ਅਕਾਲੀ ਦਲ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਿਚ ਰਾਸ਼ਟਰਪਤੀ ਦਾ ਦਖਲ ਮੰਗਿਆ, ਵਫਦ ਰਾਸ਼ਟਰਪਤੀ ਕੋਵਿੰਦ ਨਾਲ ਕਰੇਗਾ ਮੁਲਾਕਾਤ

ਯੈੱਸ ਪੰਜਾਬ
ਚੰਡੀਗੜ੍ਹ, 24 ਜਨਵਰੀ, 2022:
ਸ਼੍ਰੋਮਣੀ ਅਕਾਲੀ ਦਲ ਦਾ ਇਕ ਉਚ ਪੱਧਰੀ ਵਫਦ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਾਮਲੇ ’ਤੇ ਜਲਦੀ ਹੀ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕਰੇਗਾ ਅਤੇ ਉਹਨਾਂ ਤੋਂ ਮਾਮਲੇ ਵਿਚ ਨਿੱਜੀ ਦਖਲ ਦੇ ਕੇ ਪ੍ਰੋ. ਭੁੱਲਰ ਦੀ ਰਿਹਾਈ ਕਰਵਾਏ ਜਾਣ ਦੀ ਮੰਗ ਕਰੇਗਾ।

ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਲਾਹਕਾਰ ਸਰਦਾਰ ਹਰਚਰਨ ਸਿੰਘ ਬੈਂਸ ਨੇ ਅੱਜ ਦੁਪਹਿਰ ਇਥੇ ਪਾਰਟੀ ਦੇ ਮੁੱਖ ਦਫਤਰ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਂਝੀ ਕੀਤੀ।

ਸਰਦਾਰ ਬੈਂਸ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੁੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਇਹ ਆਗੂ ਮੁੱਦਿਆਂ ਦੀ ਰਾਜਨੀਤੀ ਕਰ ਕੇ ਪੰਜਾਬ ਦੇ ਲੋਕਾਂ ਨੁੰ ਮੂਰਖ ਬਣਾਉਣਾ ਚਾਹੁੰਦੇ ਹਨ ਪਰ ਇਹਨਾਂ ਲਈ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਤੇ ਸੋਨੀਆ ਗਾਂਧੀ ਵੱਲੋਂ ਜਗਦੀਸ਼ ਟਾਈਟਲਰ ਨੁੰ ਸਿਆਸੀ ਤੌਰ ’ਤੇ ਅਹੁਦੇ ਦੇ ਕੇ ਸਨਮਾਨਤ ਕਰਨਾ ਕੋਈ ‘ਮੁੱਦੇ’ ਨਹੀਂ ਹਨ ਪਰ ਇਹ ਪੰਜਾਬੀਆਂ ਵਾਸਤੇ ਜ਼ਰੂਰ ਅਹਿਮ ਮੁੱਦੇ ਹਨ। ਉਹਨਾਂ ਕਿਹਾ ਕਿ ਇਹਨਾਂ ਆਗੂਆਂ ਦੀ ਮੁੱਦਿਆਂ ਦੀ ਰਾਜਨੀਤੀ ਅਸਲ ਵਿਚ ਧਰੁਵੀਕਰਨ ਤੇ ਮੌਕਾਪ੍ਰਸਤੀ ਦੀ ਰਾਜਨੀਤੀ ਹੈ।

ਸਰਦਾਰ ਬੈਂਸ ਨੇ ਦੱਸਿਆ ਕਿ ਪਾਰਟੀ ਨੇ ਭਾਰਤ ਦੇ ਰਾਸ਼ਟਰਪਤੀ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਹੈ ਜਿਸ ਵਿਚ ਪ੍ਰੋ. ਭੁੱਲਰ ਦੀ ਤੁਰੰਤ ਰਿਹਾਈ ਲਈ ਬੇਨਤੀ ਕੀਤੀ ਜਾਵੇਗੀ।

ਅਕਾਲੀ ਦਲ ਵੱਲੋਂ ਪ੍ਰੋ. ਭੁੱਲਰ ਦੀ ਰਿਹਾਈ ਦੀ ਮੰਗ ਕਰਨ ਨੂੰ ਚਲ ਰਹੀਆਂ ਚੋਣਾਂ ਨਾਲ ਜੋੜਨ ਬਾਰੇ ਇਕ ਸਵਾਲ ਦੇ ਜਵਾਬ ਵਿਚ ਸਰਦਾਰ ਬੈਂਸ ਨੇ ਕਿਹਾ ਕਿ ਬੀਤੇ 10 ਸਾਲਾਂ ਤੋਂ ਅਕਾਲੀ ਦਲ ਤਿੰਨ ਵਾਰ ਰਾਸ਼ਟਰਪਤੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਨੁੰ ਉਸ ਵੇਲੇ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਮਿਲ ਚੁੱਕਾ ਹੈ ਤੇ ਬਾਅਦ ਵਿਚ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਵਫਦ ਵੱਖਰੇ ਤੌਰ ’ਤੇ ਮਿਲੇ ਹਨ। ਉਸ ਵੇਲੇ ਪੰਜਾਬ ਵਿਚ ਕੋਈ ਚੋਣਾਂ ਨਹੀਂ ਸਨ।

ਪਾਰਟੀ ਨੇ ਇਹ ਵੀ ਮੰਗ ਕੀਤੀ ਕਿ ਸਾਬਕਾ ਡੀ ਜੀ ਪੀ ਸਿਧਾਰਥ ਚਟੋਪਾਧਿਆਏ ਦੇ ਖਿਲਾਫ ਕੇਸ ਦਰਜ ਕੀਤਾ ਜਾਵੇ ਕਿਉਂਕਿ ਉਹ ਨਾ ਸਿਰਫ ਛੋਟੇ, ਭ੍ਰਿਸ਼ਟ ਤੇ ਬਦਲਾਖੋਰੀ ਦੀ ਸੋਚ ਰੱਖਣ ਵਾਲੇ ਸਿਆਸਤਦਾਨਾਂ ਤੋਂ ਹੁਕਮ ਲੈਂਦੇ ਸਨ ਬਲਕਿ ਉਹ ਭਗੌੜੀਆਂ ਤੇ ਦੇਸ਼ ਵਿਰੋਧੀ ਤੱਤਾਂ ਦੇ ਹੁਕਮ ਵੀ ਵਜਾਉਂਦੇ ਸਨ ਜਿਸ ਕਾਰਨ ਅਕਾਲੀ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਸਮੇਤ ਸਿਆਸੀ ਵਿਰੋਧੀਆਂ ਦੇ ਖਿਲਾਫ ਝੂਠੇ ਬਦਲਾਖੋਰੀ ਦੇ ਕੇਸ ਦਰਜ ਕੀਤੇ ਗਏ।

ਸਰਦਾਰ ਬੈਂਸ ਨੇ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੱਤਾ ਜਿਸ ਵਿਚ ਖੁੱਲ੍ਹਾਸਾ ਕੀਤਾ ਗਿਆ ਸੀ ਕਿ ਸ੍ਰੀ ਚਟੋਪਾਧਿਆਏ ਨੇ ਨਸ਼ਾ ਤਸਕਰੀ ਦੇ ਮੁੱਖ ਦੋਸ਼ੀ ਜਗਦੀਸ਼ ਭੋਲਾ ਦੇ ਸਾਥੀਆਂ ਸਮੇਤ ਭਗੌੜਿਆਂ ਤੋਂ ਹੁਕਮ ਲੈ ਕੇ ਸੰਵੇਦਨਸ਼ੀਲ ਅਹੁਦਿਆਂ ’ਤੇ ਪੁਲਿਸ ਦੀਆਂ ਤਾਇਨਾਤੀਆਂ ਕੀਤੀਆਂ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸੀਨੀਅਰ ਅਕਾਲੀ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਰੈਗੂਲਰ ਜ਼ਮਾਨਤ ਲਈ ਅਰਜ਼ੀ ਬਾਰੇ ਆਏ ਫੈਸਲੇ ਬਾਰੇ ਸਰਦਾਰ ਬੈਂਸ ਨੇ ਕਿਹਾ ਕਿ ਪਾਰਟੀ ਨਿਆਂਪਾਲਿਕਾ ਦਾ ਸਨਮਾਨ ਕਰਦੀ ਹੈ ਪਰ ਉਹ ਮਾਮਲੇ ਵਿਚ ਸੁਪਰੀਮ ਕੋਰਟ ਤੋਂ ਨਿਆਂ ਲੈਣ ਦੇ ਆਪਣੇ ਕਾਨੂੰਨੀ ਅਧਿਕਾਰ ਦੀ ਵਰਤੋਂ ਕਰੇਗੀ।

ਉਹਨਾਂ ਕਿਹਾ ਕਿ ਅੰਨਿ੍ਹਆਂ ਵਾਂਗ ਕੀਤੀ ਗਈ ਬਦਲਾਖੋਰੀ ਅਕਾਲੀਆਂ ਲਈ ਕੋਈ ਨਵੀਂ ਨਹੀਂ। ਆਜ਼ਾਦ ਲੋਕਤੰਤਰੀ ਦੇਸ਼ ਦੇ ਨਾਗਰਿਕ ਵਜੋਂ ਅਸੀਂ ਅਨਿਆਂ ਨਾਲ ਹਰ ਥਾਂ ਲੜਾਂਗੇ। ਇਹ ਪਾਰਟੀ ਨੁੰ ਚੁੱਪ ਕਰਵਾਉਣ ਦਾ ਯਤਨ ਹੈ ਪਰ ਜਿਵੇਂ ਬੀਤੇ ਅਸੀਂ ਇਹ ਧੱਕੇਸ਼ਾਹੀਆਂ ਕਰਨ ਵਾਲਿਆਂ ਨੁੰ ਮੂਧਾ ਪਿਆ ਹੈ, ਇਸੇ ਤਰੀਕੇ ਪਵੇਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ