ਪੰਜਾਬ ਯੂਥ ਕਾਂਗਰਸ ਦਾ ਵੱਡਾ ਐਕਸ਼ਨ: ਬਰਿੰਦਰ ਢਿੱਲੋਂ ਦੀ ਅਗਵਾਈ ’ਚ ਦਿੱਲੀ ’ਚ ਇੰਡੀਆ ਗੇਟ ਸਾਹਮਣੇ ਸਾੜਿਆ ਟਰੈਕਟਰ

ਯੈੱਸ ਪੰਜਾਬ
ਨਵੀਂ ਦਿੱਲੀ, 28 ਸਤੰਬਰ, 2020:
ਪੰਜਾਬ ਯੂਥ ਕਾਂਗਰਸ ਨੇ ਆਪਣੇ ਪ੍ਰਧਾਨ ਸ: ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਇਕ ਅਚਨਚੇਤ ਅਤੇ ਵੱਡਾ ਐਕਸ਼ਨ ਕਰਦਿਆਂ ਦਿੱਲੀ ਦੇ ਇੰਡੀਆ ਗੇਟ ਸਾਹਮਣੇ ਇਕ ਟਰੈਕਟਰ ਸਾੜ ਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖ਼ੇਤੀ ਬਿੱਲਾਂ ਵਿਰੁੱਧ ਆਪਣਾ ਰੋਸ ਜਤਾਇਆ ਹੈ।

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਕੀਤੀ ਗਈ ਇਹ ਕਾਰਵਾਈ ਸ: ਢਿੱਲੋਂ ਦੇ ਉਸ ਬਿਆਨ ਦਾ ਹਿੱਸਾ ਹੈ ਜਿਸ ਵਿੱਚ ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਦੀ ਲੜਾਈ ਦਿੱਲੀ ਲਿਜਾਣ ਦੀ ਗੱਲ ਕੀਤੀ ਸੀ।

ਅੱਜ ਸਵੇਰੇ ਹੀ ਲਗਪਗ 8 ਵਜੇ ਇਕ ਟੈਂਪੂ ਵਿੱਚ ਇਕ ਟਰੈਕਟਰ ਲੱਦ ਕੇ ਲਿਜਾਇਆ ਗਿਆ ਜਿੱਥੇ ਇੰਡੀਆ ਗੇਟ ਦੇ ਸਾਹਮਣੇ ਉਸਨੂੰ ਉਤਾਰਿਆ ਗਿਆ ਅਤੇ ਅੱਗ ਲਗਾ ਦਿੱਤੀ ਗਈ।

ਇਸ ਮੌਕੇ ਯੂਥ ਕਾਂਗਰਸ ਦੇ ਚੋਣਵੇਂ ਆਗੂ ਸ: ਢਿੱਲੋਂ ਦੇ ਨਾਲ ਸਨ ਅਤੇ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਵੀ ਚੁੱਕੀ ਹੋਈ ਸ ੀ। ਇਸ ਤੋਂ ਇਲਾਵਾ ਉੱਥੇ ਸ਼ਹੀਦ ਭਗਤ ਸਿੰਘ ਅਮਰ ਰਹੇ, ਸ਼ਹੀਦ ਭਗਤ ਸਿੰਘ ਤੇਰੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ ਆਦਿ ਨਾਅਰਿਆਂ ਤੋਂ ਇਲਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਕਿਸਾਨ ਵਿਰੋਧੀ ਹੋਣ ਸੰਬੰਧੀ ਨਾਅਰੇ ਵੀ ਲਗਾਏ।

ਇਹ ਕਾਰਵਾਈ ਇੰਨੇ ਚੁੱਪ ਚੁਪੀਤੇ ਢੰਗ ਨਾਲ ਕੀਤੀ ਗਈ ਕਿ ਕਿਸੇ ਨੂੰ ਕੰਨੋ ਕੰਨ ਖ਼ਬਰ ਨਾ ਹੋਈ। ਇਸ ਕਾਰਵਾਈ ਤੋਂ ਬਾਅਦ ਗੁਪਤਚਰ ਏਜੰਸੀਆਂ ਅਤੇ ਦਿੱਲੀ ਪੁਲਿਸ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿੰਨ੍ਹ ਲੱਗ ਗਏ ਹਨ ਕਿਉਂਕਿ ਦਿੱਲੀ ਦੇ ਇੰਡੀਆ ਗੇਟ ਤਕ ਇਕ ਟਰੈਕਟਰ ਲਿਜਾ ਕੇ ਉਸਨੂੰ ਸਾੜਣ ਦੀ ਯੋਜਨਾ ਜਾਂ ਫ਼ਿਰ ਅਮਲੀ ਕਾਰਵਾਈ ਬਾਰੇ ਕਿਸੇ ਨੂੰ ਭਿਣਕ ਤਕ ਨਾ ਲੱਗੀ।

ਜ਼ਿਕਰਯੋਗ ਹੈ ਕਿ ਅੱਜ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਸ੍ਰੀ ਹਰੀਸ਼ ਰਾਵਤ, ਪ੍ਰਦੇਸ਼ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖ਼ੜ, ਪੰਜਾਬ ਦੇ ਸਾਰੇ ਕਾਂਗਰਸ ਸੰਸਦ ਮੈਂਬਰ ਅਤੇ ਵਿਧਾਇਕ ਸ਼ਹੀਦ ਭਗਤ ਸਿੰਘ ਦੀ ਖ਼ਟਕੜ ਕਲਾਂ ਸਥਿਤ ਯਾਦਗਾਰ ’ਤੇ ਕਿਸਾਨ ਵਿਰੋਧੀ ਬਿੱਲਾਂ ਦੇ ਵਿਰੋਧ ਵਿੱਚ ਧਰਨਾ ਦੇਣ ਜਾ ਰਹੇ ਹਨ।

Yes Punjab - Top Stories