ਯੈੱਸ ਪੰਜਾਬ
ਅੰਮ੍ਰਿਤਸਰ 19 ਮਾਰਚ 2023:
‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਬਾਰੇ ਪਰਿਵਾਰ ਨੂੰ ਅਜੇ ਵੀ ਕੁਝ ਖ਼ਬਰ ਨਹੀਂ ਹੈ।
ਅੰਮ੍ਰਿਤਪਾਲ ਸਿੰਘ ਦੇ ਪਿਤਾ ਸ: ਤਰਸੇਮ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਬੇਟੇ ਦੀ ਕੋਈ ਉੱਘ ਸੁੱਘ ਨਹੀਂ ਹੈ। ਉਹਨਾਂ ਨੂੰ ਨਹੀਂ ਪਤਾ ਕਿ ਉਹ ਗ੍ਰਿਫ਼ਤਾਰ ਹੋ ਚੁੱਕਾ ਹੈ ਜਾਂ ਫ਼ਿਰ ਬਾਹਰ ਹੈ।
ਉਹਨਾਂ ਕਿਹਾ ਕਿ ਸਨਿਚਰਵਾਰ ਨੂੰ ਪੁਲਿਸ ਨੇ ਉਨ੍ਹਾਂ ਦੇ ਘਰ ਵਿਖ਼ੇ 3-4 ਘੰਟੇ ਤਲਾਸ਼ੀ ਮੁਹਿੰਮ ਚਲਾਈ ਜਿਸ ਦੌਰਾਨ ਕੁਝ ਵੀ ਗੈਰ ਕਾਨੂੰਨੀ ਨਹੀਂ ਮਿਲਿਆ।
ਸ: ਤਰਸੇਮ ਸਿੰਘ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਕੋਈ ਸਹੀ ਜਾਣਕਾਰੀ ਮਿਲੇ, ਉਸਤੋਂ ਬਾਅਦ ਹੀ ਇਸ ਬਾਰੇ ਕੋਈ ਟਿੱਪਣੀ ਕਰ ਸਕਦੇ ਹਾਂ।
ਉਹਨਾਂ ਆਖ਼ਿਆ ਕਿ ਅੰਮ੍ਰਿਤਸਰ ਦੇ ਐੱਸ.ਐੱਸ.ਪੀ. ਦਿਹਾਤੀ ਵੀ ਆਏ ਸਨ ਤੇ ਉਨ੍ਹਾਂ ਵੀ ਆਖ਼ਿਆ ਸੀ ਕਿ ਉਨ੍ਹਾਂ ਨੂੰ ਵੀ ਅਜੇ ਕੋਈ ਜਾਣਕਾਰੀ ਨਹੀਪਂ ਹੈ।
ਸ: ਤਰਸੇਮ ਸਿੰਘ ਨੇ ਖ਼ਦਸ਼ਾ ਪ੍ਰਗਟ ਕੀਤਾ ਕਿ ਹੋ ਸਕਦੈ ਕਿ ਕੋਈ ਜਾਣਕਾਰੀ ਸਾਡੇ ਤੋਂ ਲੁਕਾਈ ਜਾ ਰਹੀ ਹੋਵੇ।
ਉਹਨਾਂ ਆਖ਼ਿਆ ਕਿ ਜੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨਾ ਸੀ ਤਾਂ ਘਰੋਂ ਕੀਤਾ ਜਾ ਸਕਦਾ ਸੀ। ਉਹਨਾਂ ਕਿਹਾ ਕਿ ਸਨਿਚਰਵਾਰ ਸਵੇਰੇ ਉਹ ਘਰੋਂ 8.30 ਨੌਂ ਵਜੇ ਦੇ ਕਰੀਬ ਨਿਕਲਿਆ ਸੀ।
ਜ਼ਿਕਰਯੋਗ ਹੈ ਕਿ ਸਨਿਚਰਵਾਰ ਦੁਪਹਿਰ ਤੋਂ ਹੀ ਪੁਲਿਸ ਅਤੇ ਕੇਂਦਰੀ ਸੁਰੱਖ਼ਿਆ ਬਲਾਂ ਨੇ ਪਿੰਡ ਜੱਲੂਪੁਰ ਖ਼ੇੜਾ ਨੂੰ ਸੀਲ ਕੀਤਾ ਹੋਇਆ ਹੈ ਅਤੇ ਪਿੰਡ ਨੂੰ ਆਉਣ ਜਾਣ ਵਾਲੇ ਸਾਰੇ ਰਸਤਿਆਂ ’ਤੇ ਸਖ਼ਤ ਪਹਿਰਾ ਦਿੱਤਾ ਜਾ ਰਿਹਾ ਹੈ।