ਅਕਾਲੀ ਦਲ ਨੂੰ ਅਜੇ ਵੀ ਸੱਤਾ ਦਾ ਲਾਲਚ, ਹਰਸਿਮਰਤ ਬਾਦਲ ਦਾ ਬਿਆਨ ਮੋਦੀ ਨੂੰ ਖੁਸ਼ ਕਰਨ ਦੀ ਕੋਸ਼ਿਸ਼: ਜਾਖ਼ੜ

ਚੰਡੀਗੜ, 19 ਸਤੰਬਰ, 2020 –
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਗੂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਵਜਾਰਤ ਤੋਂ ਅਸਤੀਫਾ ਦੇਣ ਦੇ ਕੀਤੇ ਸਿਆਸੀ ਡਰਾਮੇ ਤੋਂ ਬਾਅਦ ਇਕ ਵਾਰ ਫਿਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਖੁਸ਼ ਕਰਨ ਲਈ ਬਿਆਨਬਾਜੀ ਕੀਤੀ ਜਾ ਰਹੀ ਹੈ।

ਉਹ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਇਕ ਟੀਵੀ ਚੈਨਲ ਨੂੰ ਦਿੱਤੇ ਉਸ ਬਿਆਨ ਤੇ ਟਿੱਪਣੀ ਕਰ ਰਹੇ ਸਨ ਜਿਸ ਵਿਚ ਸ੍ਰੀਮਤੀ ਬਾਦਲ ਨੇ ਕਿਹਾ ਹੈ ਕਿ ਉਹ ਖੁਦ ਇੰਨਾਂ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਨਹੀਂ ਆਖਦੇ ਬਲਕਿ ਕਿਸਾਨ ਇੰਨਾਂ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਆਖ ਰਹੇ ਹਨ।

ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਇਹ ਸਾਰੇ ਤੱਥ ਆਪਣੇ ਆਪ ਵਿਚ ਪ੍ਰਮਾਣ ਹਨ ਕਿ ਅਕਾਲੀ ਦਲ ਦੇ ਆਗੂਆਂ ਨੂੰ ਹਾਲੇ ਵੀ ਸੱਤਾ ਦਾ ਹੇਜ ਮਾਰ ਰਿਹਾ ਹੈ। ਉਨਾਂ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਹਾਲੇ ਵੀ ਮੋਦੀ ਸਰਕਾਰ ਨੂੰ ਦਿੱਤਾ ਹੋਇਆ ਸਮੱਰਥਨ ਉਨਾਂ ਦੇ ਸੱਤਾ ਦੇ ਲਾਲਚ ਨੂੰ ਜਗ ਜਾਹਿਰ ਕਰ ਰਿਹਾ ਹੈ।

ਸ੍ਰੀ ਜਾਖੜ ਨੇ ਕਿਹਾ ਕਿ ਅਕਾਲੀ ਆਗੂਆਂ ਨੇ ਕਾਲੇ ਕਾਨੂੰਨਾਂ ਦਾ ਸਮੱਰਥਨ ਕਰਕੇ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਸੀ ਅਤੇ ਹੁਣ ਅਸਤੀਫਾ ਦੇਣ ਤੋਂ ਬਾਅਦ ਉਨਾਂ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਗੁੱਸੇ ਦਾ ਸਿਕਾਰ ਹੋਣਾ ਪੈ ਰਿਹਾ ਹੈ। ਉਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਗੁੱਸੇ ਨੂੰ ਠੰਡਾ ਕਰਨ ਲਈ ਹੀ ਸ੍ਰੀਮਤੀ ਬਾਦਲ ਇਸ ਤਰਾਂ ਦੇ ਬਿਆਨ ਦੇ ਰਹੇ ਹਨ ਤਾਂ ਜੋ ਅਕਾਲੀ ਦਲ ਦੀ ਸੱਤਾਂ ਵਿਚ ਭਾਈਵਾਲੀ ਬਣੀ ਰਹੇ।

ਸ੍ਰੀ ਜਾਖੜ ਨੇ ਕਿਹਾ ਕਿ ਸ: ਸੁਖਬੀਰ ਸਿੰਘ ਬਾਦਲ ਹੁਣ ਇੰਨਾਂ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਆਖ ਰਹੇ ਹਨ ਜਦ ਕਿ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਇੰਨਾਂ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਨਾ ਮੰਨ ਕੇ ਪ੍ਰਧਾਨ ਮੰਤਰੀ ਦੀ ਦਿ੍ਰਸ਼ਟੀ ਪ੍ਰਾਪਤ ਕਰਨਾ ਚਾਹੁੰਦੇ ਹਨ, ਇਸ ਨੂੰ ਵੇਖ ਕੇ ਜਾਪਦਾ ਹੈ ਕਿ ਇਹ ਕਿਸਾਨਾਂ ਅਤੇ ਮੋਦੀ ਸਰਕਾਰ ਦੋਨਾਂ ਨੂੰ ਭਰਮਿਤ ਕਰਨ ਦੀ ਅਸਫਲ ਕੋਸ਼ਿਸ ਕਰ ਰਹੇ ਹਨ।

ਸ੍ਰੀ ਜਾਖੜ ਨੇ ਕਿਹਾ ਕਿ ਇਹ ਕਹਿ ਕੇ ਉਹ ਖੁਦ ਇੰਨਾਂ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਨਹੀਂ ਆਖ ਰਹੇ ਬਲਕਿ ਕਿਸਾਨ ਆਖ ਰਹੇ ਹਨ, ਸ੍ਰੀਮਤੀ ਬਾਦਲ ਕਿਸਾਨਾਂ ਦਾ ਅਪਮਾਨ ਕਰ ਰਹੇ ਹਨ। ਉਨਾਂ ਨੇ ਕਿਹਾ ਕਿ ਕਿਸਾਨ ਕੋਈ ਮੁੂਰਖ ਨਹੀਂ ਹਨ ਜੋ ਆਪਣੀ ਮੌਤ ਦੇ ਵਾਰੰਟਾਂ ਦਾ ਵਿਰੋਧ ਕਰ ਰਹੇ ਹਨ ਜਦ ਕਿ ਅਕਾਲੀ ਆਗੂ ਨੇ ਅਸਤੀਫਾ ਦਿੱਤਾ ਵੀ ਹੈ ਤਾਂ ਸਿਰਫ ਸਿਆਸੀ ਲਾਭ ਲਈ ਨਾ ਕੇ ਉਨਾਂ ਨੂੰ ਕਿਸਾਨਾਂ ਦੀ ਕੋਈ ਚਿੰਤਾ ਹੈ।

ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਕਿਸਾਨੀ ਨੂੰ ਖਤਮ ਕਰਨ ਵਾਲੇ ਤਿੰਨ ਆਰਡੀਨੈਂਸ ਜਦ ਕੈਬਨਿਟ ਵੱਲੋਂ ਪ੍ਰਵਾਨ ਕੀਤੇ ਸਨ ਤਾਂ ਤਦ ਵੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਕੈਬਨਿਟ ਵਿਚ ਸਨ। ਫਿਰ ਕਿਸੇ ਵੀ ਬਿੱਲ ਨੂੰ ਪਾਰਲੀਆਮੈਂਟ ਵਿਚ ਪੇਸ਼ ਕਰਨ ਤੋਂ ਪਹਿਲਾਂ ਕੈਬਨਿਟ ਦੀ ਪ੍ਰਵਾਨਗੀ ਲਈ ਜਾਂਦੀ ਹੈ ਤਦ ਵੀ ਉਹ ਕੈਬਨਿਟ ਦਾ ਹਿੱਸਾ ਸਨ, ਪਰ ਉਸ ਸਮੇਂ ਉਨਾਂ ਨੇ ਕੋਈ ਵਿਰੋਧ ਕਿਉਂ ਨਹੀਂ ਕੀਤਾ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

ਅਹਿਮ ਖ਼ਬਰਾਂ