Wednesday, December 25, 2024
spot_img
spot_img
spot_img

ਅਮਨ ਅਰੋੜਾ ਬਣੇ ‘ਆਪ’ ਪੰਜਾਬ ਦੇ ਪ੍ਰਧਾਨ, ਸ਼ੈਰੀ ਕਲਸੀ ਨੂੰ ਮਿਲੀ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ

ਯੈੱਸ ਪੰਜਾਬ
ਚੰਡੀਗੜ੍ਹ, 22 ਨਵੰਬਰ, 2024:
‘Aam Aadmi Party’ ਨੇ ਇੱਕ ਵੱਡਾ ਫ਼ੈਸਲਾ ਲੈਂਦਿਆਂ ਪਾਰਟੀ ਦੇ ਸੀਨੀਅਰ ਆਗੂ ਸ੍ਰੀ Aman Arora ਨੂੰ ‘ਆਪ’ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਉਹਨਾਂ ਦੇ ਨਾਲ ਹੀ ਪਾਰਟੀ ਦੇ ਇੱਕ ਨੌਜਵਾਨ ਆਗੂ Amansher Singh Sherry Kalsi ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ।

ਉਨ੍ਹਾਂ ਦੇ ਨਾਂਅ ਦਾ ਐਲਾਨ ਕਰਦਾ ਇੱਕ ਟਵੀਟ ਅੱਜ ਦੁਪਹਿਰ ਪੰਜਾਬ ਦੇ ਮੁੱਖ ਮੰਤਰੀ ਅਤੇ ਹੁਣ ਤਕ ਪਾਰਟੀ ਦੇ ਸੂਬਾ ਪ੍ਰਧਾਨ ਰਹੇ ਸ: ਭਗਵੰਤ ਸਿੰਘ ਮਾਨ ਨੇ ਕਰਦਿਆਂ ਦੋਹਾਂ ਆਗੂਆਂ ਦੇ ਨਾਲ ਇੱਕ ਸਾਂਝੀ ਤਸਵੀਰ ਸ਼ੇਅਰ ਕੀਤੀ।

ਇਸ ਸੰਬੰਧ ਵਿੱਚ ਦੋਹਾਂ ਆਗੂਆਂ ਨਾਲ ਮੁੱਖ ਮੰਤਰੀ ਨਿਵਾਸ ਵਿਖ਼ੇ ਮੁਲਾਕਾਤ ਤੋਂ ਬਾਅਦ ਸ: ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ‘ਐਕਸ’ ’ਤੇ ਹੇਠ ਲਿਖ਼ਿਆ ਸੁਨੇਹਾ ਪੋਸਟ ਕੀਤਾ:

ਅੱਜ ਮੈਂ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਆਪਣੇ ਦੋ ਕਰੀਬੀ ਸਾਥੀ ਕੈਬਿਨੇਟ ਮੰਤਰੀ ਅਮਨ ਅਰੋੜਾ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਸੌਂਪ ਦਿੱਤੀ ਹੈ। ਪਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਅਮਨ ਅਰੋੜਾ ਪਾਰਟੀ ਪ੍ਰਧਾਨ ਅਤੇ ਸ਼ੈਰੀ ਕਲਸੀ ਉੱਪ ਪ੍ਰਧਾਨ ਦੇ ਤੌਰ ‘ਤੇ ਕੰਮ ਕਰਨਗੇ। ਮੈਨੂੰ ਆਪਣੇ ਦੋਵਾਂ ਸਾਥੀਆਂ ‘ਤੇ ਪੂਰਾ ਭਰੋਸਾ ਹੈ ਕਿ ਉਹ ਆਉਣ ਵਾਲੇ ਸਮੇਂ ‘ਚ ਪਾਰਟੀ ਅਤੇ ਸੰਗਠਨ ਨੂੰ ਪੰਜਾਬ ‘ਚ ਹੋਰ ਮਜ਼ਬੂਤ ਕਰਨਗੇ ਤੇ ਨਵੀਆਂ ਬੁਲੰਦੀਆਂ ‘ਤੇ ਲੈ ਕੇ ਜਾਣਗੇ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸ: ਭਗਵੰਤ ਸਿੰਘ ਮਾਨ ਨੇ ਖੁਦ ਇਹ ਇੱਛਾ ਜ਼ਾਹਿਰ ਕੀਤੀ ਸੀ ਕਿ ਪਾਰਟੀ ਕਿਸੇ ਹੋਰ ਨੂੰ ਪ੍ਰਧਾਨ ਨਿਯੁਕਤ ਕਰ ਲਵੇ ਕਿਉਂਕਿ ਉਨ੍ਹਾਂ ਦੇ ਮੋਢਿਆਂ ’ਤੇ ਮੁੱਖ ਮੰਤਰੀ ਦੇ ਤੌਰ ’ਤੇ ਹੀ ਕਾਫ਼ੀ ਵੱਡੀ ਜ਼ਿੰਮੇਵਾਰੀ ਹੈ।

ਉਹਨਾਂ ਦੇ ਉਕਤ ਐਲਾਨ ਤੋਂ ਬਾਅਦ ਇਹ ਸਮਝਿਆ ਜਾ ਰਿਹਾ ਸੀ ਕਿ ਪਾਰਟੀ ਛੇਤੀ ਹੀ ਕਿਸੇ ਹੋਰ ਸੀਨੀਅਰ ਆਗੂ ਨੂੰ ਪ੍ਰਧਾਨ ਨਿਯੁਕਤ ਕਰ ਸਕਦੀ ਹੈ।

ਵਰਨਣਯੋਗ ਹੈ ਕਿ ਸ੍ਰੀ ਅਮਨ ਅਰੋੜਾ ਲਗਾਤਾਰ ਦੋ ਵਾਰ ਸੁਨਾਮ ਤੋਂ ਵਿਧਾਇਕ ਚੁਣੇ ਗਏ ਅਤੇ ਦੂਜੀ ਵਾਰ 2022 ਵਿੱਚ ਉਹ 94 ਹਜ਼ਾਰ ਤੋਂ ਵੱਧ ਵੋਟਾਂ ਹਾਸਲ ਕਰਕੇ ਵੱਡੇ ਫ਼ਰਕ ਨਾਲ ਜੇਤੂ ਰਹੇ ਸਨ। ਉਹ ਇਸ ਵੇਲੇ ਪੰਜਾਬ ਮੰਤਰੀਮੰਡਲ ਵਿੱਚ ਕੈਬਨਿਟ ਮੰਤਰੀ ਵਜੋਂ ਸੇਵਾ ਨਿਭਾਅ ਰਹੇ ਹਨ।

ਇਸੇ ਤਰ੍ਹਾਂ ਸ਼ੈਰੀ ਕਲਸੀ ਬਟਾਲਾ ਤੋਂ ਵਿਧਾਇਕ ਹਨ ਅਤੇ ਪਾਰਟੀ ਨੇ ਗੁਰਦਾਸਪੁਰ ਤੋਂ ਉਨ੍ਹਾਂ ਨੂੰ ਲੋਕ ਸਭਾ ਚੋਣ ਵੀ ਲੜਾਈ ਸੀ ਪਰ ਉਹ ਇਹ ਚੋਣ ਜਿੱਤ ਨਹੀਂ ਸਕੇ ਸਨ।

ਆਪਣੀ ਨਿਯੁਕਤੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਸ੍ਰੀ ਅਰਵਿੰਦ ਕੇਜਰੀਵਾਲ, ਸ੍ਰੀ ਭਗਵੰਤ ਮਾਨ ਅਤੇ ਪਾਰਟੀ ਦੇ ਕੌਮੀ ਆਗੂ ਸ੍ਰੀ ਸੰਦੀਪ ਪਾਠਕ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਸ: ਭਗਵੰਤ ਸਿੰਘ ਮਾਨ ਦੀ ਟੀਮ ਬਣ ਕੇ ਅਤੇ ਸਭ ਨੂੰ ਨਾਲ ਲੈ ਕੇ ਚੱਲਣਗੇ।

ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸੂਬਾ ਪ੍ਰਧਾਨ ਨੇ ਖ਼ੁਦ ਪ੍ਰਧਾਨਗੀ ਛੱਡਣ ਦੀ ਗੱਲ ਕਹੀ ਹੋਵੇ।

ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਹੋਵੇਗਾ ਕਿ ਉਹ ਸਰਕਾਰ ਦੇ ਕੰਮ ਲੋਕਾਂ ਤਕ ਲੈ ਕੇ ਜਾਣ ਅਤੇ ਲੋਕਾਂ ਦੇ ਮਸਲੇ ਸਰਕਾਰ ਤਕ ਪਹੁੰਚਾਉਣ। ਉਨ੍ਹਾਂ ਆਖ਼ਿਆ ਕਿ ਉਹ ਪਾਰਟੀ ਦੇ ਹਰ ਛੋਟੇ ਵੱਡੇ ਆਗੂ ਅਤੇ ਅਹੁਦੇਦਾਰਾਂ ਨੂੰ ਨਾਲ ਲੈ ਕੇ ਚੱਲਣਗੇ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ