ਅਕਾਲ ਤਖ਼ਤ ਲੌਂਗੋਵਾਲ ਅਤੇ ਰਜਿੰਦਰ ਸਿੰਘ ਮਹਿਤਾ ਨੂੰ ਅਸਤੀਫ਼ੇ ਦੇਣ ਦਾ ਹੁਕਮ ਦੇਵੇ: ‘ਅਲਾਇੰਸ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼’

ਅੰਮ੍ਰਿਤਸਰ, 16 ਸਤੰਬਰ, 2020:

35 ਸਿੱਖ ਜੱਥੇਬੰਦੀਆਂ ਦੇ ਗਠਜੋੜ ‘ਅਲਾਇੰਸ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼’ ਅਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਅੱਜ ਸਾਂਝੇ ਰੂਪ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ ਜਿਸ ਰਾਹੀਂ ਮੰਗ ਕੀਤੀ ਗਈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਨੂੰ ਅਸਤੀਫ਼ੇ ਦੇਣ ਦਾ ਹੁਕਮ ਕੀਤਾ ਜਾਵੇ ਅਤੇ ਇਨ੍ਹਾਂ ਦੇ ਮੁੜ ਕਿਸੇ ਸਿੱਖ ਸੰਸਥਾ ਦੀ ਕੋਈ ਚੋਣ ਲੜਨ ’ਤੇ ਪਾਬੰਦੀ ਲਗਾਈ ਜਾਵੇ।

ਸਿੱਖ ਆਗੂਆਂ ਵੱਲੋਂ ਅੱਜ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪਿਆ ਗਿਆ ਪੱਤਰ ਹੇਠ ਲਿਖ਼ੇ ਅਨੁਸਾਰ ਹੈ:

ਸਤਿਕਾਰਯੋਗ ਜਥੇਦਾਰ ਸਾਹਿਬ
ਸ੍ਰੀ ਅਕਾਲ ਤਖ਼ਤ ਸਾਹਿਬ
ਸ੍ਰੀ ਅੰਮ੍ਰਿਤਸਰ ਸਾਹਿਬ

੧ ਅਸੀਂ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਦੀ 18 ਮਈ 2016 ਦੀ ਰਾਤ ਨੂੰ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਸਥਿਤ ਪਬਲੀਕੇਸ਼ਨ ਵਿਭਾਗ ਵਿੱਚ ਲੱਗੀ ਅੱਗ ਤੋਂ ਬਾਅਦ ਨੁਕਸਾਨੇ ਤੇ ਬੇਅਦਬ ਹੋਏ ਪਾਵਨ ਸਰੂਪਾਂ ਦੀ ਗਿਣਤੀ ਬਾਰੇ ਅਤੇ ਘਟਨਾ ਦੀ ਅਸਲ ਸੱਚਾਈ 4 ਸਾਲ ਤੱਕ ਸਮੁੱਚੀ ਸਿੱਖ ਕੌਮ ਤੋਂ ਲੁਕਾ ਕੇ ਰਖਣ ਅਤੇ ਕੌਮ ਨਾਲ ਝੂਠ ਬੋਲਣ, ਮਰਿਆਦਾ ਦੀ ਉਲੰਘਣਾ ਕਰਨ, ਅਸਿੱਧੇ ਰੂਪ ਵਿੱਚ ਬੇਅਦਬੀ ਕਰਨ ਅਤੇ ਘਟਨਾ ਨਾਲ ਸੰਬੰਧਤ ਸਬੂਤਾਂ ਨੂੰ ਲੁਕਾਉਣ ਅਤੇ ਨਸ਼ਟ ਕਰਨ ਦੀ ਗੱਲ ਅੱਜ ਸਾਬਤ ਹੋ ਗਈ ਹੈ!

ਕੌਮ ਨਾਲ ਧ੍ਰੋਹ ਕਮਾਉਣ ਅਤੇ ਹੁਣ ਤੱਕ ਵੀ ਇਸ ਸਬੰਧੀ ਸੱਚ ਨੂੰ ਲੁਕਾ ਕੇ ਸਮੁੱਚੀ ਸਿੱਖ ਕੌਮ ਨਾਲ ਝੂਠ ਬੋਲਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਦੋਸ਼ੀ ਹਨ !

ਖਾਸ ਤੌਰ ਤੇ ਰਾਜਿੰਦਰ ਸਿੰਘ ਮਹਿਤਾ ਇਸ ਘਟਨਾ ਤੇ ਪਰਦਾ ਪਾਉਣ ਲਈ ਵਾਰ ਵਾਰ ਪ੍ਰੈੱਸ ਵਿੱਚ ਝੂਠੇ ਬਿਆਨ ਦੇ ਕੇ ਸਮੁੱਚੀ ਕੌਮ ਨਾਲ ਧਰੋਹ ਕਮਾ ਰਿਹਾ ਹੈ

੨ ਪਬਲੀਕੇਸ਼ਨ ਵਿਭਾਗ ਵਿੱਚੋਂ ਪਾਵਨ ਸਰੂਪਾਂ ਦੇ ਘੱਟ ਹੋਣ ਸਬੰਧੀ ਆਪ ਜੀ ਵੱਲੋਂ ਭਾਈ ਈਸ਼ਰ ਸਿੰਘ ਐਡਵੋਕੇਟ ਦੀ ਅਗਵਾਈ ਵਿੱਚ ਬਣਾਈ ਜਾਂਚ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਤੁਹਾਡੇ ਵੱਲੋਂ ਹੀ ਇਹ ਗੱਲ ਸਾਹਮਣੇ ਲਿਆਂਦੀ ਗਈ ਕਿ 2013 ਤੋਂ 2015 ਤੱਕ ਦੇ ਰਿਕਾਰਡ ਵਿੱਚੋਂ 328 ਗੁਰੂ ਸਾਹਿਬ ਜੀ ਦੇ ਸਰੂਪ ਘੱਟ ਹਨ!

ਜਿਹਨਾਂ ਦਾ ਪਤਾ ਲਗਾਉਣ ਅਤੇ ਰਿਕਾਰਡ ਵਿੱਚ ਹੇਰਾ ਫੇਰੀ ਕਰਨ ਅਤੇ ਇਸ ਸਾਰੀ ਘਟਨਾ ਦੇ ਦੋਸ਼ੀਆਂ ਤੇ ਕਾਰਵਾਈ ਕਰਨ ਲਈ ਆਪ ਜੀ ਨੇ ਸ਼੍ਰੋਮਣੀ ਕਮੇਟੀ ਨੂੰ ਰਿਪੋਰਟ ਕਾਰਵਾਈ ਕਰਨ ਲਈ ਭੇਜੀ ਸੀ, ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੋਸ਼ੀਆਂ ਉੱਤੇ ਫੌਜਦਾਰੀ ਅਤੇ ਵਿਭਾਗੀ ਕਾਰਵਾਈ ਕਰਨ ਦਾ ਸਮੁੱਚੀ ਕੌਮ ਨਾਲ ਵਾਅਦਾ ਕੀਤਾ, ਜਿਸ ਤੋਂ ਸਮੇਤ ਪ੍ਰਧਾਨ ਸਮੁੱਚੀ ਕਮੇਟੀ ਅੱਜ ਮੁੱਕਰ ਗਈ ਹੈ ਜੋ ਕਿ ਸਿੱਧੇ ਤੌਰ ਤੇ ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੁਕਮਾਂ ਦੀ ਉਲੰਘਣਾ ਹੈ ਉਥੇ ਇਹ ਸਮੁੱਚੀ ਸਿੱਖ ਕੌਮ ਨਾਲ ਇਕ ਵੱਡਾ ਵਿਸ਼ਵਾਸਘਾਤ ਹੈ !

੨੦੧੬ ਦੀ ਅੰਤਰਿਗ ਕਮੇਟੀ ਤੇ ਸਾਬਕਾ ਪ੍ਰਧਾਨ ਵਾਂਗ ਮੌਜੂਦਾ ਪ੍ਰਧਾਨ ਅਤੇ ਸਮੁੱਚੀ ਕਮੇਟੀ ਫਿਰ ਉਸੇ ਰਸਤੇ ਤੇ ਤੁਰ ਪਈ ਹੈ!

ਮੌਜੂਦਾ ਪ੍ਰਧਾਨ ਵੱਲੋਂ ਇਹ ਬਹਾਨਾ ਲਗਾਇਆ ਜਾ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਆਜ਼ਾਦ ਸੰਸਥਾ ਹੈ ਤੇ ਇਸ ਵਿੱਚ ਕਿਸੇ ਦਾ ਵੀ ਦਖਲ ਨਹੀਂ ਹੋਣ ਦਿੱਤਾ ਜਾਵੇਗਾ ਜਦਕਿ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਐਕਟ 2008 ਜਿਸਨੂੰ ਕਿ ਅਕਾਲੀ ਸਰਕਾਰ ਨੇ ਪਾਸ ਕੀਤਾ ਸੀ ਦੇ ਮੁਤਾਬਕ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੀ ਛਪਾਈ ਅਤੇ ਵੰਡ ਸਬੰਧੀ ਬਹੁਤੀਆਂ ਤਾਕਤਾਂ ਤਾਂ ਪਹਿਲਾਂ ਹੀ ਡੀਸੀ ਦੀ ਅਗਵਾਈ ਵਿੱਚ ਬਣੀ ਕਮੇਟੀ ਕੋਲ ਹਨ !

ਇੱਥੋਂ ਤੱਕ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੀ ਭੇਟਾ ਕੀ ਹੋਵੇਗੀ ਇਹ ਵੀ ਡੀਸੀ ਦੀ ਅਗਵਾਈ ਵਿੱਚ ਬਣੀ ਹੋਈ ਕਮੇਟੀ ਇਸ ਐਕਟ ਮੁਤਾਬਿਕ ਤੈਅ ਕਰਦੀ ਹੈ! ਜਿਸ ਤੋਂ ਸਾਫ ਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਲੱਗ ਅਲੱਗ ਬਹਾਨੇ ਮਾਰ ਕੇ ਦੋਸ਼ੀਆਂ ਨੂੰ ਬਚਾਉਣ ਲਈ ਪੂਰੀ ਵਾਹ ਲਾ ਰਿਹਾ ਹੈ

ਇਸ ਘਟਨਾ ਵਿੱਚ ਸਬੰਧਤ ਸਾਰੇ ਦੋਸ਼ੀਆਂ ਨੂੰ ਪੂਰੀ ਤਰ੍ਹਾਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਵਾਰ ਵਾਰ ਕੌਮ ਨਾਲ ਝੂਠ ਬੋਲ ਕੇ ਵਿਸ਼ਵਾਸਘਾਤ ਕੀਤਾ ਜਾ ਰਿਹਾ ਹੈ ਇਨ੍ਹਾਂ ਵਿਅਕਤੀਆਂ ਨੇ ਰਿਕਾਰਡ ਵਿੱਚ ਹੇਰਾਫੇਰੀ, ਗਲਤ ਰਿਕਾਰਡ ਤਿਆਰ ਕਰਨ, ਸਬੂਤਾਂ ਨੂੰ ਨਸ਼ਟ ਕਰਨ ਅਤੇ ਦੋਸ਼ੀਆਂ ਨੂੰ ਬਚਾਉਣ ਦੀ ਕੋਝੀ ਸਾਜਿਸ਼ ਰਚੀ ਹੈ!

ਇਸ ਗੁਨਾਹ ਨੂੰ ਲੁਕਾਉਣ ਲਈ ਜਿੱਥੇ ਵਾਰ ਵਾਰ ਗੋਬਿੰਦ ਸਿੰਘ ਲੌਂਗੋਵਾਲ ਅਤੇ ਰਜਿੰਦਰ ਸਿੰਘ ਮਹਿਤਾ ਕੌਮ ਨਾਲ ਬਾਰ ਬਾਰ ਝੂਠ ਬੋਲ ਰਹੇ ਹਨ ਉੱਥੇ ਆਪਣੇ ਹੀ ਦਿੱਤੇ ਬਿਆਨਾਂ ਤੋਂ ਵਾਰ ਵਾਰ ਮੁੱਕਰ ਰਹੇ ਹਨ

ਅਸੀਂ ਆਪ ਜੀ ਤੋਂ ਮੰਗ ਕਰਦੇ ਹਾਂ ਕਿ ਆਪ ਜੀ ਵੱਲੋਂ ਬਣਾਈ ਇਸ ਘਟਨਾ ਦੀ ਜਾਂਚ ਕਮੇਟੀ ਦੀ ਪੂਰੀ 1000 ਤੋਂ ਵੱਧ ਪੇਜਾ ਦੀ ਰਿਪੋਰਟ ਪੰਥ ਦੀ ਕਚਹਿਰੀ ਵਿੱਚ ਜਨਤਕ ਕੀਤੀ ਜਾਵੇ ਅਤੇ ਗੋਬਿੰਦ ਸਿੰਘ ਲੌਂਗੋਵਾਲ ਅਤੇ ਰਜਿੰਦਰ ਸਿੰਘ ਮਹਿਤਾ ਸਮੇਤ ਇਨ੍ਹਾਂ ਦੋਵਾਂ ਘਟਨਾਵਾਂ ਦੇ ਸਾਰੇ ਦੋਸ਼ੀਆਂ ਨੂੰ ਆਪੋ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇਣ ਦਾ ਹੁਕਮ ਜਾਰੀ ਕਰਕੇ ਸਖਤ ਧਾਰਮਿਕ ਸਜ਼ਾ ਸੁਣਾਈ ਜਾਵੇ ਅਤੇ ਵਿਸ਼ੇਸ਼ ਤੌਰ ਤੇ ਕੌਮ ਨਾਲ ਝੂਠ ਬੋਲਣ ਅਤੇ ਧ੍ਰੋਹ ਕਮਾਉਣ ਲਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਰਜਿੰਦਰ ਸਿੰਘ ਮਹਿਤਾ ਤੇ ਕਿਸੇ ਵੀ ਸਿੱਖ ਸੰਸਥਾ ਦਾ ਅਹੁਦੇਦਾਰ, ਮੈਂਬਰ ਬਣਨ ਜਾਂ ਸਿੱਖ ਸੰਸਥਾ ਦੀ ਕਿਸੇ ਵੀ ਤਰ੍ਹਾਂ ਦੀ ਚੋਣ ਲੜਨ ਤੇ ਉਮਰ ਭਰ ਲਈ ਪੂਰਨ ਪਾਬੰਦੀ ਲਾਈ ਜਾਵੇ !

੩ ਅਸੀਂ ਆਪ ਜੀ ਨੂੰ ਸਨਿਮਰ ਬੇਨਤੀ ਕਰਦੇ ਹਾਂ ਕਿ ਜਿਹੜੇ 328 ਪਾਵਨ ਸਰੂਪਾ ਦੇ ਲਾਪਤਾ ਹੋਣ ਦੀ ਗਲ ਸਾਹਮਣੇ ਆਈ ਹੈ ਇਹ ਸਿਰਫ 2 ਸਾਲ ਦਾ ਰਿਕਾਰਡ ਚੈੱਕ ਕਰਨ ਤੇ ਆਈ 2013 ਤੋਂ ਪਹਿਲਾਂ ਅਤੇ 2015 ਤੋਂ ਬਾਅਦ ਦਾ ਰਿਕਾਰਡ ਚੈੱਕ ਕਰਨ ਤੇ ਇਹ ਗਿਣਤੀ ਹਜ਼ਾਰਾਂ ਵਿੱਚ ਹੋ ਸਕਦੀ ਹੈ ,ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਇਸ ਘਟਨਾ ਨੂੰ ਸਿਰਫ ਭੇਟਾ ਦਾ ਘਪਲਾ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਉਨਾ ਹਾਲੇ ਤਕ ਇਹ ਨਹੀ ਦਸਿਆ ਕੇ ਪਾਵਨ ਸਰੂਪ ਕਦੋਂ ਤੇ ਕਿਸ ਨੂੰ ਦਿੱਤੇ ਗਏ ਹਨ !

ਸਾਨੂੰ ਸ਼ੱਕ ਹੈ ਕਿ ਇਹ ਸਾਰੇ ਸਰੂਪ ਉਨਾ ਲੋਕਾਂ ਤੇ ਥਾਵਾਂ ਤੇ ਭੇਜੇ ਗਏ ਹਨ ਜਿਥੇ ਗੁਰੂ ਸਾਹਿਬ ਦੇ ਪਾਵਨ ਸਰੂਪ ਮਰਿਆਦਾ ਤੇ ਪ੍ਰੋਟੋਕਾਲ ਮੁਤਾਬਕ ਅਧਿਕਾਰਕ ਤੋਰ ਤੇ ਭੇਜੇ ਹੀ ਨਹੀ ਜਾ ਸਕਦੇ ! ਸਿਆਸੀ ਨੁਕਸਾਨ ਤੋਂ ਬਚਣ ਲਈ ਆਪਣੇ ਆਕਾਵਾ ਦੇ ਹੁਕਮ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਅੰਤ੍ਰਿੰਗ ਕਮੇਟੀ ਉਨਾ ਥਾਵਾਂ ਦੇ ਨਾਮ ਦਸਣ ਤੋਂ ਗੁਰੇਜ ਕਰ ਰਹੀ ਹੈ ! ਇਹ ਸਾਰੀਆ ਗੱਲਾਂ ਦੀ ਸੱਚਾਈ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਅਹੁਦੇਦਾਰ ਜਾਂ ਕਮੇਟੀ ਵਲੋਂ ਬਾਹਰ ਆਉਣੀ ਨਾਮੁਮਕਿਨ ਹੈ ! ਸਚ ਦਾ ਪਤਾ ਲਗਵਾਉਣ ਦਾ ਇੱਕੋ ਹੀ ਤਰੀਕਾ ਹੈ ਕਿ ਸਾਰੇ ਦੋਸ਼ੀਆ ਤੇ ਫੋਜਦਾਰੀ ਮੁਕੱਦਮੇ ‍ ਦਰਜ ਹੋਣ

੪ ਇਨ੍ਹਾਂ ਮੁੱਦਿਆਂ ਤੇ ਇਨਸਾਫ ਲਈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਹੀ ਕੀਤੇ ਵਾਅਦਿਆਂ ਨੂੰ ਪੂਰਾ ਕਰਵਾਉਣ ਲਈ ਮਿਤੀ14 ਸਤੰਬਰ ਤੋਂ ਸਤਿਕਾਰ ਕਮੇਟੀਆਂ ਅਤੇ ਹੋਰਨਾਂ ਨੌਜਵਾਨ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਦਫਤਰ ਦੇ ਬਾਹਰ ਸ਼ਾਂਤਮਈ ਤਰੀਕੇ ਨਾਲ ਧਰਨਾ ਲਾਇਆ ਗਿਆ ਸੀ, ਸੱਚ ਅਤੇ ਇਨਸਾਫ ਦੀ ਗੱਲ ਕਰਦਿਆਂ ਕੱਲ੍ਹ ਮਿਤੀ 15 ਸਤੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਕੁਝ ਮੁਲਾਜ਼ਮਾਂ ਵੱਲੋਂ ਆਪਣੇ ਅਕਾਵਾਂ ਦੇ ਹੁਕਮ ਤੇ ਗੁੰਡਾਗਰਦੀ ਕਰਦਿਆਂ ਧਰਨੇ ਵਿੱਚ ਸ਼ਾਮਿਲ ਹੋਣ ਵਾਲੀਆਂ ਸੰਗਤਾਂ , ਸ਼ਰਧਾਲੂਆਂ ਅਤੇ ਮੌਕੇ ਤੇ ਮੋਜੂਦ ਪੱਤਰਕਾਰਾਂ ਦੀ ਕੁੱਟਮਾਰ ਕੀਤੀ ਦਸਤਾਰਾਂ ਦੀ ਬੇਅਦਬੀ ਕੀਤੀ ਅਤੇ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਦਿਆਂ ਸ਼ਰੇਆਮ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਦੀਆਂ ਧੱਜੀਆਂ ਉਡਾਈਆਂ , ਇੱਥੋਂ ਤੱਕ ਕਿ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤੇ ਤੱਕ ਬੰਦ ਕਰ ਦਿੱਤੇ !

ਕੱਲ੍ਹ ਦੀ ਇਸ ਘਟਨਾ ਨੇ ਇਕ ਵਾਰ ਫਿਰ ਨਰੈਣੂ ਮਹੰਤ ਦੇ ਜ਼ੁਲਮਾਂ ਦੀ ਯਾਦ ਕਰਵਾ ਦਿੱਤੀ , ਇਸ ਸਾਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਟੀ ਵੀ ਅਖਬਾਰਾਂ ਰਾਹੀ ਦੁਨੀਆਂ ਭਰ ਦੇ ਲੋਕਾਂ ਤੱਕ ਗਈਆਂ , ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੀ ਇਸ ਆਪ ਹੁਦਰੀ ਕਰਕੇ ਦੁਨੀਆਂ ਭਰ ਦੇ ਵਿੱਚ ਸਿੱਖਾਂ ਦਾ ਅਕਸ ਖਰਾਬ ਹੋਇਆ ਅਤੇ ਦੁਨੀਆਂ ਭਰ ਵਿੱਚ ਬੈਠੇ ਸਿੱਖਾਂ ਦੀਆਂ ਭਾਵਨਾਵਾਂ ਅਤੇ ਮਾਣ ਸਨਮਾਨ ਨੂੰ ਠੇਸ ਪਹੁੰਚੀ ਹੈ ,ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀ ਇਸ ਗੁੰਡਾਗਰਦੀ ਨਾਲ ਸਮੁੱਚੇ ਸੰਸਾਰ ਵਿੱਚ ਸਿੱਖਾਂ ਦਾ ਜਲੂਸ ਨਿਕਲਿਆ ਹੈ

ਅਸੀਂ ਮੰਗ ਕਰਦੇ ਹਾਂ ਕਿ ਇਨ੍ਹਾਂ ਸਾਰੇ ਗੁੰਡਾਗਰਦੀ ਕਰਨ ਵਾਲੇ ਮੁਲਾਜ਼ਮਾਂ ਤੇ ਇਨ੍ਹਾਂ ਨੂੰ ਗੁੰਡਾਗਰਦੀ ਕਰਨ ਦਾ ਹੁਕਮ ਦੇਣ ਵਾਲੇ ਇਨ੍ਹਾਂ ਦੇ ਅਕਾਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਕੇ ਸਖਤ ਸਜ਼ਾ ਸੁਣਾਈ ਜਾਵੇ !

ਇਸ ਮੌਕੇ ਸੁਖਦੇਵ ਸਿੰਘ ਫਗਵਾੜਾ, ਪਰਮਪਾਲ ਸਿੰਘ ਸਭਰਾ, ਹਰਪਾਲ ਸਿੰਘ ਚੱਡਾ, ਡਾ ਸੁਖਪ੍ਰੀਤ ਸਿੰਘ ਉਦੋਕੇ, ਦਵਿੰਦਰ ਸਿੰਘ ਸੇਖੋਂ, ਪ੍ਰਦੀਪ ਸਿੰਘ ਪੱਟੀ, ਬਲਦੇਵ ਸਿੰਘ , ਸਰਬਜੀਤ ਸਿੰਘ, ਜਗਪ੍ਰੀਤ ਸਿੰਘ, ਸੰਦੀਪ ਸਿੰਘ ਆਦਿ ਹਾਜ਼ਰ ਸਨ!


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

ਅਹਿਮ ਖ਼ਬਰਾਂ