ਹੁਸਨ ਲੜਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, ਜੁਲਾਈ 11, 2024:
ਅਮਰੀਕਾ ਦੇ ਟੈਕਸਾਸ ਰਾਜ ਦੇ ਤੱਟੀ ਖੇਤਰ ਵਿਚ ਤੜਕਸਾਰ ਆਏ ਜਬਰਦਸਤ ਤੂਫਾਨ ਤੇ ਮੀਂਹ ਕਾਰਨ ਜਨਜੀਵਨ ਉਪਰ ਵਿਆਪਕ ਅਸਰ ਪਿਆ ਹੈ। ਤੂਫਾਨ ਨੇ ਵਿਆਪਕ ਤਬਾਹੀ ਮਚਾਈ ਹੈ। ਪੂਰਬੀ ਟੈਕਸਾਸ ਦਾ ਜਿਆਦਾਤਰ ਹਿੱਸਾ ਤੂਫਾਨ ਤੋਂ ਪ੍ਰਭਾਵਿਤ ਹੋਇਆ ਹੈ।
ਨੈਸ਼ਨਲ ਹੁਰੀਕੇਨ ਸੈਂਟਰ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਹੋਸਟਨ ਖੇਤਰ ਵਿਚ ਮੋਹਲੇਧਾਰ ਮੀਂਹ ਤੇ 80 ਮੀਲ ਦੀ ਰਫਤਾਰ ਨਾਲ ਚੱਲੀਆਂ ਹਵਾਵਾਂ ਨੇ ਜਨ ਜੀਵਨ ਅਸਥ ਵਿਅਸਥ ਕਰ ਦਿੱਤਾ ਹੈ।
ਖਤਰਨਾਕ ਹਾਲਾਤ ਬਣ ਗਏ ਹਨ ਜਿਸ ਕਾਰਨ ਬਚਾਅ ਆਪਰੇਸ਼ਨ ਚਲਾਉਣਾ ਪਿਆ ਹੈ। ਸੈਂਟਰ ਅਨੁਸਾਰ ਸੈਂਕੜੇ ਹਵਾਈ ਉਡਾਣਾਂ ਪ੍ਰਭਾਵਿਤ ਹੋਈਆਂ ਹਨ ਤੇ 20 ਲੱਖ ਤੋਂ ਵਧ ਲੋਕ ਬਿਨਾਂ ਬਿਜਲੀ ਰਹਿ ਰਹੇ ਹਨ।
ਹੋਸਟਨ ਦੇ ਮੇਅਰ ਜੌਹਨ ਵਿਟਮਿਰ ਨੇ ਕਿਹਾ ਹੈ ਕਿ ਸ਼ਹਿਰ ਦੇ ਜਿਆਦਾਤਰ ਹਿੱਸੇ ਵਿਚ 10 ਇੰਚ ਤੋਂ ਵਧ ਪਾਣੀ ਹੈ।
ਸ਼ੈਰਿਫ ਐਡ ਗੋਨਜ਼ਾਲੇਜ਼ ਅਨੁਸਾਰ ਹੋਸਟਨ ਦੇ ਉੱਤਰ ਪੂਰਬ ਵਿਚ ਹੈਰਿਸ ਕਾਊਂਟੀ ਦੇ ਨੀਮ ਸ਼ਹਿਰੀ ਖੇਤਰ ਵਿਚ ਇਕ ਘਰ ਉਪਰ ਦਰੱਖਤ ਡਿੱਗਣ ਕਾਰਨ ਇਕ ਵਿਅਕਤੀ ਦੀ ਘਰ ਦੇ ਮਲਬੇ ਹੇਠ ਦੱਬਣ ਨਾਲ ਮੌਤ ਹੋ ਗਈ ਜਦ ਕਿ ਉੱਤਰੀ ਹੈਰਿਸ ਕਾਊਂਟੀ ਵਿਚ ਇਕ ਹੋਰ ਘਰ ਉਪਰ ਦਰੱਖਤ ਡਿੱਗਣ ਕਾਰਨ ਇਕ 74 ਸਾਲਾ ਔਰਤ ਮਾਰੀ ਗਈ।