ਪਰਨੀਤ ਕੌਰ ਵੱਲੋਂ ਪਿਯੂਸ਼ ਗੋਇਲ ਨਾਲ ਮੁਲਾਕਾਤ, ਪਟਿਆਲਾ ਹਲਕੇ ਦੀਆਂ ਮੰਗਾਂ ਤੋਂ ਜਾਣੂ ਕਰਵਾਇਆ

ਪਟਿਆਲਾ, 5 ਦਸੰਬਰ, 2019 –
ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਭਾਰਤ ਦੇ ਰੇਲਵੇ ਮੰਤਰੀ ਸ੍ਰੀ ਪਿਯੂਸ਼ ਗੋਇਲ ਨਾਲ ਮੁਲਾਕਾਤ ਕਰਕੇ ਪਟਿਆਲਾ ਲੋਕ ਸਭਾ ਹਲਕੇ ਦੀਆਂ ਮੰਗਾਂ ਤੋਂ ਜਾਣੂ ਕਰਵਾਇਆ। ਇਸ ਦੌਰਾਨ ਲੋਕ ਸਭਾ ਮੈਂਬਰ ਨੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਧਰਤੀ ਪਿੰਡ ਮਨਸੂਰਪੁਰ ਛੀਂਟਾਵਾਲਾ (ਨਾਭਾ) ਦੇ ਰੇਲਵੇ ਸਟੇਸ਼ਨ ‘ਤੇ ਰੇਲ ਗੱਡੀਆਂ ਦਾ ਠਹਿਰਾਉ ਯਕੀਨੀ ਬਣਾਉਣ ‘ਤੇ ਜ਼ੋਰ ਦਿੱਤਾ, ਉਥੇ ਹੀ ਰਾਜੁਪਰਾ ਅਤੇ ਐਸ.ਏ.ਐਸ. ਨਗਰ ਦੇ ਪਿੰਡ ਲੇਹਲੀ ਵਿਖੇ ਰੇਲਵੇ ਓਵਰ ਬ੍ਰਿਜਾਂ ਦੀ ਉਸਾਰੀ ਕਰਵਾਉਣ ਦੀ ਮੰਗ ਕੀਤੀ ਹੈ।

ਸ੍ਰੀਮਤੀ ਪਰਨੀਤ ਕੌਰ ਨੇ ਰੇਲਵੇ ਮੰਤਰੀ ਸ੍ਰੀ ਗੋਇਲ ਨੂੰ ਜਾਣੂ ਕਰਵਾਇਆ ਕਿ ਇਸ ਪਿੰਡ ‘ਚ ਸਥਿਤ ਗੁਰਦੁਆਰਾ ਸਹਿਬ, ਜਿੱਥੇ ਕਿ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ ਅਤੇ ਇੱਥੇ ਇਤਿਹਾਸਕ ਗੁਰਦੁਆਰਾ ਚੁਬਾਰਾ ਸਾਹਿਬ ਸੁਸ਼ੋਭਿਤ ਹੈ, ਇੱਥੇ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਨਿਸ਼ਾਨੀ ਪੁਰਾਤਨ ਚੁਗਾਠ ਤੇ ਦਰਵਾਜਾ ਅੱਜ ਵੀ ਸੰਭਾਲ ਕੇ ਰੱਖੀ ਹੋਈ ਹੈ, ਦੇ ਦਰਸ਼ਨ ਕਰਨ ਲਈ ਸੰਗਤ ਦੂਰੋਂ-ਨੇੜਿਓਂ ਪੁੱਜਦੀ ਹੈ, ਇਸ ਲਈ ਇੱਥੇ ਬਠਿੰਡਾ-ਪਟਿਆਲਾ-ਰਾਜਪੁਰਾ-ਅੰਬਾਲਾ ਰੇਲ ਮਾਰਗ ‘ਤੇ ਚੱਲਦੀਆਂ ਰੇਲ ਗੱਡੀਆਂ ਦਾ ਠਹਿਰਾਓ ਯਕੀਨੀ ਬਣਾਇਆ ਜਾਵੇ।

ਉਨ੍ਹਾਂ ਨੇ ਪਿੰਡ ਛੀਂਟਾਵਾਲਾਂ ਦੀ ਪੰਚਾਇਤ ਵੱਲੋਂ ਇਸ ਬਾਬਤ ਪਾਸ ਕੀਤੇ ਗਏ ਮਤੇ ਦੇ ਹਵਾਲੇ ਨਾਲ ਕਿਹਾ ਕਿ ਇਸ ਮੰਗ ਨੂੰ ਤੁਰੰਤ ਪੂਰਾ ਕੀਤਾ ਜਾਵੇ, ਜਿਸ ‘ਤੇ ਰੇਲਵੇ ਮੰਤਰੀ ਨੇ ਹਾਂ ਪੱਖੀ ਹੁੰਗਾਰਾ ਭਰਿਆ ਹੈ।

ਐਮ.ਪੀ. ਸ੍ਰੀਮਤੀ ਪਰਨੀਤ ਕੌਰ ਨੇ ਸ੍ਰੀ ਪਿਯੂਸ਼ ਗੋਇਲ ਕੋਲ ਮੰਗ ਰੱਖੀ ਕਿ ਰਾਜਪੁਰਾ-ਪਟਿਆਲਾ-ਬਠਿੰਡਾ ਰੇਲ ਲਾਇਨ ਦੀ ਕਰਾਸਿੰਗ ਨੰਬਰ 1 ਏ, ਕੇ.ਐਮ. ਨੰਬਰ 0/10-11 ਪੁਰਾਣੀ ਜੀ.ਟੀ. ਰੋਡ (ਓ.ਡੀ.ਆਰ. 330) ‘ਤੇ ਰੇਲਵੇ ਓਵਰ ਬ੍ਰਿਜ ਉਸਾਰਿਆ ਜਾਵੇ। ਇਸ ਤੋਂ ਬਿਨ੍ਹਾਂ ਅੰਬਾਲਾ-ਚੰਡੀਗੜ੍ਹ ਰੇਲ ਲਾਇਨ ਸੈਕਸ਼ਨ ਓਵਰ ਬਨੂੜ-ਲਾਲੜੂ ਰੋਡ ਬਰਾਸਤਾ ਮਨੌਲੀ ਰੋਡ ਕੇ.ਐਮ. ਨੰਬਰ 10 ਪਿੰਡ ਲੇਹਲੀ ਜ਼ਿਲ੍ਹਾ ਐਸ.ਏ.ਐਸ. ਨਗਰ, ਰੇਲਵੇ ਕਰਾਸਿੰਗ ਨੰਬਰ 111-ਐਸ.ਪੀ.ਐਲ./3 ਟੀ, ਕੇ.ਐਮ. ਨੰਬਰ 218/39-41 ‘ਤੇ ਵੀ ਰੇਲਵੇ ਓਵਰ ਬ੍ਰਿਜ ਦੀ ਉਸਾਰੀ ਕਰਵਾਈ ਜਾਵੇ।

ਸ੍ਰੀਮਤੀ ਪਰਨੀਤ ਕੌਰ ਨੇ ਰੇਲ ਮੰਤਰੀ ਨੂੰ ਦੱਸਿਆ ਕਿ ਉਕਤ ਸਥਾਨਾਂ ‘ਤੇ ਰੇਲਵੇ ਕਰਾਸਿੰਗ ਪੰਜਾਬ ਦੇ ਮਹੱਤਵਪੂਰਨ ਸ਼ਹਿਰਾਂ ਰਾਜਪੁਰਾ ਤੇ ਡੇਰਾਬਸੀ ਦੇ ਨਜ਼ਦੀਕ ਪੈਂਦੀਆਂ ਹਨ। ਇਸ ਲਈ ਇਨ੍ਹਾਂ ਦੋਵਾਂ ਰੇਲਵੇ ਕਰਾਸਿੰਗ ‘ਤੇ ਇੱਕ ਲੱਖ ਤੋਂ ਵਧੇਰੇ ਵਹੀਕਲਾਂ ਦੀ ਕਰਾਸਿੰਗ ਹੁੰਦੀ ਹੈ ਪਰੰਤੂ ਰੇਲ ਗੱਡੀਆਂ ਦੀ ਆਮਦ ਵੀ ਵਧੇਰੇ ਹੋਣ ਕਰਕੇ ਇਹ ਫਾਟਕ ਅਕਸਰ ਬੰਦ ਹੀ ਰਹਿੰਦੇ ਹਨ, ਜਿਸ ਕਰਕੇ ਆਮ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਰਕੇ ਇਨ੍ਹਾਂ ਫਾਟਕਾਂ ‘ਤੇ ਰੇਲਵੇ ਪੁਲਾਂ ਦੀ ਉਸਾਰੀ ਬੇਹੱਦ ਲਾਜਮੀ ਬਣ ਗਈ ਹੈ।

ਲੋਕ ਸਭਾ ਮੈਂਬਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਇਨ੍ਹਾਂ ਦੋਵਾਂ ਪੁਲਾਂ ਦੀ ਉਸਾਰੀ ਲਈ ਪਹਿਲਾਂ ਹੀ ਪ੍ਰਵਾਨਗੀ ਦੇ ਦਿੱਤੀ ਤੇ ਇਸ ਲਈ ਸਾਲਾ 2019-20 ‘ਚ ਫੰਡਾਂ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ। ਇਸ ਤੋਂ ਬਿਨ੍ਹਾਂ ਲੋਕ ਨਿਰਮਾਣ ਵਿਭਾਗ ਨੇ ਮੁਢਲੇ ਪੜਾਅ ਦੇ ਕੰਮ ਵੀ ਮੁਕੰਮਲ ਕੀਤੇ ਹੋਏ ਹਨ।

ਉਨ੍ਹਾਂ ਜ਼ੋਰਦਾਰ ਮੰਗ ਕੀਤੀ ਕਿ ਇਨ੍ਹਾਂ ਪੁਲਾਂ ਦੀ ਉਸਾਰੀ ਦੇ ਪ੍ਰੋਗਰਾਮ ਨੂੰ ਰੇਲਵੇ ਦੇ ਕਾਰਜਾਂ ਦੇ ਪ੍ਰੋਗਰਾਮ ਵਿੱਚ ਜਰੂਰ ਸ਼ਾਮਲ ਕੀਤਾ ਜਾਵੇ ਤਾਂ ਕਿ ਇਨ੍ਹਾਂ ਪੁਲਾਂ ਦੀ ਉਸਾਰੀ ਵੀ ਜਲਦ ਸ਼ੁਰੂ ਹੋ ਸਕੇ। ਇਸ ‘ਤੇ ਵੀ ਰੇਲਵੇ ਮੰਤਰੀ ਨੇ ਇਸ ਕੰਮ ਨੂੰ ਵੀ ਜਲਦ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ।

ਇਸਦੇ ਨਾਲ ਹੀ ਸ੍ਰੀਮਤੀ ਪਰਨੀਤ ਕੌਰ ਨੇ ਘਨੌਰ ਬਲਾਕ ਦੇ ਪਿੰਡ ਸੰਜਰਪੁਰ ਦੀ ਗ੍ਰਾਮ ਪੰਚਾਇਤ ਵੱਲੋਂ ਅੰਬਾਲਾ-ਰਾਜਪੁਰਾ ਰੇਲ ਮਾਰਗ ‘ਤੇ ਰੇਲਵੇ ਕਰਾਸਿੰਗ ਨੰਬਰ 129-ਸੀ/2-ਈ ‘ਤੇ ਬਣ ਰਹੇ ਅੰਡਰਪਾਸ ਦੇ ਰੁਕੇ ਹੋਏ ਕੰਮ ਕਰਕੇ ਇਲਾਕਾ ਨਿਵਾਸੀਆਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਦੀ ਰੱਖੀ ਗਈ ਮੰਗ ਦਾ ਮਾਮਲਾ ਵੀ ਰੇਲ ਮੰਤਰੀ ਦੇ ਸਨਮੁੱਖ ਰੱਖਿਆ।

ਲੋਕ ਸਭਾ ਮੈਂਬਰ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੇ ਕਰੀਬ 1 ਸਾਲ ਤੋਂ ਰੁਕੇ ਇਸ ਕੰਮ ਨੂੰ ਤੇਜੀ ਨਾਲ ਮੁਕੰਮਲ ਕਰਵਾਇਆ ਜਾਵੇ, ਕਿਉਂਕਿ ਇਲਾਕਾ ਨਿਵਾਸੀਆਂ ਤੇ ਖਾਸ ਕਰਕੇ ਕਿਸਾਨਾਂ ਨੂੰ ਮੰਡੀ ‘ਚ ਜਾਣ ਲਈ 10 ਤੋਂ 15 ਕਿਲੋਮੀਟਰ ਲੰਮਾ ਪੈਂਡਾ ਤੈਅ ਕਰਨਾ ਪੈਂਦਾ ਹੈ।

ਇਸ ‘ਤੇ ਵੀ ਰੇਲ ਮੰਤਰੀ ਨੇ ਭਰੋਸਾ ਦਿੱਤਾ ਕਿ ਇਸ ਕੰਮ ਨੂੰ 31 ਜਨਵਰੀ ਤੱਕ ਮੁਕੰਮਲ ਕਰਵਾਇਆ ਜਾਵੇਗਾ। ਇਸ ਮੁਲਾਕਾਤ ਦੌਰਾਨ ਸ੍ਰੀਮਤੀ ਪਰਨੀਤ ਕੌਰ ਦੇ ਨਾਲ ਸ੍ਰੀ ਖਡੂਰ ਸਾਹਿਬ ਤੋਂ ਐਮ.ਪੀ. ਸ. ਜਸਬੀਰ ਸਿੰਘ ਡਿੰਪਾ ਤੇ ਫ਼ਤਹਿਗੜ੍ਹ ਸਾਹਿਬ ਤੋਂ ਐਮ.ਪੀ. ਡਾ. ਅਮਰ ਸਿੰਘ ਵੀ ਮੌਜੂਦ ਸਨ