37.8 C
Delhi
Thursday, April 25, 2024
spot_img
spot_img

ਵਿਦੇਸ਼ਾਂ ‘ਚ ਚਖੀ ਜਾਂਦੀ ਹੈ ਤਰਸੇਮ ਸਿੰਘ ਵਲੋਂ ਤਿਆਰ ਕੀਤੀ ਜਾਂਦੀ ‘ਗੁੜ ਕੈਂਡੀ’

ਹੁਸ਼ਿਆਰਪੁਰ, 31 ਜਨਵਰੀ, 2020 –
ਹੁਸ਼ਿਆਰਪੁਰ ਦੇ ਪਿੰਡ ਨੀਲਾ ਨਲੋਆ ਦੇ 70 ਸਾਲਾ ਅਗਾਂਹਵਧੂ ਕਿਸਾਨ ਸ੍ਰੀ ਤਰਸੇਮ ਸਿੰਘ ਆਪਣੀ ਅਗਾਂਹਵਧੂ ਸੋਚ ਸਦਕਾ ਜਿਥੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਰਸਾਇਣ ਮੁਕਤ ਖੇਤੀ ਕਰਕੇ ਉਨਤ ਖੇਤੀ ਵੱਲ ਕਦਮ ਵਧਾ ਰਹੇ ਹਨ, ਉਥੇ ਸਹਾਇਕ ਧੰਦੇ ਅਪਣਾ ਕੇ ਆਪਣੀ ਆਰਥਿਕ ਸਥਿਤੀ ਵੀ ਹੋਰ ਮਜ਼ਬੂਤ ਕਰ ਰਹੇ ਹਨ। ਇਨ੍ਹਾਂ ਦੀ ਬਣਾਈ ਗਈ ਫਲੇਵਰਡ ਗੁੜ ਕੈਂਡੀ ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਕਾਫੀ ਮਸ਼ਹੂਰ ਹੈ। ਇਸ ਅਗਾਂਹਵਧੂ ਕਿਸਾਨ ਨੂੰ ਜ਼ਿਲ•ਾ ਪ੍ਰਸ਼ਾਸ਼ਨ ਵਲੋਂ ਗਣਤੰਤਰ ਦਿਵਸ ‘ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਰਾਣਾ ਕੇ.ਪੀ. ਸਿੰਘ ਕੋਲੋਂ ਪ੍ਰਸ਼ੰਸਾ ਪੱਤਰ ਵੀ ਦਿਵਾਇਆ ਗਿਆ ਹੈ।

ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਅਗਾਂਹਵਧੂ ਕਿਸਾਨ ਸ੍ਰੀ ਤਰਸੇਮ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਰਸਾਇਣ ਮੁਕਤ ਖੇਤੀ ਦੇ ਨਾਲ-ਨਾਲ ਖੇਤੀ ਵਿੱਚ ਬਦਲਾਅ ਸਮੇਂ ਦੀ ਮੁੱਖ ਲੋੜ ਹੈ ਅਤੇ ਸ੍ਰੀ ਤਰਸੇਮ ਸਿੰਘ ਵਰਗੇ ਕਿਸਾਨ ਹੋਰਨਾਂ ਕਿਸਾਨਾਂ ਲਈ ਮਾਰਗ ਦਰਸ਼ਨ ਦਾ ਕੰਮ ਕਰਦੇ ਹਨ।

ਉਨ੍ਹਾਂ ਕਿਹਾ ਕਿ ਜ਼ਿਲ•ਾ ਪ੍ਰਸ਼ਾਸ਼ਨ ਵਲੋਂ ਰਸਾਇਣ ਮੁਕਤ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਰੌਸ਼ਨ ਗਰਾਊਂਡ ਹੁਸ਼ਿਆਰਪੁਰ ਵਿਖੇ ‘ਸੇਫ ਫੂਡ ਮੰਡੀ’ ਲਗਾਈ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਬਦਲਵੀਂ ਖੇਤੀ ਕਰਨ ਅਤੇ ਵੱਧ ਤੋਂ ਵੱਧ ਸਹਾਇਕ ਧੰਦੇ ਅਪਨਾਉਣ ਦੀ ਅਪੀਲ ਵੀ ਕੀਤੀ, ਤਾਂ ਜੋ ਉਨ੍ਹਾਂ ਦੀ ਆਰਥਿਕ ਸਥਿਤੀ ਹੋਰ ਮਜ਼ਬੂਤ ਹੋ ਸਕੇ।

ਉਨ੍ਹਾਂ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਖਾਦਾਂ ਅਤੇ ਜ਼ਹਿਰਾਂ ਦੀ ਵਰਤੋਂ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਵਲੋਂ ਅਗਾਂਹਵਧੂ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਐਤਵਾਰ ਰੌਸ਼ਨ ਗਰਾਊਂਡ ਵਿਖੇ ਲੱਗਣ ਵਾਲੀ ਸੇਫ਼ ਫੂਡ ਮੰਡੀ ਕਾਫ਼ੀ ਸਹਾਈ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਸਰਟੀਫਾਈਡ ਕਿਸਾਨ ਇਸ ਮੰਡੀ ਵਿੱਚ ਆਪਣੇ ਫ਼ਲ, ਸਬਜ਼ੀਆਂ ਅਤੇ ਹੋਰ ਵਸਤਾਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਕੇ ਵੇਚ ਸਕਦੇ ਹਨ।

ਉਧਰ ਸਾਲ 2008 ਵਿੱਚ ਰਿਟਾਇਰ ਹੋਏ ਪ੍ਰਿੰਸੀਪਲ ਸ੍ਰੀ ਤਰਸੇਮ ਸਿੰਘ ਨੇ ਸੇਵਾ ਮੁਕਤੀ ਤੋਂ ਬਾਅਦ ਆਪਣਾ ਸਾਰਾ ਸਮਾਂ ਜੈਵਿਕ ਖੇਤੀ ਨੂੰ ਸਮਰਪਿਤ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਇਸ ਮਿਸ਼ਨ ਵਿੱਚ ਉਨ੍ਹਾਂ ਦਾ ਪੂਰਾ ਪਰਿਵਾਰ ਸ਼ਾਮਲ ਹੈ। ਅੱਜ ਉਹ ਆਪਣੇ ਸੰਯੁਕਤ ਪਰਿਵਾਰ ਦੇ ਨਾਲ 17 ਏਕੜ ਵਿੱਚ ਰਸਾਇਣ ਮੁਕਤ ਖੇਤੀ ਕਰ ਰਹੇ ਹਨ। ਉਨ੍ਹਾਂ ਹੁਣ ਤੱਕ ਆਪਣੇ ਖੇਤਾਂ ਵਿੱਚ ਕਦੀ ਵੀ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਈ ਹੈ।

ਸ੍ਰੀ ਤਰਸੇਮ ਸਿੰਘ ਹਰ ਮੌਸਮੀ ਫਲ, ਸਬਜ਼ੀਆਂ, ਦਾਲਾਂ ਤੋਂ ਇਲਾਵਾ ਗੁੜ ਅਤੇ ਸ਼ੱਕਰ ਦਾ ਉਤਪਾਦਨ ਵੀ ਕਰਦੇ ਹਨ। ਇਸ ਤੋਂ ਇਲਾਵਾ ਉਹ ਜਿਥੇ ਮਧੂ ਮੱਖੀ ਪਾਲਣ ਵਿੱਚ ਆਪਣਾ ਹੱਥ ਅਜ਼ਮਾ ਰਹੇ ਹਨ, ਉਥੇ ਪਸ਼ੂ ਪਾਲਣ ਦਾ ਸਹਾਇਕ ਧੰਦਾ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕੋਲ 15 ਦੁਧਾਰੂ ਪਸ਼ੂ ਵੀ ਹਨ। ਸ੍ਰੀ ਤਰਸੇਮ ਸਿੰਘ ਦੇ ਆਪਣੇ ਬੇਲਣੇ ਦਾ ਗੁੜ ਅਤੇ ਸ਼ੱਕਰ ਤੋਂ ਇਲਾਵਾ ਗੁੜ ਕੈਂਡੀ ਨਾ ਸਿਰਫ ਪੰਜਾਬ, ਬਲਕਿ ਵਿਦੇਸ਼ਾਂ ਵਿੱਚ ਵੀ ਮਸ਼ਹੂਰ ਹੈ।

ਉਨ੍ਹਾਂ ਦੇ ਬਣਾਏ ਗੁੜ ਅਤੇ ਸ਼ੱਕਰ ਦੀ ਖਾਸੀਅਤ ਇਹ ਹੈ ਕਿ ਉਹ ਆਪਣੇ ਖੇਤਾਂ ਵਿੱਚ ਲੱਗੇ ਗੰਨੇ ਤੋਂ ਹੀ ਗੁੜ ਅਤੇ ਸ਼ੱਕਰ ਬਣਾਉਂਦੇ ਹਨ, ਜੋ ਬਿਨ੍ਹਾਂ ਰਸਾਇਣਾਂ ਤੋਂ ਪੈਦਾ ਕੀਤਾ ਜਾਂਦਾ ਹੈ। ਸ੍ਰੀ ਤਰਸੇਮ ਸਿੰਘ ਕੋਲ ਆਂਵਲਾ, ਮੈਰਿੰਗਾ, ਸੌਂਫ, ਅਦਰਕ, ਹਲਦੀ ਆਦਿ ਫਲੇਵਰ ਦੀ ਗੁੜ ਕੈਂਡੀ ਉਪਲਬੱਧ ਹੈ, ਜਿਸ ਦੀ ਬਾਜਾਰ ਵਿੱਚ ਕਾਫੀ ਡਿਮਾਂਡ ਵੀ ਹੈ। 

ਸ੍ਰੀ ਤਰਸੇਮ ਸਿੰਘ ਨੇ ਦੱਸਿਆ ਕਿ ਉਹ ਉਸ ਫ਼ਸਲ ਨੂੰ ਜ਼ਿਆਦਾ ਪਹਿਲ ਦਿੰਦੇ ਹਨ, ਜਿਸ ਵਿੱਚ ਪਾਣੀ ਦੀ ਘੱਟ ਜ਼ਰੂਰਤ ਪੈਂਦੀ ਹੈ ਅਤੇ ਇਸ ਲਈ ਉਨ੍ਹਾਂ ਵਲੋਂ ਡ੍ਰਿਪ ਇਰੀਗੇਸ਼ਨ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਹ ਦਾਲਾਂ ਵਿੱਚ ਮਾਹ, ਮਸਰ, ਕਾਲੇ ਛੋਲੇ, ਮੂੰਗੀ ਤੋਂ ਇਲਾਵਾ ਬਲੈਕ ਰਾਈਸ, ਅਦਰਕ ਅਤੇ ਹਰ ਮੌਸਮੀ ਸਬਜ਼ੀ ਵੀ ਉਗਾਉਂਦੇ ਹਨ।

ਉਨ੍ਹਾਂ ਕਿਹਾ ਕਿ ਉਹ ਬਣਾਏ ਗਏ ਉਤਪਾਦਾਂ ਦੀ ਮਾਰਕਟਿੰਗ ਵੀ ਖੁੱਦ ਕਰਦੇ ਹਨ, ਜਿਸ ਲਈ ਹਫ਼ਤੇ ਵਿੱਚ ਇਕ ਦਿਨ ਜਲੰਧਰ ਮੰਡੀ, ਹੁਸ਼ਿਆਰਪੁਰ ਵਿੱਚ ਆਤਮਾ ਕਿਸਾਨ ਹੱਟ, ਸੇਫ ਫੂਡ ਮੰਡੀ ਹੁਸ਼ਿਆਰਪੁਰ ਤੋਂ ਇਲਾਵਾ ਚੰਡੀਗੜ ਅਤੇ ਹੋਰਨਾਂ ਸ਼ਹਿਰਾਂ ਵਿੱਚ ਵੀ ਜਾਂਦੇ ਹਨ।

ਸ੍ਰੀ ਤਰਸੇਮ ਸਿੰਘ ਨੂੰ ਪੰਜਾਬ ਖੇਤੀਬਾੜੀ ਵਿਸ਼ਵ ਵਿਦਿਆਲਿਆ, ਖੇਤੀ ਵਿਰਾਸਤ ਮਿਸ਼ਨ, ਇਨੋਵੇਟਿਵ ਫਾਰਮਸ ਐਸੋਸੀਏਸ਼ਨ ਅਤੇ ਹੋਰ ਸੰਸਥਾਵਾਂ ਵਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪੰਜਾਬ ਐਗਰੀ ਐਕਸਪਰਟ ਕਾਰਪੋਰੇਸ਼ਨ ਤੋਂ ਵੀ ਮਾਨਤਾ ਮਿਲੀ ਹੋਈ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION