31.1 C
Delhi
Saturday, April 20, 2024
spot_img
spot_img

Nitika Bhalla ਬਣੇ ਨਗਰ ਨਿਗਮ Moga ਦੇ Mayor, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਵੀ ਹੋਈ ਚੋਣ

ਯੈੱਸ ਪੰਜਾਬ
ਮੋਗਾ, 13 ਮਈ, 2021:
ਨਗਰ ਨਿਗਮ ਮੋਗਾ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਅੱਜ ਹੋਈ, ਜਿਸ ਵਿੱਚ ਸ਼੍ਰੀਮਤੀ ਨਿਤਿਕਾ ਭੱਲਾ (ਵਾਰਡ ਨੰਬਰ 5) ਨੂੰ ਮੇਅਰ, ਸ੍ਰੀ ਪ੍ਰਵੀਨ ਕੁਮਾਰ ਸ਼ਰਮਾ (ਵਾਰਡ ਨੰਬਰ 36) ਨੂੰ ਸੀਨੀਅਰ ਡਿਪਟੀ ਮੇਅਰ ਅਤੇ ਸ਼੍ਰੀ ਅਸ਼ੋਕ ਧਮੀਜਾ (ਵਾਰਡ ਨੰਬਰ 12) ਨੂੰ ਡਿਪਟੀ ਮੇਅਰ ਚੁਣ ਲਿਆ ਗਿਆ, ਇਹ ਚੋਣ ਸਰਬਸੰਮਤੀ ਨਾਲ ਹੋਈ।

ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਚੋਣ ਲਈ ਅੱਜ ਹਾਊਸ ਦੀ ਇਕੱਤਰਤਾ ਹੋਈ, ਜਿਸ ਦੌਰਾਨ ਸ੍ਰੀ ਰਾਹੁਲ ਭੰਡਾਰੀ ਡਵੀਜਨਲ ਕਮਿਸ਼ਨਰ ਫਿਰੋਜ਼ਪੁਰ ਨੇ ਸਭ ਤੋਂ ਪਹਿਲਾਂ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ, ਜਿਸ ਉਪਰੰਤ ਤਿੰਨੇਂ ਅਹੁਦਿਆਂ ਦੀ ਚੋਣ ਕਰਵਾਈ ਗਈ। ਅੱਜ ਚੋਣ ਮੌਕੇ ਮੋਗਾ ਦੇ ਵਿਧਾਇਕ ਡਾਕਟਰ ਹਰਜੋਤ ਕਮਲ, ਨਗਰ ਨਿਗਮ ਕਮਿਸ਼ਨਰ ਸ਼੍ਰੀਮਤੀ ਅਨੀਤਾ ਦਰਸ਼ੀ ਅਤੇ ਸਾਰੇ ਕੌਂਸਲਰ ਵੀ ਹਾਜ਼ਰ ਸਨ।

ਮੇਅਰ ਦੇ ਅਹੁਦੇ ਲਈ ਸ਼੍ਰੀਮਤੀ ਨਿਤਿਕਾ ਭੱਲਾ ਦਾ ਨਾਮ ਕੌਂਸਲਰ ਸ੍ਰ ਜਸਪ੍ਰੀਤ ਸਿੰਘ ਵਿੱਕੀ ਅਤੇ ਕੌਂਸਲਰ ਕੁਲਵਿੰਦਰ ਸਿੰਘ ਗਿੱਲ ਨੇ ਪੇਸ਼ ਕੀਤਾ, ਜਿਸ ਨੂੰ ਸਾਰੇ ਹਾਊਸ ਦੇ 34 ਕੌਂਸਲਰਾਂ ਨੇ ਸਹਿਮਤੀ ਦਿੱਤੀ। ਇਸੇ ਤਰ੍ਹਾਂ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਸ੍ਰੀ ਪ੍ਰਵੀਨ ਕੁਮਾਰ ਸ਼ਰਮਾ ਦਾ ਨਾਮ ਕੌਂਸਲਰ ਸ੍ਰ ਜਸਵਿੰਦਰ ਸਿੰਘ ਕਾਕਾ ਅਤੇ ਕੌਂਸਲਰ ਸ੍ਰ ਅਮਰਜੀਤ ਸਿੰਘ ਅੰਬੀ ਨੇ ਪੇਸ਼ ਕੀਤਾ।

ਜਦਕਿ ਡਿਪਟੀ ਮੇਅਰ ਦੇ ਅਹੁਦੇ ਲਈ ਸ਼੍ਰੀ ਅਸ਼ੋਕ ਧਮੀਜਾ ਦਾ ਨਾਮ ਕੌਂਸਲਰ ਸ਼੍ਰੀ ਵਿਜੇ ਖੁਰਾਣਾ ਅਤੇ ਕੌਂਸਲਰ ਮਨਦੀਪ ਕੌਰ ਨੇ ਪੇਸ਼ ਕੀਤਾ। ਸ਼੍ਰੀ ਤੀਰਥ ਰਾਮ ਅਤੇ ਸ਼੍ਰੀਮਤੀ ਪਾਇਲ ਗਰਗ ਨੂੰ ਐੱਫ਼ ਐਂਡ ਸੀ ਕਮੇਟੀ ਦਾ ਮੈਂਬਰ ਚੁਣਿਆ ਗਿਆ।

ਇਸ ਤੋਂ ਪਹਿਲਾਂ ਹਾਊਸ ਦੀ ਕਾਰਵਾਈ ਸ਼ੁਰੂ ਕਰਦਿਆਂ ਡਵੀਜ਼ਨਲ ਕਮਿਸ਼ਨਰ ਸ੍ਰੀ ਰਾਹੁਲ ਭੰਡਾਰੀ ਨੇ ਸਾਰੇ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਉਹਨਾਂ ਦੀ ਜਿੱਤ ਦੀ ਵਧਾਈ ਦਿੰਦਿਆਂ ਜੀ ਆਇਆਂ ਨੂੰ ਕਿਹਾ ਅਤੇ ਇਸ ਚੋਣ ਸੰਬੰਧੀ ਸਾਰੇ ਕਾਨੂੰਨੀ ਅਤੇ ਸੰਵਿਧਾਨ ਪੱਖਾਂ ਬਾਰੇ ਜਾਣਕਾਰੀ ਦਿੱਤੀ। ਹਾਊਸ ਦੀ ਕਾਰਵਾਈ ਚਲਾਉਣ ਲਈ ਸਾਰੇ ਕੌਂਸਲਰਾਂ ਨੇ ਪਹਿਲਾਂ ਕੌਂਸਲਰ ਸ੍ਰ ਸੁਰਿੰਦਰ ਸਿੰਘ ਗੋਗਾ (ਵਾਰਡ ਨੰਬਰ 46) ਨੂੰ ਸਰਬਸੰਮਤੀ ਨਾਲ ਸਭਾਪਤੀ ਚੁਣਿਆ।

ਇਸ ਮੌਕੇ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ ਵਿਸ਼ੇਸ਼ ਤੌਰ ਉੱਤੇ ਹਾਜ਼ਰ ਸਨ, ਜਿਨ੍ਹਾਂ ਨੇ ਜਿਥੇ ਨਵੇਂ ਚੁਣੀ ਟੀਮ ਨੂੰ ਵਧਾਈ ਦਿੱਤੀ ਉਥੇ ਹੀ ਭਰੋਸਾ ਦਿੱਤਾ ਕਿ ਸ਼ਹਿਰ ਮੋਗਾ ਦੇ ਵਿਕਾਸ ਕਾਰਜਾਂ ਨੂੰ ਹੁਣ ਜੰਗੀ ਪੱਧਰ ਉੱਤੇ ਸ਼ੁਰੂ ਕੀਤਾ ਜਾਵੇਗਾ ਅਤੇ ਯੋਜਨਾਬੱਧ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾਵੇਗਾ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਦ੍ਰਿੜ ਵਚਨਬੱਧ ਹੈ। ਉਹਨਾਂ ਕਿਹਾ ਕਿ ਸਮਾਜ ਦੇ ਕਿਸੇ ਵੀ ਵਰਗ ਅਤੇ ਹਿੱਸੇ ਦੇ ਵਿਕਾਸ ਵਿੱਚ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।

ਮੇਅਰ ਚੁਣੇ ਜਾਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀਮਤੀ ਨਿਤਿਕਾ ਭੱਲਾ ਨੇ ਕਿਹਾ ਕਿ ਉਹ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਵਿਕਾਸ ਲਈ ਉਪਰਾਲੇ ਕਰਨਗੇ। ਉਹਨਾਂ ਦੀ ਪ੍ਰਾਥਮਿਕਤਾ ਬਾਰੇ ਪੁੱਛੇ ਜਾਣ ‘ਤੇ ਉਹਨਾਂ ਕਿਹਾ ਕਿ ਉਹ ਸਾਰੇ ਕੌਂਸਲਰਾਂ ਅਤੇ ਅਹੁਦੇਦਾਰਾਂ ਨਾਲ ਮੀਟਿੰਗ ਕਰਨਗੇ, ਇਸ ਦੌਰਾਨ ਜੋ ਮੁੱਦੇ ਪ੍ਰਮੁੱਖ ਹੋਣਗੇ, ਓਹੀ ਉਹਨਾਂ ਦੀ ਪ੍ਰਾਥਮਿਕਤਾ ਹੋਵੇਗੀ।

ਉਹਨਾਂ ਕਿਹਾ ਕਿ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਜ਼ਰੂਰੀ ਹਰ ਕੰਮ ਉਹਨਾਂ ਦੀ ਪ੍ਰਾਥਮਿਕਤਾ ਰਹੇਗੀ। ਉਹਨਾਂ ਵਚਨਬੱਧਤਾ ਪ੍ਰਗਟਾਈ ਕਿ ਉਹ ਸ਼ਹਿਰਵਾਸੀਆਂ ਦੀਆਂ ਉਮੀਦਾਂ ‘ਤੇ ਖ਼ਰੇ ਉੱਤਰਨਗੇ। ਉਹਨਾਂ ਅੱਗੇ ਕਿਹਾ ਕਿ ਉਹ ਆਪਣੀ ਸਮੁੱਚੀ ਟੀਮ ਨੂੰ ਨਾਲ ਲੈ ਕੇ ਚੱਲਣਗੇ।

ਇਥੇ ਇਹ ਵਿਸ਼ੇਸ਼ ਤੌਰ ‘ਤੇ ਦੱਸਣਯੋਗ ਹੈ ਕਿ ਨਗਰ ਨਿਗਮ ਮੋਗਾ ਦੇ 50 ਵਾਰਡਾਂ ਲਈ ਮਿਤੀ 14 ਫਰਵਰੀ ਨੂੰ ਵੋਟਾਂ ਪਾਈਆਂ ਸਨ ਜਦਕਿ 17 ਫਰਵਰੀ ਨੂੰ ਨਤੀਜਾ ਐਲਾਨਿਆ ਗਿਆ ਸੀ।

ਨਗਰ ਨਿਗਮ ਮੋਗਾ ਵਿੱਚ ਕਾਂਗਰਸ ਪਾਰਟੀ ਨੂੰ 20, ਸ਼੍ਰੋਮਣੀ ਅਕਾਲੀ ਦਲ ਨੂੰ 15, ਆਪ ਨੂੰ 4 ਅਤੇ ਭਾਜਪਾ ਨੂੰ 1 ਸੀਟ ਮਿਲੀ ਸੀ ਜਦਕਿ 10 ਅਜ਼ਾਦ ਉਮੀਦਵਾਰ ਵੀ ਜੇਤੂ ਰਹੇ ਸਨ। ਅੱਜ ਦੀ ਚੋਣ ਪ੍ਰਕਿਰਿਆ ਸ਼ਾਂਤੀਪੂਰਨ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਸਾਰੀਆਂ ਧਿਰਾਂ ਦਾ ਧੰਨਵਾਦ ਕੀਤਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION