35.6 C
Delhi
Monday, April 22, 2024
spot_img
spot_img

ਮਸ਼ਾਲਾ ਬਾਲਕੇ ਚੱਲਣ ਦਾ ਸੁਨੇਹਾ ਦੇਣ ’ਚ ਸਫ਼ਲ ਰਹੀ ਗ਼ਦਰੀ ਮੇਲੇ ਦੀ ਨਾਟਕਾਂ ਅਤੇ ਗੀਤਾਂ ਭਰੀ ਰਾਤ

ਜਲੰਧਰ, 2 ਨਵੰਬਰ, 2019 –

ਗ਼ਦਰੀ ਬਾਬਿਆਂ ਦੇ ਮੇਲੇ ਦੀ ਸਿਖ਼ਰਲੀ ਨਾਟਕਾਂ ਅਤੇ ਗੀਤਾਂ ਭਰੀ ਰਾਤ, ਪੰਜਾਬ ਦੇ ਕੋਨੇ ਕੋਨੇ ਤੋਂ ਆਏ ਕਿਰਤੀ, ਕਿਸਾਨ, ਵਿਦਿਆਰਥੀ, ਨੌਜਵਾਨ, ਬੇਰੁਜ਼ਗਾਰ, ਮੁਲਾਜ਼ਮ ਅਤੇ ਔਰਤਾਂ ਦੇ ਮਾਨ ਉਪਰ ਅਮਿੱਟ ਛਾਪ ਛੱਡ ਗਈ। 2 ਨਵੰਬਰ ਸਰਘੀ ਵੇਲੇ ਤੱਕ ਦਰਜਣ ਤੋਂ ਵੱਧ ਨਾਟ ਅਤੇ ਸੰਗੀਤ ਮੰਡਲੀਆਂ ਨੇ ਸਮਕਾਲੀ ਸਰੋਕਾਰਾਂ ਨਾਲ ਜੁੜੇ ਮੁੱਦਿਆਂ ਬਾਰੇ ਬੇਹੱਦ ਪ੍ਰਭਾਵਸ਼ਾਲੀ ਅੰਦਾਜ਼ ’ਚ ਕਲਾ ਦਾ ਜਾਦੂ ਬਿਖ਼ੇਰਿਆ।

ਜਲਿ੍ਹਆਂਵਾਲਾ ਬਾਗ਼ ਸਾਕਾ ਸ਼ਤਾਬਦੀ ਨੂੰ ਸਮਰਪਤ ਗ਼ਦਰੀ ਬਾਬਿਆਂ ਦੇ 28ਵੇਂ ਦੋ ਰੋਜ਼ਾ ਮੇਲੇ ਦੀ ਚਰਮਸੀਮਾ ਭਰੀ ਰਾਤ ਦਾ ਆਗਾਜ਼ ਫੁਲਵਾੜੀ ਕਲਾ ਕੇਂਦਰ (ਜਗੀਰ ਜੋਸਣ) ਵੱਲੋਂ ‘ਜਾਗੋ’ ਨਾਲ ਹੋਇਆ ਅਤੇ ਕਮੇਟੀ ਦੇ ਮੀਤ ਪ੍ਰਧਾਨ ਅਜਮੇਰ ਸਿੰਘ ਨੇ ਸੰਬੋਧਨ ਕਰਦਿਆਂ ਸੱਦਾ ਦਿੱਤਾ ਕਿ ਜਲਿ੍ਹਆਂਵਾਲਾ ਬਾਗ਼ ਅਤੇ ਗ਼ਦਰ ਲਹਿਰ ਦੇ ਸ਼ਹੀਦਾਂ ਨੂੰ ਰਵਾਇਤੀ ਅੰਦਾਜ਼ ’ਚ ਯਾਦ ਕਰਨ ਦੀ ਬਜਾਏ ਲੋੜ ਹੈ ਕਿ ਬੁਨਿਆਦੀ ਸਮਾਜਕ ਤਬਦੀਲੀ ਲਈ ਚੱਲ ਰਹੇ ਸੰਗਰਾਮ ’ਚ ਅਸੀਂ ਆਪਣਾ ਬਣਦਾ ਯੋਗਦਾਨ ਪਾਈਏ।

ਗ਼ਦਰੀ ਬਾਬਿਆਂ ਦੇ 28ਵੇਂ ਦੋ ਰੋਜ਼ਾ ਮੇਲੇ ਦੀ ਇਤਿਹਾਸਕਤਾ ਨੂੰ ਆਪਣੀ ਬੁੱਕਲ ’ਚ ਸਮੋਂਦਿਆਂ ‘ਚੱਲ ਅੰਮ੍ਰਿਤਸਰ ਲੰਡਨ ਚੱਲੀਏ’ ਨਾਟਕ ਹੋਇਆ। ਸ਼ਬਦੀਸ਼ ਦੀ ਕਲਮ ਤੋਂ ਲਿਖੇ ਉਸ ਦੀ ਜੀਵਨ-ਸਾਥਣ ਅਨੀਤਾ ਸ਼ਬਦੀਸ਼ ਦੁਆਰਾ ਨਿਰਦੇਸ਼ਤ ਇਸ ਨਾਟਕ ਨੇ ਜਿਥੇ 1919 ਦੀ ਖ਼ੂਨੀ ਵਿਸਾਖੀ ਦੇ ਦੀਦਾਰ ਕਰਵਾਏ, ਉਥੇ ਬਰਤਾਨਵੀ ਸਾਮਰਾਜ ਨਾਲ ਯਰਾਨੇ ਪਾਲਣ ਵਾਲੇ ਅਤੇ ਹਕੀਕੀ ਆਜ਼ਾਦੀ ਲਈ ਸੰਗਰਾਮ ਕਰਨ ਵਾਲਿਆਂ ਦੀ ਸਪੱਸ਼ਟ ਤਸਵੀਰ ਪੇਸ਼ ਕੀਤੀ।

ਲਾਹੌਰ ਵਸੇਂਦੇ ਸਾਹਿਦ ਨਦੀਮ ਦੇ ਲਿਖੇ ਨਾਟਕ ‘ਬੁੱਲਾ’ ਦਾ ਮੰਚ ਪੰਜਾਬ ਦੇ ਨਾਮਵਰ ਨਿਰਦੇਸ਼ਕ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ’ਚ ਮੰਚ ਰੰਗ ਮੰਚ ਅੰਮ੍ਰਿਤਸਰ ਦੇ ਕਲਾਕਾਰਾਂ ਨੇ ਕੀਤਾ। ‘ਬੁੱਲ੍ਹਾ’ ਨੇ ਇਸ਼ਕ ਹਕੀਕੀ, ਇਸ਼ਕ ਮਜਾਜ਼ੀ ਦੀ ਕਲਾਤਮਕ ਮਾਰਮਿਕ ਪੇਸ਼ਕਾਰੀ ਕਰਦਿਆਂ ਧਾਰਮਕ ਕੱਟੜਤਾ, ਮੂਲਵਾਦ ਉਪਰ ਕਰਾਰੀ ਚੋਟ ਕਰਦਿਆਂ, ਵਿਗਿਆਨਕ ਦ੍ਰਿਸ਼ਟੀਕੋਣ ਦਾ ਪਰਚਮ ਬੁਲੰਦ ਕੀਤਾ। ਪਾਖੰਡਵਾਦ ਅਤੇ ਕੱਟੜਤਾ ਦੇ ਡੰਗੇ ਲੋਕਾਂ ਨੂੰ ਮਾਨਵੀ, ਤਰਕਸੰਗਤ ਜਮਹੂਰੀ ਕਦਰਾਂ ਕੀਮਤਾਂ ਦਾ ਪਰਚਮ ਉਠਾਉਣ ਦਾ ਸੱਦਾ ਦਿੱਤਾ।

ਡਾ. ਸਾਹਿਬ ਸਿੰਘ ਦੀ ਰਚਨਾ ਅਤੇ ਨਿਰਦੇਸ਼ਨਾ ਭਰੇ ਨਾਟਕ ‘ਸੰਮਾ ਵਾਲੀ ਡਾਂਗ’ ਨੂੰ ਖਚਾ ਖਚ ਭਰੇ ‘ਮੁਹੰਮਦ ਸਿੰਘ ਆਜ਼ਾਦ ਪੰਡਾਲ’ ਨੇ ਖੜ੍ਹੇ ਹੋ ਕੇ ਜ਼ੋਰਦਾਰ ਤਾੜੀਆਂ ਨਾਲ ਪ੍ਰਭਾਵਸ਼ਾਲੀ ਪੇਸ਼ਕਾਰੀ ਦੀ ਦਾਦ ਦਿੱਤੀ। ਨਾਟਕ ‘ਸੰਮਾਂ ਵਾਲੀ ਡਾਂਗ’, ਪੰਜਾਬ ਦੀ ਤਬਾਹ ਹੋ ਰਹੀ ਕਿਸਾਨੀ ਦੀ ਚੌਤਰਫ਼ੀ ਦੁਰਦਸ਼ਾ ਭਰੀ ਹਾਲਤ ਨੂੰ ਬਦਲਣ ਲਈ ਸਪੱਸ਼ਟ ਸੁਨੇਹਾ ਦੇਣ ’ਚ ਸਫ਼ਲ ਰਿਹਾ ਕਿ ਹਾਕਮਾਂ ਦੀ ਚਤੁਰਾਈਆਂ ਭਰੀਆਂ ਨੀਤੀਆਂ ਨੂੰ ਭਾਂਜ ਦੇਣ ਲਈ ਲੋਕ ਸੰਗਰਾਮ ਹੀ ਇਕੋ, ਇੱਕ ਸਵੱਲੜਾ ਰਾਹ ਹੈ।

ਪਾਕਿਸਤਾਨ ਦੀ ਕਹਾਣੀਕਾਰ ਮਰਹੂਮ ਅਫ਼ਜਲ ਤੌਸੀਫ਼ ਦੀ ਕਹਾਣੀ ‘ਕਹਾਣੀਵਾਲਾ ਦਿਲਗੀਰ’ ’ਤੇ ਅਧਾਰਤ ਨਾਟਕ ਰੁਜ਼ਗਾਰ ਪ੍ਰਾਪਤੀ ਸਭਿਆਚਾਰਕ ਫਰੰਟ (ਇਪਟਾ) ਮੋਗਾ ਵੱਲੋਂ ਵਿੱਕੀ ਮਹੇਸ਼ਰੀ ਦੀ ਨਿਰਦੇਸ਼ਨਾ ’ਚ ਖੇਡਿਆ
ਨਾਟਕ ‘ਕਹਾਣੀਵਾਲਾ ਦਿਲਗੀਰ’ ਨਾਟਕ ਖੇਡਿਆ ਗਿਆ ਜੋ ਫ਼ਿਰਕੂ ਫਾਸ਼ੀਵਾਦ ਦੁਆਰਾ ਸਮਾਜਕ ਪਾਟਕ ਪਾਉਣ ਦੀਆਂ ਚਾਲਾਂ ਤੋਂ ਖ਼ਬਰਦਾਰ ਰਹਿਣ ਦਾ ਸੁਨੇਹਾ ਦੇਣ ’ਚ ਸਫ਼ਲ ਰਿਹਾ।

ਕੁਲਵੰਤ ਕੌਰ ਨਗਰ ਦਾ ਲਿਖਿਆ ਜਸਵਿੰਦਰ ਪੱਪੀ ਵੱਲੋਂ ਨਿਰਦੇਸ਼ਤ ਨਾਟਕ ‘ਦੇਸ਼ ਧਰੋਹੀ ਕੌਣ’ ਮਾਨਵਤਾ ਕਲਾ ਮੰਚ ਨਗਰ ਨੇ ਪੇਸ਼ ਕਰਕੇ ਫ਼ਿਰਕੂ ਫਾਸ਼ੀ ਹੱਲੇ ਖਿਲਾਫ਼ ਚੇਤਨਾ ਜਨਤਕ ਆਵਾਜ਼ ਖੜ੍ਹੀ ਕਰਨ ਦਾ ਸੱਦਾ ਦਿੱਤਾ।

ਤਾੜੀਆਂ ਅਤੇ ਨਾਅਰਿਆਂ ਦੀ ਗੂੰਜ ਵਿਚ ਭਿਜੀ ਇਸ ਰਾਤ, ਲੋਕ ਸੰਗੀਤ ਮੰਡਲੀ ਜੀਦਾ (ਜਗਸੀਰ ਜੀਦਾ), ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ, ਲੋਕ ਸੰਗੀਤ ਮੰਚ, ਮਸਾਣੀ (ਧਰਮਿੰਦਰ ਮਸਾਣੀ) ਅੰਮ੍ਰਿਤਪਾਲ ਬਠਿੰਡਾ, ਕਮਲਜੀਤ ਘੱਗਨ, ਕੁਲਦੀਪ ਜਲੂਰ ਅਤੇ ਅਜਮੇਰ ਅਕਲੀਆ ਨੇ ਗੀਤਾਂ ਦੀ ਝੜੀ ਲਗਾਈ। ਮਨਜੀਤ ਧਨੇਰ ਦੀ ਉਮਰਕੈਦ ਦੀ ਸਜ਼ਾ ਰੱਦ ਕਰਨ ਦਾ ਮਤਾ ਲੋਕਾਂ ਨੇ ਹੱਥ ਖੜ੍ਹੇ ਕਰਕੇ ਪਾਸ ਕੀਤਾ। ਨਾਟਕਾਂ ਅਤੇ ਗੀਤਾਂ ਦੇ ਦਿਲਕਸ਼ ਰੰਗਾਂ ’ਚ ਰੰਗੀ ਰਾਤ ਦੀ ਸਮਾਗਮਾਂ ਦਾ ਮੰਚ ਸੰਚਾਲਨ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ।

ਜ਼ਿਕਰਯੋਗ ਹੈ ਕਿ ਮੇਲੇ ਤੋਂ ਵਾਪਸ ਜਾਣ ਸਮੇਂ ਹਜ਼ਾਰਾਂ ਲੋਕ ਪੰਡਾ ਬੰਨ੍ਹਕੇ ਪੁਸਤਕਾਂ ਅਤੇ ਹੋਰ ਵੰਨਗੀਆਂ ਲੱਦੀ ਗਏ। ਸਿਰਫ਼ ਪੰਜਾਬ ਦੀ ਨਹੀਂ ਦੇਸ਼ ਬਦੇਸ਼ ਅੰਦਰ ਲੱਗਦੇ ਮੇਲਿਆਂ ਨਾਲੋਂ ਹਰ ਪੱਖੋਂ ਸਰਵੋਤਮ ਇਹ ਮੇਲਾ ਬਦਲਵੇਂ ਇਨਕਲਾਬੀ ਸਭਿਆਚਾਰ ਦਾ ਧਰੂ ਤਾਰਾ ਹੋ ਨਿਬੜਿਆ। ਅਮੋਲਕ ਸਿੰਘ ਅਤੇ ਪ੍ਰਿਥੀਪਾਲ ਮਾੜੀਮੇਘਾ ਨੇ ਇਸ ਰਾਤ ਜੁੜੇ ਲੋਕਾਂ ਨੂੰ ਕਲਮ, ਕਲਾ ਅਤੇ ਸੰਗਰਾਮ ਦੀ ਜੋਟੀ ਪਾਉਣ ਦੀ ਅਪੀਲ ਕੀਤੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION