ਬਹਿਬਲ ਕਲਾਂ ਗੋਲੀਕਾਂਡ ਵਿੱਚ ਨਵਾਂ ਮੋੜ, ਫ਼ਰੀਦਕੋਟ ਅਦਾਲਤ ਵਿੱਚ ਦਾਖ਼ਲ ਕੀਤੀ ਗਈ ਨਵੀਂ ਪਟੀਸ਼ਨ
ਯੈੱਸ ਪੰਜਾਬ
ਫ਼ਰੀਦਕੋਟ, 29 ਅਗਸਤ, 2023:
2015 ਦੇ ਬਰਗਾੜੀ ਬੇਅਦਬੀ ਕਾਂਡ ਤੋਂ ਬਾਅਦ ਸ਼ਾਂਤੀਪੂਰਨ ਢੰਗ ਨਾਲ ਜਾਪ ਕਰਦੀਆਂ ਸੰਗਤਾਂ ’ਤੇ ਬਹਿਬਲ ਕਲਾਂ ਵਿੱਚ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਹੁਣ ਇੱਕ ਨਵਾਂ ਮੋੜ ਆਇਆ ਹੈ।
ਇਸ ਮਾਮਲੇ ਨਾਲ ਸੰਬੰਧਤ ਪੁਲਿਸ ਇੰਸਪੈਕਟਰ ਪ੍ਰਦੀਪ ਸਿੰਘ, ਜਿਸਨੂੰ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਐੱਸ.ਆਈ.ਟੀ.ਵੱਲੋਂ ਸਰਕਾਰੀ ਗਵਾਹ ਬਣਾਇਆ ਗਿਆ ਸੀ, ਨੂੰ ਇਸ ਮਾਮਲੇ ਵਿੱਚ ਮੁਲਜ਼ਮ ਨਾਮਜ਼ਦ ਕਰਨ ਦੀ ਮੰਗ ਕੀਤੀ ਗਈ ਹੈ।
ਇਸ ਸੰਬੰਧੀ ਇੱਕ ਪਟੀਸ਼ਨ ਬਹਿਬਲ ਕਲਾਂ ਗੋਲੀਕਾਂਡ ਵਿੱਚ ਸ਼ਹੀਦ ਹੋਏ ਹਰਕ੍ਰਿਸ਼ਨ ਭਗਵਾਨ ਸਿੰਘ ਦੇ ਪਿਤਾ ਅਤੇ ਇਸ ਮਾਮਲੇ ਵਿੱਚ ਲੜਾਈ ਲੜ ਰਹੇ ਸੁਖ਼ਰਾਜ ਸਿੰਘ ਦੇ ਦਾਦਾ ਸ: ਮਹਿੰਦਰ ਸਿੰਘ ਨੇ ਫ਼ਰੀਦਕੋਟ ਅਦਾਲਤ ਵੱਚ ਪਾ ਕੇ ਨਾ ਕੇਵਲ ਐੱਸ.ਆਈ.ਟੀ. ਦੀ ਰਿਪੋਰਟ ’ਤੇ ਸਵਾਲ ਉਠਾਏ ਹਨ ਸਗੋਂ ਇਹ ਮੰਗ ਵੀ ਕੀਤੀ ਹੈ ਕਿ ਇੰਸਪੈਕਟਰ ਪ੍ਰਦੀਪ ਸਿੰਘ ਨੂੰ ਇਸ ਮਾਮਲੇ ਵਿੱਚ ਸਰਕਾਰ ਗਵਾਹ ਨਾ ਰੱਖ ਕੇ ਉਸਨੂੰ ਦੋਸ਼ੀ ਵਜੋਂ ਨਾਮਜ਼ਦ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਹੁਣ ਤੋਂ ਤਿੰਨ ਸਾਲ ਪਹਿਲਾਂ ਅਦਾਲਤ ਨੇ ਐੱਸ.ਆਈ.ਟੀ.ਦੀ ਗੱਲ ਮੰਨਦਿਆਂ ਪ੍ਰਦੀਪ ਸਿੰਘ ਨੂੰ ਸਰਕਾਰੀ ਗਵਾਹ ਬਣਾਏ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ।
ਸ: ਮਹਿੰਦਰ ਸਿੰਘ ਨੇ ਆਪਣੀ ਪਟੀਸ਼ਨ ਵਿੱਚ ਦੋਸ਼ ਲਗਾਇਆ ਹੈ ਕਿ ਉਸ ਵੇਲੇ ਦੀ ਸਰਕਾਰ ਨੂੰ ਬਦਨਾਮ ਕਰਨ ਲਈ ਅਤੇ ਆਪਣੇ ਰਾਜਸੀ ਏਜੰਡੇ ਤਹਿਤ ਉਸ ਵੇਲੇ ਦੇ ਐੱਸ.ਆਈ.ਟੀ. ਮੁਖ਼ੀ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪ੍ਰਦੀਪ ਸਿੰਘ ਨੂੰ ਸਰਕਾਰੀ ਗਵਾਹ ਇਹ ਦਲੀਲ ਦੇ ਕੇ ਬਣਵਾ ਦਿੱਤਾ ਸੀ ਕਿ ਉਸਨੂੰ ਸਰਕਾਰੀ ਗਵਾਹ ਬਣਾਉਣ ਨਾਲ ਕੇਸ ਮਜ਼ਬੂਤ ਹੋ ਜਾਵੇਗਾ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ