ਅਗਲੀ ਸੁਣਦੇ ਨੇ ਵਾਰੀ ਅਕਾਲੀਆਂ ਦੀ, ਅੱਕ ਹੈ ਜਾਂਵਦੀ ਜੜ੍ਹਾਂ ਵਿੱਚ ਚੋਈ ਬੇਲੀ

ਅੱਜ-ਨਾਮਾ

ਝਾਰਖੰਡ ਵਿੱਚ ਚੋਣ ਦਾ ਵਕਤ ਆਇਆ,
ਰਿਹਾ ਹੈ ਭਾਜਪਾ ਨਾਲ ਨਹੀਂ ਕੋਈ ਬੇਲੀ।

ਸਹਿਯੋਗੀ ਆਖਦੇ ਅਸਾਂ ਨੂੰ ਵਰਤ ਚੁੱਕੀ,
ਪਿੱਛੋਂ ਸਾਡੀ ਨਹੀਂ ਕਦੀ ਵੀ ਹੋਈ ਬੇਲੀ।

ਊਧਵ ਠਾਕਰੇ ਨੂੰ ਏਦਾਂ ਈ ਲਾਈ ਠਿੱਬੀ,
ਨਿਤੀਸ਼ ਨਾਲ ਵੀ ਹੋਊ ਫਿਰ ਸੋਈ ਬੇਲੀ।

ਅਗਲੀ ਸੁਣਦੇ ਨੇ ਵਾਰੀ ਅਕਾਲੀਆਂ ਦੀ,
ਅੱਕ ਹੈ ਜਾਂਵਦੀ ਜੜ੍ਹਾਂ ਵਿੱਚ ਚੋਈ ਬੇਲੀ।

ਮਹਿਬੂਬਾ ਮੁਫਤੀ ਹੈ ਜੇਲ੍ਹ ਵਿੱਚ ਅਜੇ ਤਾੜੀ,
ਦਿੱਤਾ ਆਉਣ ਅਬਦੁੱਲਾ ਨਹੀਂ ਬਾਹਰ ਬੇਲੀ।

ਝੁੱਗਾ ਉਹਦਾ ਬਈ ਆਖਰ ਵਿੱਚ ਚੌੜ ਹੁੰਦੈ,
ਜਿਹੜਾ ਏਦਾਂ ਦੀ ਬਣ ਗਿਆ ਠਾਹਰ ਬੇਲੀ।

-ਤੀਸ ਮਾਰ ਖਾਂ
ਨਵੰਬਰ 20, 2019