28.1 C
Delhi
Friday, March 29, 2024
spot_img
spot_img

ਸਾਹਿਤ ਅਕਾਦਮੀ ਦੇ ਬੁਲਾਵੇ ’ਤੇ ਗੁਹਾਟੀ ਪੁੱਜੇ ਪੰਜਾਬੀ ਲੇਖ਼ਕਾਂ ਨੇ ਪ੍ਰੋ: ਮੋਹਨ ਸਿੰਘ ਦੇ 115ਵੇਂ ਜਨਮ ਦਿਨ ’ਤੇ ਦਿੱਤੀ ਸ਼ਰਧਾਂਜਲੀ

ਗੁਹਾਟੀ, 21 ਅਕਤੂਬਰ, 2019 –
ਭਾਰਤੀ ਸਾਹਿੱਤ ਅਕਾਡਮੀ ਨਵੀਂ ਦਿੱਲੀ ਦੇ ਬੁਲਾਵੇ ਤੇ ਗੁਹਾਟੀ(ਆਸਾਮ) ਆਏ ਪੰਜਾਬੀ ਲੇਖਕਾਂ ਨੇ ਬੀਤੀ ਸ਼ਾਮ ਯੁਗ ਕਵੀ ਪ੍ਰੋ: ਮੋਹਨ ਸਿੰਘ ਜੀ ਦਾ 115ਵਾਂ ਜਨਮ ਦਿਨ ਮਨਾਇਆ ਜਿਸ ਦੀ ਪ੍ਰਧਾਨਗੀ ਡਾ. ਦੀਪਕ ਮਨਮੋਹਨ ਸਿੰਘ ਨੇ ਕੀਤੀ।

ਪ੍ਰੋ. ਮੋਹਨ ਸਿੰਘ ਜੀਵਨ ਤੇ ਕਾਵਿ ਰਚਨਾ ਬਾਰੇ ਚਰਚਾ ਛੇੜਦਿਆਂ ਸਿਰਕੱਢ ਵਿਦਵਾਨ ਡਾ. ਤੇਜਵੰਤ ਸਿੰਘ ਗਿੱਲ ਨੇ ਕਿਹਾ ਕਿ ਉਹ ਦਰਿਆ ਦਿਲ ਇਨਸਾਨ ਤੇ ਅਤਿ ਸੰਵੇਦਨਸ਼ੀਲ ਕਵੀ ਸਨ ਜਿੰਨ੍ਹਾਂ ਨੇ ਸਿਰਫ਼ ਆਪ ਹੀ ਸਾਹਿੱਤ ਸਿਰਜਣਾ ਨਹੀਂ ਕੀਤੀ ਸਗੋਂ ਨੌਜਵਾਨ ਲੇਖਕਾਂ ਨੂੰ ਵੀ ਪ੍ਰੇਰਨਾ ਦੇ ਕੇ ਸਾਹਿੱਤ ਖੇਤਰ ਚ ਸਰਗਰਮ ਕੀਤਾ।

ਉਨ੍ਹਾਂ ਦੱਸਿਆ ਕਿ ਪ੍ਰੋ. ਮੋਹਨ ਸਿੰਘ ਜੀ ਨੇ ਆਪਣੀ ਆਖਰੀ ਕਿਤਾਬ ਬੂਹੇ ਦਾ ਮੁੱਖ ਬੰਦ ਮੇਰੇ ਤੋਂ ਸ: ਜਗਦੇਵ ਸਿੰਘ ਜੱਸੋਵਾਲ ਦੇ ਘਰ ਸੁਰਜੀਤ ਪਾਤਰ ਦੀ ਹਾਜ਼ਰੀ ਚ ਇਹ ਕਹਿ ਕੇ ਲਿਖਵਾਇਆ ਕਿ ਮੇਰੀ ਪਹਿਲੀ ਕਿਤਾਬ ਦਾ ਮੁੱਖ ਬੰਦ ਪ੍ਰਿੰਸੀਪਲ ਤੇਜਾ ਸਿੰਘ ਨੇ ਲਿਖੀ ਸੀ ਤੇ ਹੁਣ ਤੇਜਵੰਤ ਸਿੰਘ ਲਿਖੇਗਾ।

ਇਹ ਗੱਲ ਵੀ ਮਹੱਤਵ ਪੂਰਨ ਸੀ ਕਿ ਪ੍ਰੋ: ਮੋਹਨ ਸਿੰਘ ਆਪਣੇ ਸਮਕਾਲੀਆਂ ਲਈ ਵੀ ਹਮੇਸ਼ਾਂ ਸਹਿਯੋਗੀ ਧਿਰ ਬਣੇ।

ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਪ੍ਰੋ. ਮੋਹਨ ਸਿੰਘ ਦੀ ਕਵਿਤਾ ਜੀਵਨ ਵਿਹਾਰ ਤੇ ਕਰਮਸ਼ੀਲ ਰਹਿਣ ਦੀ ਕਵਿਤਾ ਹੈ। ਪਲ ਪਲ ਰੰਗ ਵਟਾਉਂਦੇ ਸ਼ਾਇਰ ਦਾ ਕਾਵਿ ਮੈਨੀਫੈਸਟੋ ਕਮਾਲ ਦਾ ਸੀ। ਹੈ ਜੀਵਨ ਅਦਲਾ ਬਦਲੀ ਤੇ ਹੋਣਾ ਰੰਗ ਬਰੰਗਾ। ਸੌ ਮੁਰਦੇ ਭਗਤਾਂ ਗੇ ਨਾਲੋਂ ਇੱਕ ਖੋਜੀ ਕਾਫਰ ਚੰਗਾ।

ਡਾ. ਜਗਬੀਰ ਸਿੰਘ ਨੇ ਕਿਹਾ ਕਿ ਮੈਨੂੰ ਨਿਜੀ ਤੌਰ ਤੇ ਪ੍ਰੋ. ਮੋਹਨ ਸਿੰਘ ਦੇ ਨੇੜੇ ਰਹਿਣ ਦਾ ਮੌਕਾ ਨਹੀਂ ਮਿਲਿਆ ਪਰ ਉਨ੍ਹਾਂ ਦੀ ਕਵਿਤਾ ਮੇਰੇ ਲਈ ਹਮੇਸ਼ਾਂ ਪ੍ਰੇਰਨਾ ਸਰੋਤ ਰਹੀ ਹੈ।

ਪੰਜਾਬੀ ਅਕਾਡਮੀ ਦਿੱਲੀ ਦੇ ਸਕੱਤਰ ਗੁਰਭੇਜ ਸਿੰਘ ਗੁਰਾਇਆ ਨੇ ਕਿਹਾ ਕਿ ਮੋਹਨ ਸਿੰਘ ਸਰਬਕਾਲੀ ਮਹੱਤਵ ਵਾਲਾ ਸਮਰੱਥ ਕਵੀ ਸੀ ਜਿਸਨੇ ਹਰ ਸਮਾਂ ਕਾਲ ਵਿੱਚ ਸਿਰਫ਼ ਪਾਠਕਾਂ ਨੂੰ ਹੀ ਨਹੀਂ ਸਗੋਂ ਲੇਖਕਾਂ ਨੂੰ ਵੀ ਉਂਗਲੀ ਫੜ ਕੇ ਨਾਲ ਨਾਲ ਤੋਰਿਆ।
ਦਿੱਲੀ ਯੂਨੀ: ਦਿੱਲੀ ਦੇ ਪ੍ਰੋਫੈਸਰ ਡਾ. ਰਵੀ ਰਵਿੰਦਰ ਕੁਮਾਰ ਨੇ ਕਿਹਾ ਕਿ ਮੋਹਨ ਸਿੰਘ ਦੇਸ਼ ਪਿਆਰ ਕਵਿਤਾ ਰਾਹੀਂ ਉਸ ਸਿਖ਼ਰ ਤੇ ਪਹੁੰਚ ਗਿਆ ਹੈ ਜਿੱਥੇ ਮੁਲਕਾਂ ਦੀਆਂ ਹੱਦਾਂ ਸਰਹੱਦਾਂ ਅਰਥਹੀਣ ਨੇ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਹਿੱਤ ਅਧਿਐਨ ਵਿਭਾਗ ਦੇ ਮੁਖੀ ਡਾ: ਭੀਮ ਇੰਦਰ ਸਿੰਘ ਨੇ ਕਿਹਾ ਅੱਜ ਦੀਆਂ ਚੁਣੌਤੀਆਂ ਦੇ ਟਾਕਰੇ ਲਈ ਪ੍ਰੋ. ਮੋਹਨ ਸਿੰਘ ਦੀ ਇਹ ਕਵਿਤਾ ਦਾਤੀਆਂ ਕਲਮਾਂ ਅਤੇ ਹਥੌੜੇ ਕੱਠੇ ਕਰ ਲਉ ਸੰਦ ਓ ਯਾਰ। ਤਕੜੀ ਇੱਕ ਤ੍ਰਿਸ਼ੂਲ ਬਣਾਉ ਯੁੱਧ ਕਰੋ ਪ੍ਰਚੰਡ ਓ ਯਾਰ ਅਗਵਾਈ ਕਰਨ ਦੇ ਸਮਰੱਥ ਹੈ। ਦਿੱਲੀ ਯੂਨੀਵਰਸਿਟੀ ਦੇ ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਪ੍ਰੋ. ਮੋਹਨ ਸਿੰਘ ਦੀ ਰਚਨਾ ਨਾਨਕਾਇਣ ਸਾਖੀ ਕਾਵਿ ਦੀ ਪ੍ਰਮਾਣੀਕ ਕਿਰਤ ਹੈ।

ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਕਵਿੱਤਰੀ ਡਾ: ਵਨੀਤਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ ਮੌਕੇ ਲਿਖੀ ਨਾਨਕਾਇਣ ਨੂੰ 550ਵੇਂ ਪ੍ਰਕਾਸ਼ ਉਤਸਵ ਮੌਕੇ ਹਰ ਘਰ ਵਿੱਚ ਪਹੁੰਚਾਉਣ ਦੀ ਲੋੜ ਹੈ।

ਭਾਰਤੀ ਸਾਹਿੱਤ ਅਕਾਡਮੀ ਦੇ ਸੰਪਾਦਕ ਅਨੂਪਮ ਤਿਵਾੜੀ ਨੇ ਸੁਝਾਅ ਦਿੱਤਾ ਕਿ ਅੱਜ ਵਾਂਗ ਆਪਣੇ ਪੁਰਖੇ ਲਿਖਾਰੀਂਆਂ ਨੂੰ ਯਾਦ ਕਰਨਾ ਚਾਹੀਦਾ ਹੈ। ਬਾਤ ਰਸ ਦੀ ਆਪਣੀ ਮਹੱਤਤਾ ਹੈ।

ਸਮੂਹ ਵਿਦਵਾਨਾਂ ਦਾ ਧੰਨਵਾਦ ਕਰਦਿਆਂ ਪ੍ਰੋ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਸਰਪ੍ਰਸਤ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਮੈਨੂੰ ਪ੍ਰੋ. ਮੋਹਨ ਸਿੰਘ ਜੀ ਦੀ ਸੰਗਤ ਮਾਨਣ ਦਾ ਆਪਣੇ ਅਧਿਆਪਕ ਡਾ. ਐੱਸ ਪੀ ਸਿੰਘ ਤੇ ਸ: ਜਗਦੇਵ ਸਿੰਘ ਜੱਸੋਵਾਲ ਜੀ ਕਾਰਨ ਲਗਪਗ ਸੱਤ ਸਾਲ ਮੌਕਾ ਮਿਲਿਆ ਹੈ। ਉਹ ਦਿਲਦਾਰ ਇਨਸਾਨ ਸਨ ਜਿੰਨ੍ਹਾਂ ਦੀ ਹਾਜ਼ਰੀ ਚ ਨਿੱਕੇ ਹੋਣ ਦਾ ਅਹਿਸਾਸ ਨਹੀਂ ਸੀ ਹੁੰਦਾ।

ਉਹ ਸਮਕਾਲੀ ਘਟਨਾਵਾਂ ਤੇ ਬੜੀ ਸਟੀਕ ਕਾਵਿ ਟਿਪਣੀ ਕਰਨੀ ਜਾਣਦੇ ਸਨ। ਜਨਤਾ ਸਰਕਾਰ ਬਣਨ ਤੇ 1977 ਚ ਜਦ ਵੱਖ ਵੱਖ ਸਿਆਸੀ ਧਿਰਾਂ ਨੇ ਇਸ ਤਬਦੀਲੀ ਨੂੰ ਲੋਕ ਉਭਾਰ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪ੍ਰੋ. ਮੋਹਨ ਸਿੰਘ ਜੀ ਨੇ ਲਿਖਿਆ।

ਨਾ ਹਿਣਕੋ ਘੋੜਿਉ! ਬੇਸ਼ੱਕ ਨਵਾਂ ਨਿਜ਼ਾਮ ਆਇਆ। ਨਵਾਂ ਨਿਜ਼ਾਮ ਹੈ ਲੈ ਕੇ ਨਵੀਂ ਲਗਾਮ ਆਇਆ। ਅਯੁੱਧਿਆ ਵਿੱਚ ਅਜੇ ਵੀ ਭੁੱਖਿਆਂ ਦੀ ਭੀੜ ਬੜੀ, ਪਿਆ ਕੀ ਫ਼ਰਕ ਜੇ ਰਾਵਣ ਗਿਆ ਤੇ ਰਾਮ ਆਇਆ। ਉਨ੍ਹਾਂ ਦੀ ਯਾਦ ਵਿੱਚ ਲੱਗਣ ਵਾਲੇ ਮੇਲੇ ਚ ਮੈਂ 1978 ਤੋਂ 2014 ਤੀਕ ਵੱਖ ਵੱਖ ਜ਼ਿੰਮੇਵਾਰੀਆਂ ਨਿਭਾਉਂਦਾ ਰਿਹਾ ਹਾਂ। ਸਿਰਫ਼ ਤਿੰਨ ਮੌਕੇ ਅਜਿਹੇ ਹਨ ਜਦ ਮੈਂ 20 ਮਈ ਨੂੰ ਪ੍ਰੋ. ਮੋਹਨ ਸਿੰਘ ਦੇ ਜਨਮ ਦਿਹਾੜੇ ਮੌਕੇ ਮੈਂ ਲੁਧਿਆਣਾ ਚ ਨਹੀਂ ਸਾਂ।

ਦੋ ਵਾਰ ਕੈਨੇਡਾ ਚ ਸਾਂ ਤੇ ਐਤਕੀਂ ਗੁਹਾਟੀ ਚ ਹਾਂ ਮੈਂ ਪ੍ਰੋ. ਮੋਹਨ ਸਿੰਘ ਫਾਉਂਡੇਸ਼ਨ ਵੱਲੋਂ ਸਭ ਦਾ ਧੰਨਵਾਦੀ ਹਾਂ ਜਿੰਨ੍ਹਾਂ ਨੇ ਮੇਰੀ ਬੇਨਤੀ ਪ੍ਰਵਾਨ ਕਰਕੇ ਇਹ ਵਿਚਾਰ ਚਰਚਾ ਕੀਤੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION