33.1 C
Delhi
Monday, April 15, 2024
spot_img
spot_img

ਪੰਜਾਬੀ ਕਵੀ ਤੇ ਚਿਤਰਕਾਰ ਬੀਬਾ ਬਲਵੰਤ ਨੂੰ ਗੁਰਚਰਨ ਰਾਮਪੁਰੀ ਪੁਰਸਕਾਰ ਪ੍ਰਦਾਨ

ਯੈੱਸ ਪੰਜਾਬ
ਲੁਧਿਆਣਾ, 9 ਨਵੰਬਰ, 2022:
ਰਾਮਪੁਰ(ਲੁਧਿਆਣਾ) ਦੇ ਜੰਮਪਲ, ਪੰਜਾਬੀ ਲਿਖਾਰੀ ਸਭਾ ਦੇ 1953 ਚ ਸੰਸਥਾਪਕਾਂ ਚੋਂ ਪ੍ਰਮੁੱਖ,ਉਮਰ ਦੀ ਅੱਧੀ ਸਦੀ ਸਰੀ(ਕੈਨੇਡਾ) ਵੱਸ ਕੇ ਉਥੇ ਹੀ ਪਿਛਲੇ ਸਾਲ ਸੁਰਗਵਾਸ ਹੋਏ ਪੰਜਾਬੀ ਕਵੀ ਗੁਰਚਰਨ ਰਾਮਪੁਰੀ ਜੀ ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ ਪੰਜਾਬੀ ਲਿਖਾਰੀ ਸਭਾ ਰਾਮਪੁਰ ਰਾਹੀਂ ਸਥਾਪਿਤ ਪੁਰਸਕਾਰ ਗੁਰਦਾਸਪੁਰ ਵੱਸਦੇ ਪੰਜਾਬੀ ਕਵੀ ਤੇ ਚਿਤਰਕਾਰ ਬੀਬਾ ਬਲਵੰਤ ਜੀ ਨੂੰ ਰਾਮਪੁਰ ਵਿਖੇ ਭੇਂਟ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ ਨੇ ਕੀਤੀ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।

ਸੁਆਗਤੀ ਸ਼ਬਦ ਬੋਲਦਿਆਂ ਸਭਾ ਦੇ ਪ੍ਰਧਾਨ ਜਸਬੀਰ ਝੱਜ ਨੇ ਕਿਹਾ ਕਿ ਪੰਜਾਬ ਵਿੱਚ ਸਾਹਿੱਤ ਚੇਤਨਾ ਨੂੰ ਪਿੰਡਾਂ ਵਿੱਚ ਲੈ ਕੇ ਜਾਣ ਵਾਲੀ ਇਹ ਪਹਿਲੀ ਸਾਹਿੱਤਕ ਸੰਸਥਾ ਹੈ ਜਿਸ ਨੂੰ ਅਗਸਤ 1953 ਵਿੱਚ ਪੰਜਾਬੀ ਕਵੀ ਸੁਰਜੀਤ ਰਾਮਪੁਰੀ, ਗੁਰਚਰਨ ਰਾਮਪੁਰੀ ਸਮੇਤ ਸਾਥੀਆਂ ਨੇ ਸਥਾਪਿਤ ਕੀਤਾ। ਸਃ ਝੱਜ ਨੇ ਕੈਨੇਡਾ ਵੱਸਦੇ ਗੁਰਚਰਨ ਰਾਮਪੁਰੀ ਪਰਿਵਾਰ ਦੀਆਂ ਬੇਟੀਆਂ ਦੇਵਿੰਦਰ ਕੌਰ ਭੰਗੂ, ਸੁਖਮੋਹਿੰਦਰ ਕੌਰ ਭੰਗੂ ਤੇ ਪੁੱਤਰਾਂ ਜਸਵੀਰ ਰਾਮਪੁਰੀ ਤੇ ਰਵਿੰਦਰ ਰਾਮਪੁਰੀ ਦੇ ਇਸ ਮਹਾਨ ਉਪਰਾਲੇ ਦਾ ਸ਼ੁਕਰਾਨਾ ਕੀਤਾ।

ਪੰਜਾਬੀ ਲਿਖਾਰੀ ਸਭਾ ਦੇ ਸਰਪ੍ਰਸਤ ਤੇ ਉੱਘੇ ਲੇਖਕ ਸੁਰਿੰਦਰ ਰਾਮਪੁਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਲਿਖਾਰੀ ਸਭਾ ਦੇ ਇਸ ਦਫ਼ਤਰ ਤੇ ਲਾਇਬਰੇਰੀ ਦੇ ਨਿਰਮਾਣ ਵਿੱਚ ਵੀ ਗੁਰਚਰਨ ਰਾਮਪੁਰੀ ਜੀ ਦਾ ਵਡਮੁੱਲਾ ਯੋਗਦਾਨ ਸੀ। ਉਨ੍ਹਾਂ ਪੁਰਸਕਾਰ ਵਿਜੇਤਾ ਬੀਬਾ ਬਲਵੰਤ ਦੀ ਸਿਰਜਣਾ ਤੇ ਸਰਗਰਮੀਆਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਸਭਾ ਦੇ ਸਾਬਕਾ ਜਨਰਲ ਸਕੱਤਰ ਬਲਵੰਤ ਮਾਂਗਟ ਨੇ ਬੀਬਾ ਬਲਵੰਤ ਜੀ ਦਾ ਸਨਮਾਨ ਪੱਤਰ ਪੜ੍ਹਿਆ।

ਪ੍ਰਧਾਨਗੀ ਮੰਡਲ ਤੋਂ ਇਲਾਵਾ ਸਭਾ ਦੇ ਅਹੁਦੇਦਾਰਾਂ ਜਸਬੀਰ ਝੱਜ, ਬਲਦੇਵ ਝੱਜ, ਹਰਬੰਸ ਮਾਲਵਾ, ਸੁਰਿੰਦਰ ਰਾਮਪੁਰੀ,ਤੇ ਹਾਜ਼ਰ ਪ੍ਰਮੁੱਖ ਲੇਖਕਾਂ ਪ੍ਰੋਃ ਰਵਿੰਦਰ ਭੱਠਲ, ਕਹਾਣੀਕਾਰ ਸੁਖਜੀਤ, ਡਾਃ ਗੁਰਇਕਬਾਲ ਸਿੰਘ ਤੇ ਰਾਮਪੁਰੀ ਪਰਿਵਾਰ ਦੇ ਪ੍ਰਤੀਨਿਧ ਤੇ ਵਿਸ਼ੇਸ਼ ਮਹਿਮਾਨ ਅਮਨ ਧੂਰੀ ਨੇ ਗੁਰਚਰਨ ਰਾਮਪੁਰੀ ਪੁਰਸਕਾਰ ਪ੍ਰਦਾਨ ਕੀਤਾ। ਇਸ ਪੁਰਸਕਾਰ ਵਿੱਚ ਇੱਕੀ ਹਜ਼ਾਰ ਰੁਪਏ ਦੀ ਨਕਦ ਰਾਸ਼ੀ ਸਨਮਾਨ ਪੱਤਰ ਤੇ ਦੋਸ਼ਾਲਾ ਸ਼ਾਮਿਲ ਸੀ।

ਪ੍ਰਧਾਨਗੀ ਭਾਸ਼ਨ ਦੇਂਦਿਆਂ ਡਾਃ ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਗੁਰਚਰਨ ਰਾਮਪੁਰੀ ਮੇਰੇ ਮਹਿਬੂਬ ਲੇਖਕ ਸਨ ਜਿੰਨ੍ਹਾਂ ਦੀ ਲੰਮੀ ਇੰਟਰਵਿਊ ਮੈਂ 1975 ਚ ਨਵਾਂ ਜ਼ਮਾਨਾ ਲਈ ਕੀਤੀ ਤੇ ਛਾਪੀ ਸੀ। ਉਨ੍ਹਾ ਬੀਬਾ ਬਲਵੰਤ ਜੀ ਨੂੰ ਵੀ ਇਹ ਪੁਰਸਕਾਰ ਮਿਲਣ ਤੇ ਮੁਬਾਰਕ ਦਿੱਤੀ।

ਵਿਸ਼ੇਸ਼ ਮਹਿਮਾਨ ਵਜੋ ਬੋਲਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਗੁਰਚਰਨ ਰਾਮਪੁਰੀ ਜੀ ਨਾਲ ਮੇਰੀ ਪਹਿਲੀ ਮੁਲਾਕਾਤ ਸੰਤੋਖ ਸਿੰਘ ਧੀਰ ਤੇ ਅਜਾਇਬ ਚਿਤਰਕਾਰ ਨੇ ਡਾਃ ਕੇਸਰ ਸਿੰਘ ਕੇਸਰ ਦੀ ਹਾਜ਼ਰੀ ਵਿੱਚ ਰਾਮਪੁਰ ਵਿਖੇ ਨਹਿਰੀ ਵਿਸ਼ਰਾਮ ਘਰ ਚ ਹੋਏ ਸਮਾਗਮ ਦੌਰਾਨ 1975 ਚ ਕਰਵਾਈ ਸੀ।

ਇਕਬਾਲ ਮਾਹਲ ਵੱਲੋਂ ਤਿਆਰ ਕੀਤੀ ਗੁਰਚਰਨ ਰਾਮਪੁਰੀ ਦੇ ਗੀਤਾਂ ਤੇ ਗ਼ਜ਼ਲਾਂ ਦੀ ਕੈਸਿਟ ਇਸ਼ਕ ਠੋਕਰ ਤੇ ਮੁਸਕਰਾਉਂਦਾ ਹੈ ਬਾਰੇ ਮੈ 1992 ਚ ਲਿਖਿਆ ਤਾਂ ਮੁਹੱਬਤ ਹੋਰ ਗੂੜ੍ਹੀ ਹੋਈ। ਉਨ੍ਹਾਂ ਨਾਲ ਮੇਰੀ ਆਖਰੀ ਮੁਲਾਕਾਤ 2017 ਵਿੱਚ ਪੰਜਾਬ ਭਵਨ ਸਰੀ ਵਿਖੇ ਹੋਈ ਜਿੱਥੇ ਉਨ੍ਹਾਂ ਨੂੰ ਜੀਵਨ ਭਰ ਦੀਆਂ ਸਾਹਿੱਤਕ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੀਆਂ ਰਚਨਾਵਾਂ ਕੌਲ ਕਰਾਰ, ਕਣਕਾਂ ਦੀ ਖ਼ੁਸ਼ਬੋ, ਅੰਨ੍ਹੀ ਗਲ਼ੀ, ਅੱਜ ਤੋਂ ਆਰੰਭ ਤੀਕ ਤੇ ਦੋਹਾਵਲੀ ਕਮਾਲ ਦੀਆਂ ਕਾਵਿ ਰਚਨਾਵਾਂ ਹਨ।

ਹੁਣੇ ਛਪ ਕੇ ਆਈ ਵਾਰਤਕ ਪੁਸਤਕ ਯਾਦਾਂ ਦੀ ਬੁੱਕਲ ਵੀ ਸਾਨੂੰ ਉਨ੍ਹਾਂ ਦੇ ਜੀਵਨ ਸੰਘਰਸ਼ ਨਾਲ ਜੋੜਦੀ ਹੈ। ਬੀਬਾ ਬਲਵੰਤ ਨੂੰ ਉਨ੍ਹਾਂ ਆਪਣਾ ਜ਼ਿਲ੍ਹਾ ਵੱਟ ਭਰਾ ਕਿਹਾ ਕਿਉਂਕਿ ਬੀਬਾ ਜੀ ਜਗਰਾਉਂ ਦੇ ਜੰਪਲ ਹੋਣ ਦੇ ਬਾਵਜੂਦ ਗੁਰਦਾਸਪੁਰ ਰਹਿੰਦੇ ਹਨ ਤੇ ਮੈਂ ਗੁਰਦਾਸਪੁਰ ਦਾ ਜੰਮਪਲ ਹੋ ਕੇ ਵੀ ਲੁਧਿਆਣੇ ਰਹਿੰਦਾ ਹਾਂ। ਉਨ੍ਹਾਂ ਬੀਬਾ ਬਲਵੰਤ ਦੀਆਂ ਕਾਵਿ ਲਿਖਤਾਂ ਤੇਰੀਆਂ ਗੱਲਾਂ ਤੇਰੇ ਨਾਂ, ਫੁੱਲਾਂ ਦੇ ਰੰਗ ਕਾਲ਼ੇ, ਅੱਥਰੂ ਗੁਲਾਬ ਹੋਏ ਤੇ ਸੰਪੂਰਨ ਰਚਨਾਵਲੀ ਦਾ ਵਿਸ਼ੇਸ਼ ਜ਼ਿਕਰ ਕੀਤਾ।

ਸਮਾਗਮ ਦੇ ਦੂਜੇ ਭਾਗ ਵਿੱਚ ਨੀਤੂ ਰਾਮਪੁਰ ਦੀ ਸੰਚਾਲਨਾ ਹੇਠ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਪ੍ਰੋਃ ਰਵਿੰਦਰ ਭੱਠਲ, ਡਾਃ ਗੁਰਇਕਬਾਲ ਸਿੰਘ, ਨਰਿੰਦਰ ਸ਼ਰਮਾ ਐਡਵੋਕੇਟ ਸਮਰਾਲਾ, ਹਰਜਿੰਦਰ ਗੋਪਾਲੋਂ, ਦਲਜਿੰਦਰ ਰਹਿਲ ਇਟਲੀ, ਅਮਰਜੀਤ ਸ਼ੇਰਪੁਰੀ, ਪੰਮੀ ਹਬੀਬ, ਅਵਤਾਰ ਸਿੰਘ ਧਮੋਟ, ਤਰਨਜੀਤ ਕੌਰ ਗਰੇਵਾਲ, ਸੁਰਿੰਦਰਪਾਲ ਕੌਰ ਪਰਮਾਰ, ਸਿਮਰਨਦੀਪ ਕੌਰ ਰਾਮਪੁਰੀ, ਪ੍ਰਭਜੋਤ ਸਿੰਘ ਰਾਮਪੁਰੀ,ਦੀਪ ਦਿਲਬਰ ਤੇ ਅਮਨ ਧੂਰੀ ਨੇ ਵੀ ਕਵਿਤਾਵਾਂ ਸੁਣਾਈਆਂ।

ਇਸ ਮੌਕੇ ਦਿਲਦੀਪ ਪ੍ਰਕਾਸ਼ਨ ਤੇ ਸਪਰੈਂਡ ਪਬਲੀਕੇਸ਼ਨ ਨੇ ਪੁਸਤਕ ਪ੍ਰਦਰਸ਼ਨੀ ਲਾਈ। ਸੁਰਗਵਾਸੀ ਕਵੀ ਬਾਬੂ ਸਿੰਘ ਚੌਹਾਨ ਦੇ ਸਪੁੱਤਰ ਜਗਤਾਰ ਸਿੰਘ ਖਮਾਣੋਂ ਤੇ ਸਨਮਾਨਿਤ ਲੇਖਕ ਬੀਬਾ ਬਲਵੰਤ ਜੀ ਨੇ ਇਸ ਮੌਕੇ ਆਪਣੀਆਂ ਪੁਸਤਕਾਂ ਦਾ ਸੈੱਟ ਲਾਇਬਰੇਰੀ ਲਈ ਭੇਂਟ ਕੀਤਾ। ਸਭਾ ਵੱਲੋਂ ਬਲਦੇਵ ਸਿੰਘ ਝੱਜ ਨੇ ਆਏ ਲੇਖਕਾਂ ਦਾ ਧੰਨਵਾਦ ਕੀਤਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION