550ਵੇਂ ਪ੍ਰਕਾਸ਼ ਪਰਬ ਮੌਕੇ ਪੰਜਾਬੀ ਨੂੰ ਪੰਜਾਬ ’ਚ ਬਣਦਾ ਸਥਾਨ ਦਿਉ: ਪੰਜਾਬੀ ਪ੍ਰੇਮੀਆਂ ਦੀ ਕੈਪਟਨ ਅਮਰਿੰਦਰ ਤੋਂ ਮੰਗ

ਯੈੱਸ ਪੰਜਾਬ

ਜਲੰਧਰ, 7 ਅਕਤੂਬਰ, 2019 –

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਦੇ ਅਵਸਰ ’ਤੇ ਸੂਬੇ ’ਚ ਪੰਜਾਬੀ ਨੂੰ ਬਣਦਾ ਸਥਾਨ ਦਿਵਾਉਣ ਲਈ ਪੰਜਾਬੀ ਪ੍ਰੇਮੀਆਂ ਵਲੋਂ ਸਰਗਰਮੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੂੰ ਇਕ ਮੰਗ ਪੱਤਰ ਵੀ ਸੌਂਪਿਆ ਗਿਆ।

ਮੰਗ ਪੱਤਰ ਦੇਣ ਵਾਲਿਆਂ ’ਚ ਪ੍ਰਮੁੱਖ ਤੌਰ ’ਤੇ ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ ਪ੍ਰਧਾਨ ਪੰਜਾਬ ਜਾਗਿ੍ਰਤੀ ਮੰਚ, ਜਨਰਲ ਸਕੱਤਰ ਸ੍ਰੀ ਦੀਪਕ ਬਾਲੀ, ਡਾ. ਲਖਵਿੰਦਰ ਸਿੰਘ ਜੌਹਲ ਪ੍ਰਧਾਨ ਪੰਜਾਬ ਪ੍ਰੈੱਸ ਕਲੱਬ ਤੇ ਕੁਲਵਿੰਦਰ ਸਿੰਘ ਹੀਰਾ ਆਦਿ ਸ਼ਾਮਿਲ ਹਨ। ਸੌਂਪੇ ਗਏ ਮੰਗ ਪੱਤਰ ’ਚ ਉਕਤ ਪੰਜਾਬੀ ਪ੍ਰੇਮੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਵੱਡੀ ਪੱਧਰ ’ਤੇ ਮਨਾਉਣ ਲਈ ਉਨ੍ਹਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਗੁਰੂ ਸਾਹਿਬ ਨੇ ਆਪਣੇ ਸਮਿਆਂ ’ਚ ਸਿਹਤਮੰਦ ਤੇ ਨਰੋਆ ਸਮਾਜ ਸਿਰਜਣ ਅਤੇ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਪ੍ਰੇਰਨਾਦਾਇਕ ਭੂਮਿਕਾ ਨਿਭਾਈ ਸੀ।

ਉਕਤ ਪੰਜਾਬੀ ਪ੍ਰੇਮੀਆਂ ਨੇ ਗੁਰੂ ਸਾਹਿਬ ਵਲੋਂ ਪੰਜਾਬੀ ਭਾਸ਼ਾ ਨੂੰ ਦਿੱਤੀ ਅਹਿਮੀਅਤ ਵੱਲ ਉਨ੍ਹਾਂ ਦਾ ਧਿਆਨ ਦਿਵਾਉਂਦੇ ਹੋਏ ਕਿਹਾ ਕਿ ਬੇਸ਼ੱਕ ਉਸ ਸਮੇਂ ਫਾਰਸੀ ਦਾ ਬੋਲਬਾਲਾ ਸੀ ਪਰ ਗੁਰੂ ਨਾਨਕ ਦੇਵ ਜੀ ਨੇ ਆਪਣੀ ਸਾਰੀ ਬਾਣੀ ਪੰਜਾਬੀ (ਗੁਰਮੁਖੀ ਲਿਪੀ) ’ਚ ਰਚੀ ਸੀ ਤੇ ਉਹ ਸਥਾਨਕ ਲੋਕਾਂ ਦੀਆਂ ਜ਼ਬਾਨਾਂ ਨੂੰ ਵਿਸ਼ੇਸ਼ ਮਹੱਤਵ ਦਿੰਦੇ ਸਨ। ਗੁਰੂ ਸਾਹਿਬ ਹਮੇਸ਼ਾ ਇਸ ਗੱਲ ਦੇ ਹਾਮੀ ਰਹੇ ਕਿ ਲੋਕ ਆਪਣੀਆਂ ਜ਼ਬਾਨਾਂ ਨੂੰ ਅਪਣਾਉਣ ਅਤੇ ਵਿਦੇਸ਼ੀ ਹਾਕਮਾਂ ਦੀ ਰੀਸ ਕਰਦਿਆਂ ਨਾ ਤਾਂ ਆਪਣੀਆਂ ਜ਼ਬਾਨਾਂ ਦਾ ਤ੍ਰਿਸਕਾਰ ਕਰਨ ਅਤੇ ਨਾ ਹੀ ਵਿਦੇਸ਼ੀ ਪਹਿਰਾਵੇ ਪਾ ਕੇ ਉਹ ਵਿਦੇਸ਼ੀਆਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਨ।

ਪੰਜਾਬੀ ਪ੍ਰੇਮੀਆਂ ਨੇ ਇਸੇ ਸੰਦਰਭ ’ਚ 550 ਸਾਲਾ ਪ੍ਰਕਾਸ਼ ਪੁਰਬ ਦੇ ਅਵਸਰ ’ਤੇ ਪੰਜਾਬ ’ਚ ਸਿੱਖਿਆ, ਪ੍ਰਸ਼ਾਸਨ ਅਤੇ ਨਿਆਂ ਦੇ ਖੇਤਰ ’ਚ ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਨੂੰ ਉਸ ਦਾ ਯੋਗ ਸਥਾਨ ਦਿਵਾਉਣ ਲਈ ਮੁੱਖ ਮੰਤਰੀ ਨੂੰ ਕੁੱਝ ਸੁਝਾਅ ਦਿੰਦੇ ਹੋਏ ਜ਼ਰੂਰੀ ਕਦਮ ਚੁੱਕੇ ਜਾਣ ਦੀ ਮੰਗ ਵੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਚੋਣ ਜ਼ਾਬਤੇ ਕਾਰਨ ਕੋਈ ਮੁਸ਼ਕਿਲ ਵੀ ਆਉਂਦੀ ਹੈ ਤਾਂ ਉਸ ਲਈ ਚੋਣ ਕਮਿਸ਼ਨ ਤੱਕ ਵੀ ਜੇਕਰ ਪਹੁੰਚ ਕਰਨ ਦੀ ਲੋੜ ਹੋਵੇ ਤਾਂ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਇਕ ਆਰਡੀਨੈਂਸ ਜਾਰੀ ਕਰਕੇ ਪੰਜਾਬ ਦੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਬੋਰਡਾਂ ’ਤੇ ਸਭ ਤੋਂ ਉੱਪਰ ਪੰਜਾਬੀ ’ਚ ਜਾਣਕਾਰੀ ਲਿਖਣੀ ਲਾਜ਼ਮੀ ਬਣਾਈ ਜਾਵੇ ਤੇ ਦੂਜੀਆਂ ਜ਼ਬਾਨਾਂ ’ਚ ਲੋੜ ਅਨੁਸਾਰ ਇਸ ਦੇ ਹੇਠਾਂ ਜਾਣਕਾਰੀ ਲਿਖੀ ਜਾ ਸਕਦੀ ਹੈ।

ਇਸੇ ਤਰ੍ਹਾਂ ਪੰਜਾਬੀ ਬੋਲਦੇ ਪਿੰਡ ਉਜਾੜ ਕੇ ਰਾਜਧਾਨੀ ਵਜੋਂ ਵਸਾਏ ਚੰਡੀਗੜ੍ਹ ਨੂੰ ਹਾਸਲ ਕਰਨ ਲਈ ਦੂਜੀਆਂ ਦੇ ਸਹਿਯੋਗ ਨਾਲ ਮੁੜ ਯਤਨ ਆਰੰਭੇ ਜਾਣ। ਸਾਲ 2008 ’ਚ ਸਿੱਖਿਆ, ਪ੍ਰਸ਼ਾਸਨ ਅਤੇ ਨਿਆਂ ਦੇ ਖੇਤਰ ’ਚ ਪੰਜਾਬੀ ਨੂੰ ਯੋਗ ਸਥਾਨ ਦਿਵਾਉਣ ਲਈ ਬਣੇ ਰਾਜ ਭਾਸ਼ਾ ਐਕਟ ’ਚ ਕੀਤੀਆਂ ਸੋਧਾਂ ਅਤੇ ਨਾਲ ਹੀ ਰਾਜ ਅੰਦਰ ਪਹਿਲੀ ਤੋਂ ਦਸਵੀਂ ਤੱਕ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ’ਚ ਪੰਜਾਬੀ ਦੀ ਪੜ੍ਹਾਈ ਨੂੰ ਲਾਜ਼ਮੀ ਵਿਸ਼ੇ ਪੜ੍ਹਾਉਣ ਸਬੰਧੀ ਬਣਾਏ ਇਕ ਵਿਸ਼ੇਸ਼ ਕਾਨੂੰਨ ਨੂੰ ਅਮਲੀ ਤੌਰ ’ਤੇ ਲਾਗੂ ਕੀਤਾ ਜਾਵੇ।

ਪੰਜਾਬੀ ਗੀਤ ਸੰਗੀਤ ’ਚ ਆ ਰਹੇ ਨਿਘਾਰ ਅਤੇ ਲੱਚਰਤਾ ਨੂੰ ਠੱਲ੍ਹ ਪਾਉਣ ਲਈ ਬਣਾਈ ਗਈ ਸੱਭਿਆਚਾਰਕ ਨੀਤੀ ਬਾਰੇ ਵੀ ਤੁਰੰਤ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਨੂੰ ਲਾਗੂ ਕੀਤਾ ਜਾਵੇ। ਇਸੇ ਤਰ੍ਹਾਂ ਭਾਸ਼ਾ ਵਿਭਾਗ ਦੀ ਵੀ ਪਹਿਲਾਂ ਵਾਲੀ ਸ਼ਾਨ ਬਹਾਲ ਕਰਨ ਲਈ ਕਦਮ ਚੁੱਕੇ ਜਾਣ ਦੀ ਮੰਗ ਵੀ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਪੰਜਾਬੀ ਭਾਸ਼ਾ ਤੇ ਹੋਰਨਾਂ ਸਾਰੇ ਸਰੋਕਾਰਾਂ ਦੀ ਪੂਰਤੀ ਲਈ ਇਕ ਸ਼ਕਤੀਸ਼ਾਲੀ ਪੰਜਾਬ ਰਾਜ ਭਾਸ਼ਾ ਕਮਿਸ਼ਨ ਬਣਾਏ ਜਾਣ ਦਾ ਸੁਝਾਅ ਵੀ ਮੁੱਖ ਮੰਤਰੀ ਨੂੰ ਦਿੱਤਾ।

ਇਸ ਨੂੰ ਵੀ ਪੜ੍ਹੋ:

ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES