ਫਿਰੋਜ਼ਪੁਰ ਵਿੱਚ 3800 ਵਲੰਟੀਅਰਜ਼ ਨੇ ਲਗਾਤਾਰ 3 ਘੰਟੇ ਕੀਤੀ ਸਫ਼ਾਈ, ਜਨ ਅੰਦੋਲਨ ਵਿੱਚ ਬਦਲੀ ਸਵੱਛਤਾ ਹੀ ਸੇਵਾ ਮੁਹਿੰਮ

ਫਿਰੋਜ਼ਪੁਰ, 2 ਅਕਤੂਬਰ, 2019 –

ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ 150ਵੀਂ ਜੈਯੰਤੀ ਨੂੰ ਸਮਰਪਿਤ ਸਵੱਛਤਾ ਹੀ ਸੇਵਾ ਮੁਹਿੰਮ ਫਿਰੋਜ਼ਪੁਰ ਵਿੱਚ ਜਨ ਅੰਦੋਲਨ ਵਿੱਚ ਤਬਦੀਲ ਹੁੰਦੀ ਦਿਖਾਈ ਦਿੱਤੀ ਕਿਉਂਕਿ ਮੁਹਿੰਮ ਦੇ ਤਹਿਤ ਮਹਾਸ਼੍ਰਮਦਾਨ ਦੀ ਅਪੀਲ ਤੇ ਸ਼ਹਿਰ ਅਤੇ ਛਾਉਣੀ ਦੇ 39 ਵਾਰਡਾਂ ਵਿੱਚ 3800 ਵਲੰਟੀਅਰਜ਼ ਨੇ ਲਗਾਤਾਰ ਸਾਫ-ਸਫਾਈ ਕਰਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ। ਲੋਕਾਂ ਨੇ ਲਗਾਤਾਰ ਤਿੰਨ ਘੰਟੇ ਸਫ਼ਾਈ ਕਰਕੇ ਸ਼ਹਿਰ ਅਤੇ ਛਾਉਣੀ ਤੋਂ ਕੁੱਲ 40 ਟਨ ਕੂੜਾ ਇਕੱਠਾ ਕੀਤਾ, ਜਿਸ ਵਿੱਚ ਕਰੀਬ 18 ਟਨ ਪਲਾਸਟਿਕ ਵੇਸਟ ਸੀ।

ਇਸ ਮੁਹਿੰਮ ਦੀ ਸਫਲਤਾ ਤੇ ਵਧਾਈ ਦਿੰਦੇ ਹੋਏ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਨੇ ਸ਼ਹਿਰ ਦੇ ਲੋਕਾਂ ਦਾ ਧੰਨਵਾਦ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗਾਂਧੀ ਜੈਯੰਤੀ ਦੇ ਅਵਸਰ ਤੇ ਚਲਾਈ ਗਈ ਇਸ ਮੁਹਿੰਮ ਵਿੱਚ ਸਿਰਫ਼ ਤਿੰਨ ਘੰਟੇ ਵਿੱਚ 39 ਵਾਰਡਾਂ ਦੀ 100 ਕਿੱਲੋਮੀਟਰ ਤੋਂ ਜ਼ਿਆਦਾ ਸੜਕਾਂ- ਗਲੀਆਂ ਵਿੱਚ ਸਾਫ -ਸਫਾਈ ਕੀਤੀ ਗਈ ਹੈ। ਉਨ੍ਹਾਂ ਨੇ ਲੋਕਾਂ ਦੇ ਜਜ਼ਬੇ ਨੂੰ ਸਲਾਮ ਕੀਤਾ।

ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਨੇ ਸ਼ਹਿਰ ਵਿੱਚ ਪਲਾਸਟਿਕ ਕੈਰੀ ਬੈਗ ਅਤੇ ਸਿੰਗਲ ਯੂਜ਼ ਪਲਾਸਟਿਕ ਤੇ ਪਾਬੰਦੀ ਦਾ ਐਲਾਨ ਕੀਤਾ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਕਿ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਸੁਨਿਸ਼ਚਿਤ ਕਰਨ।

ਸਫ਼ਾਈ ਅਭਿਆਨ ਦੇ ਵਿੱਚ ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਨਾਲ ਗੋਲਫ ਕਾਰ ਵਿੱਚ ਸਵਾਰ ਹੋ ਕ ਸ਼ਹਿਰ ਦੇ ਦੌਰੇ ਤੇ ਨਿਕਲੇ। ਦੋਨਾਂ ਨੇ ਰਸਤੇ ਵਿੱਚ ਰੁਕ-ਰੁਕ ਕਰ ਸਫ਼ਾਈ ਕਰ ਰਹੇ ਵਲੰਟੀਅਰਜ਼ ਨਾਲ ਮੁਲਾਕਾਤ ਕੀਤੀ, ਉਨ੍ਹਾਂ ਦਾ ਧੰਨਵਾਦ ਵਿਅਕਤ ਕੀਤਾ ਅਤੇ ਇਸ ਮੁਹਿੰਮ ਦੇ ਤਹਿਤ ਦਿਲੋ-ਜਾਨ ਜੁਟਣ ਦੇ ਲਈ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ।

ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਨੇ ਦੱਸਿਆ ਕਿ ਮੁਹਿੰਮ ਵਿੱਚ 35 ਸਕੂਲ, 4 ਕਾਲਜ ਅਤੇ 40 ਸਮਾਜ ਸੇਵੀ ਸੰਗਠਨਾਂ ਅਤੇ 55 ਸਰਕਾਰੀ ਵਿਭਾਗਾਂ ਦੇ ਵਲੰਟੀਅਰਜ਼ ਨੇ ਹਿੱਸਾ ਲਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਮੁਹਿੰਮ ਇਨ੍ਹੀਂ ਵੱਡੀ ਹੋ ਜਾਵੇਗੀ, ਇਹ ਕਿਸੇ ਨੇ ਨਹੀਂ ਸੋਚਿਆ ਸੀ ਇਹ ਸਿਰਫ਼ ਸਾਰਿਆਂ ਲੋਕਾਂ ਦੇ ਸਹਿਯੋਗ ਨਾਲ ਸੰਭਵ ਹੋ ਪਾਇਆ ਹੈ।

ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਫਿਰੋਜ਼ਪੁਰ ਸ਼ਹਿਰ ਲਗਾਤਾਰ ਅੱਗੇ ਵਧ ਰਿਹਾ ਹੈ। ਇੱਥੇ ਪਾਰਕ, ਹਰਿਆਲੀ ਅਤੇ ਸਾਫ-ਸਫਾਈ ਨੂੰ ਲੈ ਕੇ ਬਹੁਤ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਸ਼ਹਿਰ ਦੇ ਲਈ 20 ਨਵੇਂ ਗਾਰਡ ਜਿੰਮ ਪਾਸ ਹੋ ਗਏ ਹਨ, ਜਿਸ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਨੂੰ ਚੀਫ਼ ਸੈਕਟਰੀ ਦੇ ਨਾਲ ਵੀਡੀਓ ਕਾਨਫ਼ਰੰਸ ਮੌਕੇ ਮਿਲੀ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਨਵੇਂ ਗਾਰਡਨ ਜਿੰਮ ਦੇ ਆਉਣ ਨਾਲ ਫਿਰੋਜ਼ਪੁਰ ਸ਼ਹਿਰ ਦੀ ਤਸਵੀਰ ਬਦਲ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ.) ਸ੍ਰ. ਰਵਿੰਦਰ ਸਿੰਘ, ਡੀ.ਡੀ.ਪੀ.ਓ. ਹਰਜਿੰਦਰ ਸਿੰਘ, ਡੀ.ਸੀ.ਐੱਮ. ਗਰੁੱਪ ਆਫ਼ ਸਕੂਲ ਦੇ ਸੀ.ਈ.ਓ. ਅਨੀਰੁੱਧ ਗੁਪਤਾ, ਸਕੱਤਰ ਰੈੱਡਕਰਾਸ ਸ੍ਰੀ. ਅਸ਼ੋਕ ਬਹਿਲ, ਨਗਰ ਕੌਂਸਲ ਦੇ ਈ.ਓ. ਚਰਨਜੀਤ ਸਿੰਘ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਜਗਜੀਤ ਸਿੰਘ ਚਾਹਲ, ਜ਼ਿਲ੍ਹਾ ਯੂਥ ਕੁਆਰਡੀਨੇਟਰ ਨਹਿਰੂ ਯੁਵਾ ਕੇਂਦਰ ਸ੍ਰ. ਸਰਬਜੀਤ ਸਿੰਘ ਬੇਦੀ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

Share News / Article

Yes Punjab - TOP STORIES