ਸਿੱਖ ਪੰਥ ਦੇ 550 ਸਾਲ ਦੇ ਲਾਸਾਨੀ ਇਤਿਹਾਸ ਨੂੰ ਰੂਪਮਾਨ ਕਰੇਗੀ ਚਿੱਤਰ ਪ੍ਰਦਰਸ਼ਨੀ – ਲੌਂਗੋਵਾਲ ਨੇ ਕੀਤਾ ਉਦਘਾਟਨ

ਸੁਲਤਾਨਪੁਰ ਲੋਧੀ, 5 ਨਵੰਬਰ, 2019 –
ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਅੱਜ ਤੱਕ ਸਿੱਖ ਪੰਥ ਦੇ 550 ਸਾਲਾ ਲਾਸਾਨੀ ਤੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਰੂਪਮਾਨ ਕਰਨ ਲਈ ਸੁਲਤਾਨਪੁਰ ਲੋਧੀ ਵਿਖੇ ਇਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ।

ਇਸ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਦੇ ਸਿੱਖ ਇਤਿਹਾਸ ਨੂੰ ਤਸਵੀਰਾਂ, ਦੁਰਲੱਭ ਦਸਤਾਵੇਜਾਂ, ਸਿੱਕਿਆਂ ਅਤੇ ਸਮੇਂ-ਸਮੇਂ ‘ਤੇ ਜਾਰੀ ਹੋਈਆਂ ਸਿੱਖ ਸਿਮਰਤੀ ਨਾਲ ਜੁੜੀਆਂ ਸਰਕਾਰੀ ਡਾਕ ਟਿਕਟਾਂ ਅਤੇ ਵੱਖ-ਵੱਖ ਸ਼ਤਾਬਦੀਆਂ ਦੇ ਸਿੱਕਿਆਂ ਦੀ ਇਕ ਵਿਲੱਖਣ ਅਤੇ ਅਲੌਕਿਕ ਇਤਿਹਾਸਕ ਪ੍ਰਦਰਸ਼ਨੀ ਲਗਾਈ ਗਈ ਹੈ।

ਇਤਿਹਾਸਕ ਗੁਰਦੁਆਰਾ ਹੱਟ ਸਾਹਿਬ ਦੇ ਸਾਹਮਣੇ ਜ਼ਮੀਨਦੋਜ਼ ਇਮਾਰਤ ‘ਚ ਲਗਾਈ ਗਈ ਇਸ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਕੌਮਾਂ ਦੇ ਵਿਕਾਸ ਤੇ ਵਿਗਾਸ ਲਈ ਇਤਿਹਾਸ ਤੋਂ ਪ੍ਰੇਰਨਾ ਲੈਣੀ ਜ਼ਰੂਰੀ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਬੜਾ ਗੌਰਵਸ਼ਾਲੀ, ਲਾਸਾਨੀ ਅਤੇ ਕੁਰਬਾਨੀਆਂ ਭਰਿਆ ਹੈ। ਸਿੱਖ ਇਤਿਹਾਸ ਦੀ ਮੌਲਿਕਤਾ ਅਤੇ ਵਿਲੱਖਣਤਾ ਇਸ ਦੇ 550 ਸਾਲ ਦੇ ਸਮੇਂ ਅੰਦਰ ਗੁਰ-ਇਤਿਹਾਸ, ਸਿੱਖ ਇਤਿਹਾਸ ਅਤੇ ਵਰਤਮਾਨ ਸਮੇਂ ਸਿੱਖਾਂ ਦੇ ਸੰਘਰਸ਼ ਅਤੇ ਪ੍ਰਾਪਤੀਆਂ ਵਿਚ ਸਮਾਈ ਹੋਈ ਹੈ। ਉਨ੍ਹਾਂ ਕਿਹਾ ਕਿ 550 ਵੇਂ ਪ੍ਰਕਾਸ਼ ਪੁਰਬ ਮੌਕੇ ਇਹ ਇਤਿਹਾਸਕ ਚਿੱਤਰ ਪ੍ਰਦਰਸ਼ਨੀ ਲਗਾਉਣ ਦਾ ਮੰਤਵ ਅਜੋਕੀ ਨੌਜਵਾਨ ਪੀੜ੍ਹੀ ਨੂੰ ਆਪਣੇ ਮਾਣਮੱਤੇ ਇਤਿਹਾਸ ਦੇ ਰੂ-ਬ-ਰੂ ਕਰਵਾਉਣਾ ਹੈ।

ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਲਗਾਈ ਗਈ ਇਸ ਚਿੱਤਰ ਪ੍ਰਦਰਸ਼ਨੀ ਦੀ ਦੇਖ-ਰੇਖ ਸਿੱਖ ਇਤਿਹਾਸਕਾਰ ਸ. ਹਰਵਿੰਦਰ ਸਿੰਘ ਖ਼ਾਲਸਾ ਕਰ ਰਹੇ ਹਨ।

ਇਸ ਪ੍ਰਦਰਸ਼ਨੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਧਾਰਨ, ਜੀਵਨ ਅਤੇ ਚਾਰ ਉਦਾਸੀਆਂ ਤੋਂ ਲੈ ਕੇ ਦਸ ਗੁਰੂ ਸਾਹਿਬਾਨ ਦੇ ਜੀਵਨ, ਅਠ੍ਹਾਰਵੀਂ ਸਦੀ ਦੇ ਬਿਖੜੇ ਅਤੇ ਕੁਰਬਾਨੀਆਂ ਭਰੇ ਸਿੱਖ ਇਤਿਹਾਸ, ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ, ਭਾਰਤ ਦੀ ਆਜ਼ਾਦੀ ‘ਚ ਸਿੱਖਾਂ ਦੇ ਲਾਸਾਨੀ ਯੋਗਦਾਨ, ਸਿੰਘ ਸਭਾ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਅਕਾਲੀ ਲਹਿਰਾਂ, ਪੰਜਾਬੀ ਸੂਬਾ ਮੋਰਚਾ ਅਤੇ ਧਰਮ ਯੁੱਧ ਮੋਰਚਾ ਸਮੇਤ ਹੁਣ ਤੱਕ ਦੇ ਸਿੱਖ ਇਤਿਹਾਸ ਸਬੰਧੀ ਮੂੰਹੋਂਬੋਲਦੇ ਦੁਰਲੱਭ ਚਿੱਤਰ ਲਗਾਏ ਗਏ ਹਨ।

ਪ੍ਰਦਰਸ਼ਨੀ ਦੇ ਉਦਘਾਟਨ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਵਧੀ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਨ, ਮੀਤ ਸ. ਕੁਲਵਿੰਦਰ ਸਿੰਘ ਰਮਦਾਸ, ਸ. ਨਵਇੰਦਰਪ੍ਰੀਤ ਸਿੰਘ ਲੌਂਗੋਵਾਲ, ਸ. ਦਰਸ਼ਨ ਸਿੰਘ ਲੌਂਗੋਵਾਲ ਆਦਿ ਵੀ ਹਾਜ਼ਰ ਸਨ।

Share News / Article

Yes Punjab - TOP STORIES