼ਮੀਰ ਦੇ ਕਲਾਲ ਸੈਕਟਰ ਵਿਖੇ ਬਾਰੂਦੀ ਸੁਰੰਗ ਦੇ ਧਮਾਕੇ ਵਿਚ ਆਪਣੀ ਜਾਨ ਗੁਆ ਦਿੱਤੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਸਾਲ ਅਜੈ ਕੁਮਾਰ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਰਾਸ਼ੀ ਦਾ ਚੈੱਕ ਸੌਂਪਿਆ ਸੀ।

ਇਸ ਤੋਂ ਇਲਾਵਾ ਕੈਬਨਿਟ ਮੰਤਰੀ ਨੇ 112 ਇੰਜਨੀਅਰ ਰੈਜੀਮੈਂਟ ਵਿੱਚ ਸੇਵਾ ਨਿਭਾਅ ਰਹੇ ਨਾਇਕ ਰਣਜੀਤ ਸਿੰਘ ਦੀ ਵਿਧਵਾ ਸੁਖਵੀਰ ਕੌਰ ਨੂੰ ਫਲੈਗ ਡੇਅ ਫੰਡ ਵਿੱਚੋਂ 1 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਜਿਨ੍ਹਾਂ ਦੀ 10 ਨਵੰਬਰ, 2024 ਨੂੰ ਡਿਊਟੀ ਦੌਰਾਨ ਮੌਤ ਹੋ ਗਈ ਸੀ। ਉਨ੍ਹਾਂ ਫਲੈਗ ਡੇਅ ਫੰਡ ਵਿੱਚੋਂ 12 ਸੇਵਾਮੁਕਤ ਗੈਰ-ਪੈਨਸ਼ਨਰਾਂ ਅਤੇ ਵਿਧਵਾਵਾਂ ਨੂੰ 5-5 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇ ਚੈੱਕ ਵੀ ਵੰਡੇ।

ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਲੁਧਿਆਣਾ ਦੇ ਆਪਣੇ ਪਹਿਲੇ ਦੌਰੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜਾਇਬ ਘਰ ਵਿਖੇ ਗਾਰਡ ਆਫ਼ ਆਨਰ ਦਿੱਤਾ ਗਿਆ। ਉਨ੍ਹਾਂ ਪੰਜਾਬ ਪੁਲੀਸ ਦੇ ਗਾਰਡ ਆਫ਼ ਆਨਰ ਤੋਂ ਸਲਾਮੀ ਲਈ ਅਤੇ ਯਾਦਗਾਰ ‘ਤੇ ਫੁੱਲਮਾਲਾਵਾਂ ਭੇਟ ਕੀਤੀਆਂ।

ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕੈਬਨਿਟ ਮੰਤਰੀ ਦਾ ਅਜਾਇਬ ਘਰ ਵਿੱਚ ਸਵਾਗਤ ਕੀਤਾ। ਉਨ੍ਹਾਂ ਚੱਲ ਰਹੀਆਂ ਸਕੀਮਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨਾਲ ਸੰਖੇਪ ਮੀਟਿੰਗ ਵੀ ਕੀਤੀ।

ਇਸ ਮੌਕੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਡਾਇਰੈਕਟਰ ਬ੍ਰਿਗੇਡੀਅਰ ਭੁਪਿੰਦਰ ਸਿੰਘ ਢਿੱਲੋਂ (ਸੇਵਾਮੁਕਤ), ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਗਰੁੱਪ ਕੈਪਟਨ ਦਵਿੰਦਰ ਸਿੰਘ ਢਿੱਲੋਂ (ਸੇਵਾਮੁਕਤ) ਅਤੇ ਹੋਰ ਵੀ ਹਾਜ਼ਰ ਸਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ