ਅੱਜ-ਨਾਮਾ
ਆਗੂ ਹੋਰ ਇੱਕ ਬੋਲ ਪਿਆ ਭਾਜਪਾ ਦਾ,
ਅਗਲੀ ਹੱਦ ਵੀ ਕਰ ਗਿਆ ਪਾਰ ਮੀਆਂ।
ਭਾਰਤ-ਪਾਕਿ ਖਿਚਾਅ ਦਾ ਜ਼ਿਕਰ ਕੀਤਾ,
ਕੀਤਾ ਏ ਧਿਰ ਵਿਰੋਧੀ ਵੱਲ ਵਾਰ ਮੀਆਂ।
ਲਫਜ਼ ਜ਼ਬਾਨ ਤੋਂ ਜਿਹੜੇ ਸਨ ਓਸ ਕੱਢੇ,
ਹੁੰਦਾ ਏ ਸੁਣਨ ਵਾਲਾ ਸ਼ਰਮਸਾਰ ਮੀਆਂ।
ਭਾਸ਼ਾ ਏਦਾਂ ਦੀ ਵਰਤੀ ਤੇ ਸੋਚਿਆ ਨਹੀਂ,
ਸੁਣ ਕੇ ਕਹੂ ਕੀ ਉਹਦਾ ਪਰਵਾਰ ਮੀਆਂ।
ਛਿੱਕਾ ਲੀਡਰਾਂ ਦਾ ਲੱਥਿਆ ਸਾਫ ਦਿੱਸਦਾ,
ਸਭ ਸਮਾਜ ਦੀ ਭੁੱਲੀ ਪਈ ਸ਼ਰਮ ਮੀਆਂ।
ਸਿੱਧਾ ਚਮਕਣ ਦਾ ਲੱਭ ਲਿਆ ਫਾਰਮੂਲਾ,
ਭੁੱਲਾ ਅਸੂਲ-ਸੰਵਿਧਾਨ ਦਾ ਭਰਮ ਮੀਆਂ।
-ਤੀਸ ਮਾਰ ਖਾਂ
18 ਮਈ, 2025