33.1 C
Delhi
Wednesday, April 24, 2024
spot_img
spot_img

ਅਮਰੀਕਾ ’ਚ ਖ਼ਾਲਸਾ ਯੂਨੀਵਰਸਿਟੀ ਲਈ 125 ਏਕੜ ਜ਼ਮੀਨ ਦੇਣ ਵਾਲੇ ਮਨਜੀਤ ਸਿੰਘ ਧਾਲੀਵਾਲ ਦਰਬਾਰ ਸਾਹਿਬ ਹੋਏ ਨਤਮਸਤਕ

ਅੰਮ੍ਰਿਤਸਰ, 25 ਜਨਵਰੀ, 2020:
ਅਮਰੀਕਾ ਦੇ ਸ਼ਹਿਰ ਬੈਲਿੰਗਹੈਮ ’ਚ ਖ਼ਾਲਸਾ ਯੂਨੀਵਰਸਿਟੀ ਸਥਾਪਤ ਕਰਨ ਲਈ 125 ਏਕੜ ਜ਼ਮੀਨ ਦੇਣ ਵਾਲੇ ਸਿੱਖ ਸ. ਮਨਜੀਤ ਸਿੰਘ ਧਾਲੀਵਾਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਬਖ਼ਸ਼ਿਸ਼ ਸਿਰੋਪਾਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ, ਯਾਦਗਾਰੀ ਸਿੱਕੇ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ। ਉਹ ਆਪਣੀ ਭਾਰਤ ਫੇਰੀ ਦੌਰਾਨ ਆਪਣੇ ਵੱਡੇ ਭਰਾ ਸ. ਹਰਭਜਨ ਸਿੰਘ ਧਾਲੀਵਾਲ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਗੁਰਨਾਮ ਸਿੰਘ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨਾਂ ਲਈ ਪੁੱਜੇ ਸਨ।

ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਸ. ਧਾਲੀਵਾਲ ਨੂੰ ਸਨਮਾਨਿਤ ਕਰਨ ਸਮੇਂ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਾਜਿੰਦਰ ਸਿੰਘ ਮਹਿਤਾ, ਮੁੱਖ ਸਕੱਤਰ ਡਾ. ਰੂਪ ਸਿੰਘ, ਸੱਕਤਰ ਸ. ਮਨਜੀਤ ਸਿੰਘ ਬਾਠ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ ਅਤੇ ਹੋਰ ਮੌਜੂਦ ਸਨ।

ਇਸ ਮੌਕੇ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਅਮਰੀਕਾ ਦੇ ਸਿੱਖਾਂ ਵੱਲੋਂ ਖ਼ਾਲਸਾ ਯੂਨੀਵਰਸਿਟੀ ਸਥਾਪਤ ਕਰਨ ਦੀ ਪਹਿਲ ਨੂੰ ਇਤਿਹਾਸਕ ਤੇ ਸ਼ਲਾਘਾਯੋਗ ਕਦਮ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅਮਰੀਕਾ ਵਾਸੀ ਨਵੀਂ ਪੀੜ੍ਹੀ ਨੂੰ ਗੁਰਬਾਣੀ, ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੇ ਸਿੱਖ ਸੱਭਿਆਚਾਰ ਨਾਲ ਜੋੜਨ ਦਾ ਇਹ ਨਿੱਗਰ ਉਪਰਾਲਾ ਹੈ।

ਭਾਈ ਮਹਿਤਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਅੰਤ੍ਰਿੰਗ ਕਮੇਟੀ ਨੇ ਇਸ ਯੂਨੀਵਰਸਿਟੀ ਸਬੰਧੀ ਸ਼ਲਾਘਾ ਦਾ ਮਤਾ ਵੀ ਪਾਸ ਕੀਤਾ ਸੀ। ਉਨ੍ਹਾਂ ਖ਼ਾਲਸਾ ਯੂਨੀਵਰਸਿਟੀ ਲਈ ਸ਼੍ਰੋਮਣੀ ਕਮੇਟੀ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਵੀ ਦਿੱਤਾ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਸਿੱਖ ਅੱਜ ਵਿਸ਼ਵ ਵਿਆਪੀ ਸ਼ਹਿਰੀ ਹਨ ਅਤੇ ਇਨ੍ਹਾਂ ਨੇ ਹਰ ਦੇਸ਼ ਅੰਦਰ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨੂੰ ਪ੍ਰਸਾਰਨ ਲਈ ਵੱਡੇ ਕਾਰਜ ਕੀਤੇ ਹਨ। ਅਮਰੀਕਾ ਵਰਗੇ ਵਿਕਸਤ ਦੇਸ਼ ਵਿਚ ਸਿੱਖ ਸਰੋਕਾਰਾਂ ਨੂੰ ਉਭਾਰਨ ਲਈ ਖ਼ਾਲਸਾ ਯੂਨੀਵਰਸਿਟੀ ਦੀ ਸਥਾਪਨਾ ਬੇਹੱਦ ਅਹਿਮ ਪ੍ਰਾਪਤੀ ਹੈ।

ਇਸ ਨਾਲ ਜਿਥੇ ਸਿੱਖ ਕੌਮ ਦੀ ਨਵੀਂ ਪੀੜ੍ਹੀ ਆਪਣੇ ਸੱਭਿਆਚਾਰ, ਗੁਰਬਾਣੀ ਦੀ ਵਿਚਾਰਧਾਰਾ ਅਤੇ ਇਤਿਹਾਸ ਨਾਲ ਜੁੜੇਗੀ, ਉਥੇ ਹੀ ਦੂਸਰੇ ਧਰਮਾਂ ਦੇ ਬੱਚਿਆਂ ਨੂੰ ਵੀ ਸਿੱਖਾਂ ਦੀ ਵਿਲੱਖਣ ਹੋਂਦ ਹਸਤੀ ਤੇ ਪਹਿਛਾਣ ਦੀ ਜਾਣਕਾਰੀ ਪ੍ਰਾਪਤ ਹੋਵੇਗੀ ਅਤੇ ਉਨ੍ਹਾਂ ਅੰਦਰ ਸਿੱਖੀ ਪ੍ਰਤੀ ਚੇਤੰਨਤਾ ਪੈਦਾ ਹੋਵੇਗੀ। ਡਾ. ਰੂਪ ਸਿੰਘ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਆਦੇਸ਼ਾਂ ਅਨੁਸਾਰ ਯੂਨੀਵਰਸਿਟੀ ਲਈ ਸ਼੍ਰੋਮਣੀ ਕਮੇਟੀ ਦੀਆਂ ਪ੍ਰਕਾਸ਼ਨਾਵਾਂ ਦਾ ਸੈੱਟ ਵੀ ਭੇਜਿਆ ਜਾਵੇਗਾ।

ਖ਼ਾਲਸਾ ਯੂਨੀਵਰਸਿਟੀ ਦੀ ਸਥਾਪਨਾ ਸਬੰਧੀ ਸ. ਮਨਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਹ ਅਮਰੀਕਾ ਅੰਦਰ ਪਹਿਲੇ ਵਿਸ਼ਵ ਵਿਦਿਆਲੇ ਵਜੋਂ ਸਥਾਪਤ ਹੋਈ ਹੈ। ਭਾਵੇਂ ਕਿ ਇਸ ਤੋਂ ਪਹਿਲਾਂ ਵੱਖ-ਵੱਖ ਦੇਸ਼ਾਂ ਅੰਦਰ ਸਿੱਖ ਸੰਸਥਾਵਾਂ ਵੱਲੋਂ ਕਈ ਸਕੂਲ ਚਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ’ਚ ਖ਼ਾਲਸਾ ਯੂਨੀਵਰਸਿਟੀ ਦਾ ਮੰਤਵ ਗੁਰੂ ਸਾਹਿਬ ਦੇ ਫਲਸਫੇ ਅਨੁਸਾਰ ਮਾਨਵੀ ਬਰਾਬਰਤਾ ਦੇ ਸੰਦੇਸ਼ ਨੂੰ ਪ੍ਰਚਾਰਨਾ ਹੈ।

ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਲਈ ਅਮਰੀਕਾ ਦੇ ਵਾਸ਼ਿੰਗਟਨ ਸੂਬੇ ਤੋਂ ਰਜਿਸਟ੍ਰੇਸ਼ਨ ਪ੍ਰਾਪਤ ਕੀਤੀ ਜਾ ਚੁੱਕੀ ਹੈ। ਮੌਜੂਦਾ ਸਮੇਂ ਸਕੂਲ ਤੋਂ ਇਲਾਵਾ ਆਨਲਾਈਨ ਕੋਰਸ ਆਰੰਭ ਕੀਤੇ ਜਾ ਰਹੇ ਹਨ ਅਤੇ ਅਗਲੇ ਸਮਿਆਂ ਦੌਰਾਨ ਵੱਡੇ ਅਕਾਦਮਿਕ ਕੋਰਸ ਚਲਾਏ ਜਾਣਗੇ। ਇਨ੍ਹਾਂ ਕੋਰਸਾਂ ਵਿਚ ਮੈਡੀਕਲ, ਵਕਾਲਤ, ਅਕਾਊਂਟਸ ਆਦਿ ਵਿਸ਼ੇ ਵਿਸ਼ੇਸ਼ ਹੋਣਗੇ।

ਉਨ੍ਹਾਂ ਕਿਹਾ ਕਿ ਬੇਸ਼ੱਕ ਯੂਨੀਵਰਸਿਟੀ ਲਈ ਵੱਡੀ ਵਿੱਤੀ ਲੋੜ ਨੂੰ ਨਕਾਰਿਆ ਨਹੀਂ ਜਾ ਸਕਦਾ, ਪਰੰਤੂ ਗੁਰੂ ਸਾਹਿਬ ਦੀ ਸੋਚ ਅਨੁਸਾਰ ਆਰੰਭੇ ਇਸ ਕਾਰਜ ਨੂੰ ਸੰਪੂਰਨ ਕਰਨ ਵਿਚ ਸਿੱਖ ਸੰਗਤਾਂ ਕਸਰ ਨਹੀਂ ਛੱਡਣਗੀਆਂ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਸ਼ਾਹਬਾਜ਼ ਸਿੰਘ ਇੰਚਾਰਜ, ਸ. ਜਸਬੀਰ ਸਿੰਘ ਪਟਿਆਲਾ ਸਮੇਤ ਹੋਰ ਵੀ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION