ਪੰਜਾਬ ਵਿੱਚ ਅਮਰਿੰਦਰ ਸਰਕਾਰ ਲੀਹੋਂ ਲੱਥੀ ਜਾਪਦੀ ਹੈ: ਡਾ ਅਮਰਜੀਤ ਟਾਂਡਾ

ਸਿਡਨੀ, 18, ਫਰਵਰੀ 2020 –

ਕੈਪਟਨ ਸਰਕਾਰ ਦੀ ਤਿੰਨ ਸਾਲ ਦੀ ਕਾਰਗੁਜ਼ਾਰੀ ਨੂੰ ਲੈ ਕੇ ਕਾਂਗਰਸ ਵਿਧਾਇਕਾਂ ਵਿਚ ਬਾਗ਼ੀ ਸੁਰਾਂ ਮੁੜ ਫਿਰ ਉੱਭਰ ਰਹੀਆਂ ਹਨ। ਮੁੱਖ ਮੰਤਰੀ ਦੀ ਭਰੋਸੇਯੋਗਤਾ ਨੂੰ ਖੋਰਾ ਲੱਗਣ ਉੱਪਰ ਐੱਨ ਆਰ ਆਈ ਵਰਲਡ ਆਰਗੇਨਾਈਜੇਸ਼ਨ ਦੇ ਚੇਅਰਮੈਨ ਅਤੇ ਵਿਸ਼ਵ ਪੰਜਾਬੀ ਸਾਹਿਤ ਪੀਠ ਦੇ ਡਾਇਰੈਕਟਰ ਡਾ ਅਮਰਜੀਤ ਟਾਂਡਾ ਨੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।

ਪ੍ਰੈੱਸ ਦੇ ਨਾਂ ਇੱਕ ਨੋਟ ਜਾਰੀ ਕਰਦੇ ਸਿਡਨੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ ਟਾਂਡਾ ਨੇ ਕਿਹਾ ਕਿ ਸਰਕਾਰ ਦੀ ਸਮੁੱਚੀ ਕਾਰਗੁਜ਼ਾਰੀ ਉੱਪਰ ਹੀ ਵੱਡੇ ੨ ਸਵਾਲ ਖੜ੍ਹੇ ਹੋ ਰਹੇ ਹਨ। ਰਾਜ ਅੰਦਰ ਨਸ਼ਿਆਂ ਦੇ ਚਲਨ ਨੂੰ ਠੱਲ੍ਹਣ ‘ਚ ਸਰਕਾਰ ਅਸਫ਼ਲ ਸਿੱਧ ਹੋਈ ਹੈ।

ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਅਤੇ ਰੇਤ, ਟਰਾਂਸਪੋਰਟ ਤੇ ਸ਼ਰਾਬ ਮਾਫੀਏ ਉੱਪਰ ਸ਼ਿਕੰਜਾ ਕੱਸਣ ਦੀ ਗੱਲ ਤਾਂ ਸ਼ੁਰੂ ਹੀ ਨਹੀਂ ਹੋਈ ਸੁਧਾਰ ਤਾਂ ਕੀ ਹੋਣਾ ਸੀ। ਅਕਾਲੀ-ਭਾਜਪਾ ਸਰਕਾਰ ਵਲੋਂ ਅਨਾਜ ਖ਼ਰੀਦ ‘ਚੋਂ 31 ਹਜ਼ਾਰ ਕਰੋੜ ਰੁਪਏ ਦੇ ਕਸਾਰੇ ਨੂੰ ਕਰਜ਼ੇ ‘ਚ ਬਦਲਣ ਦੇ ਵੱਡੇ ਘੁਟਾਲੇ ਦੀ ਜਾਂਚ ਦੇ ਵਾਅਦੇ ਉਪਰ ਵੀ ਕੋਈ ਅਮਲ ਨਹੀਂ ਹੋਇਆ ਹੈ।

ਡਾ ਟਾਂਡਾ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੇ ਸਭ ਤੋਂ ਵੱਧ ਹਿੱਸਾ ਪਾਇਆ ਸੀ। ਬੇਅਦਬੀ ਦੇ ਮੁਜਰਮਾਂ ਨੂੰ ਕਟਹਿਰੇ ‘ਚ ਖੜ੍ਹਾ ਕਰਨ ਅਤੇ ਜ਼ੁਲਮ ਕਰਨ ਵਾਲੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ‘ਚ ਖੜ੍ਹਾ ਕਰਨ ਲਈ ਸਰਕਾਰ ਦੇ ਯਤਨ ਲੋਕ ਮਨਾਂ ‘ਚ ਸ਼ੱਕ ਦੇ ਘੇਰੇ ਵਿਚ ਹਨ ਕਿ ਕੋਈ ਕਦਮ ਕਿਉਂ ਨਹੀਂ ਉਠਾਇਆ ਗਿਆ ? ਇਸੇ ਕਰਕੇ ਜਾਪਦਾ ਹੈ ਕਿ ਸਿੱਧੂ ਸੱਚ ਬੋਲਦਾ ਹੈ। ਮੈਚ ਫਿਕਸ ਕਰਕੇ ਖੇਡਿਆ ਜਾ ਰਿਹਾ ਹੈ। ਫਿਰ ਦੱਸੋ ਪੰਜਾਬ ਨੂੰ ਪਿਆਰ ਕਰਨ ਵਾਲੇ ਤੇ ਥੋਨੂੰ ਸਤਿਕਾਰ ਕਰਨ ਵਾਲੇ ਕਿੱਥੇ ਜਾਣ।

ਡਾ ਟਾਂਡਾ ਨੇ ਕਿਹਾ ਕਿ ਨਿੱਜੀ ਬਿਜਲੀ ਕੰਪਨੀਆਂ ਨਾਲ ਹੋਏ ਸਮਝੌਤਿਆਂ ਬਾਰੇ ਲਾਏ ਵੱਡੇ ਦੋਸ਼ਾਂ ਬਾਰੇ ਤਾਂ ਚੁੱਪ ਹੀ ਧਾਰੀ ਹੋਈ ਹੈ। 77 ਸੀਟਾਂ ਜਿਤਾ ਕੇ ਤੁਹਾਡੀ ਸਰਕਾਰ ਬਣਾਉਣ ਵਾਲੇ ਪੰਜਾਬੀ ਅਫ਼ਸੋਸ ਨਾਲ ਸਰਕਾਰ ਦੀ ਕਾਰਗੁਜ਼ਾਰੀ ਤੋਂ ਬਿਲਕੁਲ ਨਿਰਾਸ਼ ਹੋਏ ਬੈਠੇ ਹਨ।

ਸ਼ਰਾਬ ਦੀ ਖ਼ਪਤ ਵਿਚ ਅਸੀਂ ਦੇਸ਼ ਦੇ ਮੋਹਰੀ ਸੂਬਿਆਂ ਵਿਚੋਂ ਮੰਨੇ ਜਾਂਦੇ ਹਾਂ, ਪਰ ਆਮਦਨ ਦੇ ਮਾਮਲੇ ‘ਚ ਫਾਡੀਆਂ ਦੀ ਕਤਾਰ ਵਿਚ ਕਿਉਂ ਆ ਖਲੋਤੇ ਹਾਂ ਡਾ ਟਾਂਡਾ ਨੇ ਸਵਾਲ ਕੀਤਾ।

ਡਾ ਟਾਂਡਾ ਨੇ ਕਿਹਾ ਕਿ ਚੋਣਾਂ ਸਮੇਂ ਕੀਤੇ ਵਾਅਦਿਆਂ ਦੀ ਗੱਲ ਕਰੀੇਏ ਤਾਂ ਇਹ ਦੱਸੋ ਕਿ ਨਸ਼ਿਆਂ ਦਾ ਚੱਲਣ ਕਿਉਂ ਨਹੀਂ ਖਤਮ ਹੋਇਆ ਅਤੇ ਨਾ ਹੀ ਕੋਈ ਠੱਲ੍ਹ ਪਈ। ਖ਼ਜ਼ਾਨਾ ਲੁੱਟਣ ਲਈ ਰੱਖੀਆਂ ਚੋਰ ਮੋਰੀਆਂ ਬੰਦ ਕਰਨ ਵੱਲ ਵੀ ਕੋਈ ਧਿਆਨ ਕੇਂਦਰਤ ਨਹੀਂ ਕੀਤਾ ਗਿਆ। ਸ਼ਰਾਬ ਤੇ ਰੇਤੇ ਦੇ ਵਪਾਰ ‘ਚ ਸਰਕਾਰੀ ਕਾਰਪੋਰੇਸ਼ਨ ਬਣਾਉਣ ਲਈ ਵੀ ਕੁਝ ਨਾ ਸੋਚਿਆ ਗਿਆ।

ਰੇਤੇ ਤੋਂ ਪੈਸਾ ਤਾਂ ਬਹੁਤ ਕਮਾਇਆ ਜਾ ਰਿਹਾ ਹੈ, ਪਰ ਇਹ ਸਰਕਾਰ ਦਾ ਖ਼ਜ਼ਾਨਾ ਭਰਨ ਦੀ ਬਜਾਏ ਨਿੱਜੀ ਹੱਥਾਂ ਵਿਚ ਕਿਉਂ ਜਾ ਰਿਹਾ ਹੈ ਡਾ ਟਾਂਡਾ ਨੇ ਕਿਹਾ।

ਡਾ ਟਾਂਡਾ ਨੇ ਕਿਹਾ ਕਿ ਪੰਜਾਬ ਕਾਂਗਰਸ ਸਰਕਾਰ ਸਮੇਂ ਟਰਾਂਸਪੋਰਟ ਤੋਂ ਬਾਦਲਾਂ ਦਾ ਕਬਜ਼ਾ ਟੁੱਟਣ ਦੀ ਬਜਾਏ ਜਲੰਧਰ-ਦਿੱਲੀ ਹਵਾਈ ਅੱਡਾ ਰੂਟ ਉੱਪਰ ਏਕਾਅਧਿਕਾਰ ਕਿਉਂ ਬਰਕਰਾਰ ਹੈ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਚੰਡੀਗੜ੍ਹ ਨੂੰ ਮੁਨਾਫ਼ੇ ਵਾਲੇ ਰੂਟਾਂ ‘ਤੇ ਕਿਸ ਦੀਆਂ ਬੱਸਾਂ ਦਾ ਰਾਜ ਹੈ? ਬਾਦਲ ਸਰਕਾਰ ਸਮੇਂ ਅਨਾਜ ਖ਼ਰੀਦ ‘ਚ 31 ਹਜ਼ਾਰ ਕਰੋੜ ਰੁਪਏ ਦੇ ਹਿਸਾਬ-ਕਿਤਾਬ ‘ਚ ਆਏ ਫ਼ਰਕ ਨੂੰ ਪੰਜਾਬ ਸਿਰ ਕਰਜ਼ੇ ਦੇ ਰੂਪ ‘ਚ ਮੜ ਦੇਣ ਦੀ ਜਾਂਚ ਦੇ ਕੀਤੇ ਵਾਅਦੇ ਉੱਤੇ ਅਮਲ ਕਿਉਂ ਨਹੀਂ ਕੀਤਾ ਗਿਆ।

ਡਾ ਟਾਂਡਾ ਨੇ ਕਿਹਾ ਕਿ ਬਾਦਲ ਸਮੇਂ ਨਿੱਜੀ ਬਿਜਲੀ ਕੰਪਨੀਆਂ ਨਾਲ ਸਮਝੌਤਿਆਂ ਦੇ ਵੱਡੇ ਦੋਸ਼ ਲੱਗੇ ਸਨ, ਪਰ ਇਸ ਮਸਲੇ ‘ਤੇ ਅਜੇ ਚੁੱਪ ਦਾ ਪਰਦਾ ਹੀ ਕਿਉਂ ਤਣਿਆਂ ਹੋਇਆ ਹੈ। ਰਾਜ ‘ਚ ਭ੍ਰਿਸ਼ਟਾਚਾਰ ਖ਼ਤਮ ਕਰਨ ਦਾ ਲੋਕਾਂ ਨਾਲ ਵਾਅਦਾ ਕਿੱਥੇ ਗਿਆ ?

ਡਾ ਟਾਂਡਾ ਨੇ ਸਵਾਲ ਉਠਾਇਆ ਕਿ ਭ੍ਰਿਸ਼ਟਾਚਾਰ ਤੇ ਅਜੇ ਤੱਕ ਕੋਈ ਕਾਬੂ ਕਿਉਂ ਨਹੀਂ ਪਾਇਆ ਗਿਆ। ਪਿਛਲੀ ਸਰਕਾਰ ਵੇਲੇ ਕਾਂਗਰਸ ਨੇ ਭ੍ਰਿਸ਼ਟਾਚਾਰੀਆਂ ਨੂੰ ਸਲਾਖਾਂ ਪਿੱਛੇ ਹੀ ਨਹੀਂ ਸੀ ਦਿੱਤਾ, ਸਗੋਂ ਵੱਡੇ ਸਿਆਸਤਦਾਨਾਂ ਨੂੰ ਵੀ ਜੇਲ੍ਹ ਭੇਜਣ ਦੀ ਹਿੰਮਤ ਤੇ ਦਲੇਰੀ ਦਿਖਾਈ ਸੀ ਪਰ ਹੁਣ ਸੱਤਾ ਸੰਭਾਲਣ ਬਾਅਦ ਹਜ਼ਾਰਾਂ ਕਰੋੜ ਦੇ ਸਿੰਚਾਈ ਵਿਭਾਗ ਤੇ ਮੰਡੀ ਬੋਰਡ ਦੇ ਘੁਟਾਲੇ ਸਾਹਮਣੇ ਆਏ ਹਨ। ਸਿੰਚਾਈ ਵਿਭਾਗ ਦੇ ਠੇਕੇਦਾਰ ਗੁਰਿੰਦਰ ਸਿੰਘ ਤੇ ਮੰਡੀ ਬੋਰਡ ਦੇ ਨਿਗਰਾਨ ਇੰਜੀਨੀਅਰ ਵਲੋਂ ਕੀਤੇ ਗਏ ਖੁਲਾਸਿਆਂ ਉੱਪਰ ਅੱਗੇ ਕਿਉਂ ਕਾਰਵਾਈ ਨਹੀਂ ਹੋਈ ਡਾ ਟਾਂਡਾ ਨੇ ਫਿਰ ਸਵਾਲ ਕੀਤਾ।

ਡਾ ਟਾਂਡਾ ਨੇ ਕਿਹਾ ਹੈ ਕਿ ਇਕ ਠੇਕੇਦਾਰ ਤੇ ਇੰਜੀਨੀਅਰ ਹੀ ਏਨੇ ਵੱਡੇ ਘੁਟਾਲੇ ਕਰ ਗਏ ਤੇ ਦੋਵਾਂ ਦੋਸ਼ੀਆਂ ਵਲੋਂ ਪੁੱਛਗਿੱਛ ਦੌਰਾਨ ਵੱਡੇ ਲੋਕਾਂ ਬਾਰੇ ਅਹਿਮ ਖੁਲਾਸੇ ਕੀਤੇ ਗਏ ਸਨ ਤੇ ਕਈਆਂ ਦੇ ਨਾਂਅ ਵੀ ਲਏ ਗਏ ਸਨ ਪਰ ਉਨ੍ਹਾਂ ਬਾਰੇ ਅੱਗੇ ਜਾਂਚ ਜਾਂ ਕਾਰਵਾਈ ਕਿਉਂ ਨਹੀਂ ਹੋਈ।

ਡਾ ਟਾਂਡਾ ਨੇ ਵਿਜੀਲੈਂਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਵੀ ਮੰਗ ਕੀਤੀ ਹੈ ਉਨ੍ਹਾਂ ਸੰਗਰੂਰ ਦੇ ਤਤਕਾਲੀ ਐੱਸ.ਐੱਸ.ਪੀ. ਨੂੰ ਸੌਂਪੀ ਫਿਰੌਤੀ ਕਾਂਡ ਦੀ ਜਾਂਚ ਤੇ ਫ਼ਰੀਦਕੋਟ ਦੇ ਇਕ ਪੁਲਿਸ ਅਫ਼ਸਰ ਵਲੋਂ ਇਕ ਗੈਂਗਸਟਰ ਦੀ ਮਾਤਾ ਤੋਂ 23 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਵਿਜ਼ੀਲੈਂਸ ਕੋਲ ਗਏ ਮਾਮਲੇ ਦੇ ਠੱਪ ਹੋਣ ਦਾ ਸਵਾਲ ਵੀ ਉਠਾਇਆ।

ਡਾ ਟਾਂਡਾ ਨੇ ਕਿਹਾ ਕਿ ਡਰੱਗ ਮਾਮਲੇ ‘ਚ ਫੜੇ ਇੰਸਪੈਕਟਰ ਇੰਦਰਜੀਤ ਸਿੰਘ ਵਾਲੀ ਜਾਂਚ ਵੀ ਅੱਗੇ ਨਹੀਂ ਤੋਰੀ ਗਈ ਅਤੇ ਉਸ ਨੂੰ ਸਰਪ੍ਰਸਤੀ ਦੇਣ ਵਾਲੇ ਲੋਕਾਂ ਦਾ ਪਰਦਾਫਾਸ਼ ਨਹੀਂ ਕੀਤਾ ਗਿਆ।

ਡਾ ਟਾਂਡਾ ਨੇ ਕਿਹਾ ਕਿ ਪੰਜਾਬ ਨੂੰ ਅਫ਼ਸਰਸ਼ਾਹੀ ਨਹੀਂ, ਸਿਆਸੀ ਲੀਡਰਸ਼ਿਪ ਚਲਾਵੇ ਤੇ ਲੋਕਾਂ ਦੇ ਜ਼ਖਮਾਂ ਤੇ ਮਰਮ ਪੱਟੀਆਂ ਲਾਵੇ।

ਡਾ ਟਾਂਡਾ ਨੇ ਕਿਹਾ ਕਿ ਕਾਂਗਰਸ ਸਰਕਾਰ ਪੰਜਾਬ ਵਿੱਚ ਲੀਹੋਂ ਲੱਥੀ ਜਾਪਦੀ ਹੈ। ਉਹਨਾਂ ਨੇ ਅਮਰਿੰਦਰ ਸਿੰਘ ਨੂੰ ਕਾਰਗੁਜ਼ਾਰੀ ਨਾ ਦਿਖਾਉਣ ਅਤੇ ਉਸ ਵੱਲੋਂ ਚੋਣਾਂ ਵੇਲੇ ਕੀਤੇ ਵਾਅਦਿਆਂ ਤੋਂ ਮੂੰਹ ਮੋੜਨ ਲਈ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਵੱਡੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਤਿੰਨ ਦਿਨ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਆਪਣੀ ਪਾਰਟੀ ਦੇ ਮੁੱਖ ਮੰਤਰੀ ਨੂੰ ਮਿਲਣ ਵਿੱਚ ਸਫਲ ਨਹੀਂ ਹੁੰਦੇ। ਇਸ ਤੋਂ ਜਾਪਦਾ ਹੈ ਕਿ ਮੁੱਖ ਮੰਤਰੀ ਸਾਹਬ ਪੰਜਾਬ ਵਿੱਚ ਕਾਂਗਰਸ ਨੂੰ ਖਤਮ ਕਰਨ ਅਤੇ ਸੂਬੇ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਉਤੇ ਉਤਾਰੂ ਜਾਪਦੀ ਹੈ ਡਾ ਟਾਂਡਾ ਨੇ ਇਸ ਕਾਰਗੁਜ਼ਾਰੀ ਤੇ ਵੀ ਚਿੰਤਾ ਪ੍ਰਗਟਾਈ।