ਯੈੱਸ ਪੰਜਾਬ
ਚੰਡੀਗੜ, 29 ਨਵੰਬਰ, 2022 –
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਭਾਜਪਾ ਆਗੂ ਤੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਨੂੰ ਇਕ ਪੱਤਰ ਲਿਖ ਕੇ ਉਹਨਾਂ ਵੱਲੋਂ ਧਰਮ ਤੇ ਰਾਜਨੀਤੀ ਨੂੰ ਵੱਖੋ-ਵੱਖ ਕਰਨ ਦੇ ਮਾਮਲੇ ’ਤੇ ਸਵਾਲ ਕੀਤਾ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਗੁਜਰਾਤ ਸਥਿਤ ਸੋਮਨਾਥ ਮੰਦਿਰ ਦੇ ਟਰੱਸਟ ਦੇ ਚੇਅਰਮੈਨ ਹਨ, ਇਸ ਬਾਰੇ ਉਹਨਾਂ ਦੀ ਕੀ ਰਾਇ ਹੈ।
ਇਸੇ ਪੱਤਰ ਵਿਚ ਉਹਨਾਂ ਨੇ ਸਰਦਾਰ ਲਾਲਪੁਰਾ ਨੂੰ ਪੁੱਛਿਆਹੈ ਕਿ ਅਯੁੱਧਿਆ ਵਿਚ ਬਣ ਰਹੇ ਰਾਮ ਮੰਦਿਰ ਦੀ ਦੇਖ ਰੇਖ ਸਿਆਸੀ ਲੋਕ ਅਤੇ ਅਫਸਰਸ਼ਾਹੀ ਕਰ ਰਹੀਹੈ, ਇਸ ਬਾਰੇ ਉਹਨਾਂ ਦੀ ਕੀ ਰਾਇ ਹੈ।
ਆਪਣੇ ਪੱਤਰ ਵਿਚ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਉਹਨਾਂ ਨੇ ਸਰਦਾਰ ਲਾਲਪੁਰਾ ਦੀਇੰਟਰਵਿਊ ਵੇਖੀਆਂ ਹਨ ਜਿਸ ਵਿਚ ਉਹਨਾਂ ਧਰਮ ਤੇ ਰਾਜਨੀਤੀ ਦਾ ਨਿਖੇੜਾ ਕਰਨ ਦੀ ਵਕਾਲਤ ਕੀਤੀ ਹੈ ਜਦੋਂ ਕਿ ਸਿੱਖ ਗੁਰੂ ਸਾਹਿਬਾਨ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਹੈ। ਉਹਨਾਂ ਸਰਦਾਰ ਲਾਲਪੁਰਾ ਨੂੰ ਸਵਾਲ ਕੀਤਾ ਕਿ ਕੀ ਉਹ ਮੀਰੀ ਪੀਰੀ ਦੇ ਸਿਧਾਂਤ ਵਿਚ ਵਿਸ਼ਵਾਸ ਨਹੀਂ ਕਰਦੇ ?
ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 15 ਨਵੰਬਰ 1920 ਨੁੰ ਹੋਂਦ ਵਿਚ ਆਈ ਸੀ ਤੇ ਉਸਦੀ ਸਿਆਸੀ ਵਾੜ ਲਈ 14 ਦਸੰਬਰ 1920 ਨੁੰ ਸ਼੍ਰੋਮਣੀ ਅਕਾਲੀ ਦਲ ਹੋਂਦ ਵਿਚ ਆਇਆ ਸੀ। ਉਹਨਾਂ ਕਿਹਾ ਕਿ ਜੋ ਲੋਕ ਧਰਮ ਅਤੇ ਰਾਜਨੀਤੀ ਨੂੰ ਵੱਖ ਕਰ ਕੇ ਵੇਖਣਾ ਚਾਹੁੰਦੇ ਹਨ, ਉਹ ਸ੍ਰੀ ਅਕਾਲ ਤਖਤ ਸਾਹਿਬ ਅਤੇ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਚ ਦੀਵਾਰ ਖੜ੍ਹੀ ਕਰਨ ਦੀ ਕੋਸ਼ਿਸ਼ ਵਿਚ ਹਨ ਜੋ ਪੰਥ ਕਦੇ ਪ੍ਰਵਾਨ ਨਹੀਂ ਕਰੇਗਾ।
ਉਹਨਾਂ ਕਿਹਾ ਕਿ ਸਰਦਾਰ ਲਾਲਪੁਰਾ ਇਹ ਭੁੱਲ ਰਹੇ ਹਨ ਕਿ ਗੁਜਰਾਤ ਸਥਿਤ ਸੋਮਨਾਥ ਮੰਦਿਰ ਦੇ ਟਰੱਸਟ ਦੇ ਚੇਅਰਮੈਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਹਨ ਅਤੇ ਇਸੇ ਟਰੱਸਟ ਵਿਚ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਤੇ ਹੋਰ ਨਾਮਵਰ ਸ਼ਖਸੀਅਤਾਂ ਟਰੱਸਟੀ ਹਨ। ਉਹਨਾਂ ਕਿਹਾ ਕਿ ਇਹ ਬਹੁਤਹੀ ਮੰਦਭਾਗੀ ਗੱਲ ਹੈ ਕਿ ਸਰਦਾਰ ਲਾਲਪੁਰਾ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵਜੋਂ ਘੱਟ ਗਿਣਤੀ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਅਤੇ ਉਹਨਾਂ ਦੀ ਰਾਖੀ ਕਰਨ ਦੀ ਥਾਂ ਉਹਨਾਂ ਨੂੰ ਢਾਹ ਲਗਾ ਰਹੇ ਹਨ।
ਉਹਨਾਂ ਆਸ ਪ੍ਰਗਟ ਕੀਤੀ ਕਿ ਸਰਦਾਰ ਲਾਲਪੁਰਾ ਸਿੱਖ ਸੰਸਥਾਵਾਂ ਤੇ ਪਰੰਪਰਾਵਾਂ ਨੂੰ ਢਾਹ ਲਾਉਣ ਵਾਲੇ ਹਥੋੜੇ ਦਸਤਾ ਨਹੀਂ ਬਣਨਗੇ ਅਤੇ ਮਿਲੀ ਹੋਈ ਸੇਵਾ ਘੱਟ ਗਿਣਤੀਆਂ ਦੇ ਹੱਕਾਂ ਦੀ ਰਾਖੀ ਕਰਨ ਵਿਚ ਲਗਾਉਣਗੇ।
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ