ਅਬੋਹਰ/ਫ਼ਾਜ਼ਿਲਕਾ, 28 ਜਨਵਰੀ, 2020 –
ਪੰਜਾਬ ਸਰਕਾਰ ਦੇ ਬਾਗਬਾਨੀ ਵਿਭਾਗ ਵੱਲੋਂ ਅੱਜ ਇੱਥੇ ਕਿੰਨੂੰ ਸ਼ੋਅ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਸ੍ਰੀ ਅਜੈਵੀਰ ਜਾਖੜ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਰਕਾਰ ਵੱਲੋਂ ਬਾਗਬਾਨੀ ਨੂੰ ਉਤਸਾਹਿਤ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਸਬਸਿਡੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਰਵਾਇਤੀ ਫਸਲੀ ਚੱਕਰਾਂ ਦਾ ਤਿਆਗ ਕਰਕੇ ਫਲਾਂ ਦੀ ਕਾਸਤ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ।
ਸ੍ਰੀ ਅਜੈਵੀਰ ਜਾਖੜ ਨੇ ਕਿਹਾ ਕਿ ਬਾਗਬਾਨੀ ਵਿਚ ਕਿਸਾਨਾਂ ਲਈ ਅਪਾਰ ਸੰਭਾਵਨਾਵਾਂ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨ ਇਸਦੇ ਮੰਡੀਕਰਨ, ਗ੍ਰੇਡਿੰਗ ਅਤੇ ਪ੍ਰੋਸੈਸਿੰਗ ਵੱਲ ਧਿਆਨ ਕੇਂਦਰਤ ਕਰਨ ਤਾਂ ਇਸ ਤਰਾਂ ਕਿਸਾਨ ਆਪਣੀ ਆਮਦਨ ਵਿਚ ਹੋਰ ਜਿਆਦਾ ਵਾਧਾ ਕਰ ਸਕਦੇ ਹਨ।
ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਖੇਤੀ ਹੁਣ ਵਿਗਿਆਨ ਤੇ ਅਧਾਰਤ ਹੈ ਇਸ ਲਈ ਕਿਸਾਨ ਆਪਣੇ ਗਿਆਨ ਵਾਧੇ ਲਈ ਲਗਾਤਾਰ ਯਤਨਸ਼ੀਲ ਰਹਿਣ ਅਤੇ ਫਸਲਾਂ ਦੀ ਕਾਸਤ ਸਬੰਧੀ ਤਕਨੀਕੀ ਜਾਣਕਾਰੀ ਹਾਸਲ ਕਰਨ ਦੇ ਨਾਲ ਮੰਡੀ ਦੇ ਰੁਝਾਨਾ ਤੇ ਵੀ ਤਿੱਖੀ ਨਜ਼ਰ ਰੱਖਣ।
ਸ੍ਰੀ ਵਿਸਵਜੀਤ ਖੰਨਾ ਵਧੀਕ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਕਣਕ ਝੋਨੇ ਦੇ ਫਸਲੀ ਚੱਕਰ ਨੂੰ ਛੱਡ ਕੇ ਕਿਨੂੰ ਦੀ ਕਾਸਤ ਵੱਲ ਧਿਆਨ ਕੇਂਦਰਤ ਕਰਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਫਸਲੀ ਵਿਭਿੰਨਤਾ ਨੂੰ ਉਤਸਾਹਿਤ ਕਰਨ ਲਈ ਅਨੇਕਾਂ ਯਤਨ ਕੀਤੇ ਜਾ ਰਹੇ ਹਨ।ਉਨ੍ਹਾਂ ਨੇ ਇਨਾਮ ਜੇਤੂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਥੋਂ ਪ੍ਰਾਪਤ ਗਿਆਨ ਨੂੰ ਹੋਰਨਾਂ ਨਾਲ ਸਾਂਝਾ ਕਰਨ।
ਡਾਇਰੈਕਟਰ ਬਾਗਬਾਨੀ ਸਲਿੰਦਰ ਕੌਰ ਨੇ ਬਾਗਬਾਨੀ ਨੂੰ ਉਤਸਾਹਿਤ ਕਰਨ ਲਈ ਰਾਜ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬਾਗਬਾਨੀ ਸਬੰਧੀ ਤਕਨੀਕੀ ਜਾਣਕਾਰੀ, ਬਜਾਰ ਦੀ ਜਾਣਕਾਰੀ ਵੀ ਕਿਸਾਨਾਂ ਨਾਲ ਸਾਂਝੀ ਕੀਤੀ।
ਇਸ ਤੋਂ ਪਹਿਲਾਂ ਬਾਗਬਾਨੀ ਨਾਲ ਸਬੰਧੀ ਤਕਨੀਕੀ ਸੈਸ਼ਨ ਵਿਚ ਮਾਹਿਰਾਂ ਨੇ ਕਿਸਾਨਾਂ ਨੂੰ ਬਾਗਾਂ ਦੀ ਕਾਸਤ, ਬਾਗਾਂ ਵਿਚ ਨਦੀਨਾਂ, ਕੀਟਾਂ ਤੇ ਬਿਮਾਰੀਆਂ ਦੀ ਰੋਕਥਾਮ, ਬਾਗਾਂ ਵਿਚ ਪੋਸ਼ਕ ਤੱਤਾਂ ਦਾ ਪ੍ਰਬੰਧਨ, ਮੰਡੀਕਰਨ ਆਦਿ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਫਲਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਵੱਖ ਵੱਖ ਸ਼ੇ੍ਰਣੀਆਂ ਵਿਚ ਜੇਤੂ ਫਲ ਕਾਸਤਕਾਰਾਂ ਨੂੰ ਇਨਾਮ ਦਿੱਤੇ ਗਏ।
ਇਸ ਮੌਕੇ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰੀ ਜ਼ਸਪਾਲ ਸਿੰਘ ਭੱਟੀ ਨੇ ਸਭ ਮਹਿਮਾਨਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਡਾਇਰੈਕਟਰ ਖੇਤਬਾੜੀ ਸ੍ਰੀ ਦਵਿੰਦਰ ਐਰੀ, ਸ੍ਰੀ ਮਹਿੰਦਰ ਰਿਣਵਾ, ਸ੍ਰੀ ਸੰਦੀਪ ਜਾਖੜ ਆਦਿ ਵੀ ਹਾਜਰ ਸਨ।