ਯੈੱਸ ਪੰਜਾਬ
ਚੰਡੀਗੜ੍ਹ, 23 ਅਗਸਤ, 2020:
29 ਸਾਲ ਪੁਰਾਣੇ ਇਕ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਰਾਜ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਲਈ ਅੱਜ ਉਨ੍ਹਾਂ ਦੇ ਚੰਡੀਗੜ੍ਹ ਸਥਿਤ ਘਰ ਅਤੇ ਫ਼ਾਰਮਹਾਊਸ ’ਤੇ ਛਾਪੇਮਾਰੀ ਕੀਤੀ ਗਈ ਪਰ ਸੁਮੇਧ ਸੈਣੀ ਪੁਲਿਸ ਦੇ ਹੱਥ ਨਹੀਂ ਲੱਗੇ।
ਇਕ ਸਾਬਕਾ ਆਈ.ਏ.ਐਸ. ਸ: ਗੁਰਬਖ਼ਸ਼ ਸਿੰਘ ਸੈਣੀ ਦੇ ਬੇਟੇ ਅਤੇ ‘ਸਿਟਕੋ’ ਦੇ ਜੂਨੀਅਰ ਇੰਜੀਨੀਅਰ ਬਲਵੰਤ ਸਿੰਘ ਮੁਲਤਾਨੀ ਨੂੰ 1991 ਵਿੱਚ ਅਗਵਾ ਕਰ ਕੇ ਲਾਪਤਾ ਕਰ ਦੇਣ ਦੇ ਮਾਮਲੇ ਵਿੱਚ ਹੁਣ ਅਦਾਲਤ ਦੇ ਨਿਰਦੇਸ਼ਾਂ ’ਤੇ ਧਾਰਾ 302 ਜੋੜ ਦਿੱਤੇ ਜਾਣ ਬਾਅਦ ਸੈਣੀ ਦੀ ਗ੍ਰਿਫ਼ਤਾਰੀ ਲਈ ਸਰਗਰਮ ਹੋਈ ਪੰਜਾਬ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਮੋਹਾਲੀ ਦੇ ਐਸ.ਐਸ.ਪੀ.ਹਰਮਨਜੀਤ ਸਿੰਘ ਦੀ ਅਗਵਾਈ ਵਿੱਚ ਬਣੀ ਐਸ.ਆਈ.ਟੀ. ਦੀ ਟੀਮ ਡੀ.ਐਸ.ਪੀ. ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਅੱਜ ਸਵੇਰੇ ਸਾਬਕਾ ਡੀ.ਜੀ.ਪੀ. ਦੀ ਸੈਕਟਰ 20 ਡੀ ਵਿੱਚ ਸਥਿਤ ਕੋਠੀ ’ਤੇ ਪੁੱਜੀ ਜਿੱਥੇ ਦੱਸਿਆ ਗਿਆ ਕਿ ਸੈਣੀ ਘਰ ਨਹੀਂ ਹਨ।
ਇਸੇ ਦੌਰਾਨ ਪੁਲਿਸ ਨੇ ਉਨ੍ਹਾਂ ਦੇ ਫ਼ਾਰਮ ਹਾਊਸ ’ਤੇ ਵੀ ਛਾਪੇਮਾਰੀ ਕੀਤੀ ਪਰ ਸੈਣੀ ਉੱਥੇ ਵੀ ਨਹੀਂ ਮਿਲ ਸਕੇ। ਸੂਤਰਾਂ ਅਨੁਸਾਰ ਸੈਣੀ ਨੂੰ ਇਸ ਛਾਪੇ ਦੀ ਭਿਣਕ ਲੱਗ ਜਾਣ ’ਤੇ ਉਹ ਆਪਣੇ ਇਨ੍ਹਾਂ ਦੋਹਾਂ ਟਿਕਾਣਿਆਂ ਤੋਂ ਲਾਂਭੇ ਹੋ ਗਏ। ਪੁਲਿਸ ਵੱਲੋਂ ਕੁਝ ਹੋਰ ਥਾਂਵਾਂ ’ਤੇ ਵੀ ਦਬਿਸ਼ ਦੇਣ ਦੀ ਸੂਚਨਾ ਹੈ, ਪਰ ਇਸ ਦੀ ਅਜੇ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ।
ਜ਼ਿਕਰਯੋਗ ਹੈ ਕਿ ਸੈਣੀ ਦੇ ਖਿਲਾਫ਼ ਧਾਰਾ 302 ਜੋੜਨ ਦਾ ਰਾਹ ਉਸ ਵੇਲੇ ਪੱਧਰਾ ਹੋ ਗਿਆ ਸੀ ਜਦ ਅਦਾਲਤ ਨੇ ਇਸ ਮਾਮਲੇ ਵਿੱਚ ਸੈਣੀ ਦੇ ਨਾਲ ਨਾਮਜ਼ਦ ਦੋ ਸਾਬਕਾ ਇੰਸਪੈਕਟਰਾਂ ਕੁਲਦੀਪ ਸਿੰਘ ਅਤੇ ਜਗੀਰ ਸਿੰਘ ਨੂੰ ਵਾਅਦਾ ਮੁਆਫ਼ ਗਵਾਹ ਬਣਨ ਦੀ ਮਨਜ਼ੂਰੀ ਦੇ ਦਿੱਤੀ ਸੀ।
ਪਹਿਲਾਂ ਦੂਜੀਆਂ ਧਾਰਾਵਾਂ ਹੇਠ ਜ਼ਮਾਨਤ ’ਤੇ ਚੱਲ ਰਹੇ ਸੈਣੀ ਨੇ ਧਾਰਾ 302 ਜੋੜੇ ਜਾਣ ਬਾਅਦ ਜ਼ਮਾਨਤ ਲਈ ਫ਼ਿਰ ਅਦਾਲਤ ਦਾ ਰੁਖ਼ ਕੀਤਾ ਸੀ ਪਰ ਉਨ੍ਹਾਂ ਨੂੰ ਅਜੇ ਤਾਂਈਂ ਜ਼ਮਾਨਤ ਨਹੀਂ ਮਿਲ ਸਕੀ ਜਿਸ ਲਈ ਪੁਲਿਸ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ‘ਐਕਸ਼ਨ’ ਵਿੱਚ ਆਈ ਹੈ।