31 ਅਗਸਤ ਅਤੇ ਪਹਿਲੀ ਸਤੰਬਰ ਨੂੰ ਮੁੰਬਈ ਵਿਖ਼ੇ ਹੋਣੀ ਹੈ ‘ਇੰਡੀਆ’ ਗਠਜੋੜ ਦੀ ਤੀਜੀ ਮੀਟਿੰਗ
ਯੈੱਸ ਪੰਜਾਬ
ਨਵੀਂ ਦਿੱਲੀ, 30 ਅਗਸਤ, 2023:
ਮੁੰਬਈ ਵਿੱਚ ਵੀਰਵਾਰ ਨੂੰ ਸ਼ੁਰੂ ਹੋ ਰਹੀ ‘ਇੰਡੀਆ’ ਗਠਜੋੜ ਦੀ ਦੋ-ਰੋਜ਼ਾ ਮੀਟਿੰਗ ਤੋਂ ਪਹਿਲਾਂ ‘ਆਮ ਆਦਮੀ ਪਾਰਟੀ’ ਵੱਲੋਂ ਇੱਕ ਨਵੀਂ ਮੰਗ ਸਾਹਮਣੇ ਆਈ ਹੈ।
‘ਆਮ ਆਦਮੀ ਪਾਰਟੀ’ ਦੀ ਬੁਲਾਰੀ ਪ੍ਰਿਅੰਕਾ ਕੱਕੜ ਨੇ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ‘ਇੰਡੀਆ’ ਗਠਜੋੜ ਦੇ ਨੇਤਾ ਹੋਣੇ ਚਾਹੀਦੇ ਹਨ।
ਇਕ ਖ਼ਬਰ ਏਜੰਸੀ ਨਾਲ ਗੱਲਬਾਤ ਦੌਰਾਨ ਪ੍ਰਿੰਅਕਾ ਕੱਕੜ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਲਗਾਤਾਰ ਦੇਸ਼ ਦੇ ਭਲੇ ਲਈ ਕੰਮ ਕਰ ਰਹੇ ਹਨ, ਇਸ ਲਈ ਉਹ ਹੀ ਇੰਡੀਆ ਗਠਜੋੜ ਦੇ ਨੇਤਾ ਹੋਣ ਦੇ ਯੋਗ ਹਨ।
ਪ੍ਰਿਅੰਕਾ ਕੱਕੜ ਨੇ ਕਿਹਾ, ਮੈਂ ‘ਆਪ’ ਦੀ ਬੁਲਾਰੀ ਦੇ ਤੌਰ ’ਤੇ ਇਹ ਕਹਿ ਸਕਦੀ ਹਾਂ ਕਿ ਮੈਂ ਤਾਂ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਹੀ ‘ਇੰਡੀਆ’ ਗਠਜੋੜ ਦੇ ਨੇਤਾ ਵਜੋਂ ਨਾਮਜ਼ਦ ਕਰਾਂਗੀ। ਉਹ ਲਗਾਤਾਰਤਾ ਵਿੱਚ ਲੋਕਾਂ ਦੀ ਗੱਲ ਕਰ ਰਹੇ ਹਨ ਅਤੇ ਉਨ੍ਹਾਂ ਨੇ ਦਿੱਲੀ ਵਿੱਚ ਐਸਾ ਮਾਡਲ ਪੇਸ਼ ਕੀਤਾ ਹੈ ਜਿਸ ਨਾਲ ਦਿੱਲੀ ਵਿੱਚ ਮਹਿੰਗਾਈ ਦਰ ਕਾਫ਼ੀ ਹੱਦ ਤਕ ਕਾਬੂ ਹੇਠ ਰਹੀ ਹੈ।
ਜ਼ਿਕਰਯੋਗ ਹੈ ਕਿ ‘ਇੰਡੀਆ’ ਗਠਜੋੜ ਵਿੱਚ ਸ਼ਾਮਲ 26 ਪਾਰਟੀਆਂ ਦੀਆਂ 2 ਮੀਟਿੰਗਾਂ ਹੋ ਚੁੱਕੀਆਂ ਹਨ। ਬੰਗਲੌਰ ਵਿਖ਼ੇ ਹੋਈ ਦੂਜੀ ਮੀਟਿੰਗ ਵਿੱਚ ਗਠਜੋੜ ਨੂੰ ‘ਇੰਡੀਆ’ ਨਾਂਅ ਦਿੱਤਾ ਗਿਆ ਸੀ ਅਤੇ ਹੁਣ ਤੀਜੀ ਮੀਟਿੰਗ 31 ਅਗਸਤ ਅਤੇ ਪਹਿਲੀ ਸਤੰਬਰ ਨੂੰ ਮੁੰਬਈ ਵਿਖ਼ੇ ਰੱਖੀ ਗਈ ਹੈ। ‘ਆਮ ਆਦਮੀ ਪਾਰਟੀ’ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਬਾਰੇ ਆਪਣੀ ਸਹਿਮਤੀ ਦੇ ਚੁੱਕੀ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ