ਜਾਖ਼ੜ ਹੀ ਰਹਿਣਗੇ ਕਾਂਗਰਸ ਪ੍ਰਧਾਨ, ਅਸਤੀਫ਼ਾ ਰੱਦ – 17 ਨੂੰ ਆਗੂਆਂ ਦੀ ਮੀਟਿੰਗ ਸੱਦੀ

ਯੈੱਸ ਪੰਜਾਬ
ਜਲੰਧਰ, 14 ਸਤੰਬਰ, 2019:

ਸ੍ਰੀ ਸੁਨੀਲ ਜਾਖ਼ੜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣੇ ਰਹਿਣਗੇ। ਕਾਂਗਰਸ ਹਾਈਕਮਾਨ ਨੇ ਉਨ੍ਹਾਂ ਵੱਲੋਂ ਦਿੱਤਾ ਗਿਆ ਅਸਤੀਫ਼ਾ ਰੱਦ ਕਰ ਦਿੱਤਾ ਹੈ।

ਇਸ ਸੰਬੰਧੀ ਬਕਾਇਦਾ ਇਕ ਪੱਤਰ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਸ੍ਰੀਮਤੀ ਆਸ਼ਾ ਕੁਮਾਰੀ ਵੱਲੋਂ ਜਾਰੀ ਕੀਤਾ ਗਿਆ ਹੈ ਜਿਸ ਵਿਚ ਉਨ੍ਹਾਂ ਨੂੰ ਉਨ੍ਹਾਂ ਦਾ ਅਸਤੀਫ਼ਾ ਰੱਦ ਕੀਤੇ ਜਾਣ ਸੰਬੰਧੀ ਸੂਚਿਤ ਕੀਤੇ ਜਾਣ ਦੇ ਨਾਲ ਨਾਲ ‘ਚੰਗਾ ਕੰਮ ਜਾਰੀ ਰੱਖਣ’ ਲਈ ਕਿਹਾ ਗਿਆ ਹੈ।

ਜ਼ਿਕਰਯੋਗ ਹੈ ਕਿ ਗੁਰਦਾਸਪੁਰ ਦੇ ਸਾਬਕਾ ਸੰਸਦ ਮੈਂਬਰ ਸ੍ਰੀ ਸੁਨੀਲ ਜਾਖ਼ੜ ਲੰਘੀਆਂ ਪਾਰਲੀਮਾਨੀ ਚੋਣਾਂ ਵਿਚ ਮੁੜ ਪਾਰਟੀ ਵੱਲੋਂ ਗੁਰਦਾਸਪੁਰ ਤੋਂ ਹੀ ਉਮੀਦਵਾਰ ਸਨ ਪਰ ਉਹ ਭਾਜਪਾ ਉਮੀਦਵਾਰ ਅਤੇ ਬਾਲੀਵੁੱਡ ਸਿਤਾਰੇ ਸੰਨੀ ਦਿਓਲ ਤੋਂ ਇਹ ਚੋਣ ਹਾਰ ਗਏ ਸਨ ਹਾਲਾਂਕਿ ਕਾਂਗਰਸ ਰਾਜ ਦੀਆਂ13 ਵਿਚੋਂ 8 ਸੀਟਾਂ ਜਿੱਤਣ ਵਿਚ ਸਫ਼ਲ ਰਹੀ ਸੀ।

ਇਸ ਮਗਰੋਂ ਸ੍ਰੀ ਜਾਖ਼ੜ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਪਰ ਸ੍ਰੀ ਰਾਹੁਲ ਗਾਂਧੀ ਦੇ ਵੀ ਅਸਤੀਫ਼ਾ ਦੇ ਜਾਣ ਕਾਰਨ ਉਨ੍ਹਾਂ ਦੇ ਅਸਤੀਫ਼ੇ ’ਤੇ ਕੋਈ ਫ਼ੈਸਲਾ ਨਹੀਂ ਲਿਆ ਜਾ ਸਕਿਆ ਸੀ ਹਾਲਾਂਕਿ ਪ੍ਰਦੇਸ਼ ਕਾਂਗਰਸ ਨੇ ਮੁੱਖ ਮੰਤਰੀ ਕੈਪਟਨ ਅਮਰਿੱਦਰ ਸਿੰਘ ਦੀ ਅਗਵਾਈ ਹੇਠ ਮਤਾ ਪਾਸ ਕਰਕੇ ਹਾਈਕਮਾਨ ਨੂੰ ਸ੍ਰੀ ਜਾਖ਼ੜ ਦਾ ਅਸਤੀਫ਼ਾ ਰੱਦ ਕਰਨ ਲਈ ਕਿਹਾ ਸੀ।

ਹੁਣ ਸ੍ਰੀਮਤੀ ਸੋਨੀਆ ਗਾਂਧੀ ਦੇ ਪ੍ਰਧਾਨ ਬਣ ਜਾਣ ਉਪਰੰਤ ਸ੍ਰੀ ਜਾਖ਼ੜ ਨੂੰ ਹੀ ਪ੍ਰਧਾਨ ਦੇ ਤੌਰ ’ਤੇ ਬਣਾਈ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਰਾਜ ਵਿਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੇ ਚੱਲਦਿਆਂ ਵੀ ਇਹ ਫ਼ੈਸਲਾ ਪ੍ਰਦੇਸ਼ ਕਾਂਗਰਸ ਨੂੰ ਚੁਸਤ ਦਰੁਸਤ ਕਰਨ ਲਈ ਲੈਣਾ ਜ਼ਰੂਰੀ ਹੋ ਗਿਆ ਸੀ ਕਿਉਂਕਿ ਪ੍ਰਧਾਨ ਦੀ ਗੈਰ ਹਾਜ਼ਰੀ ਕਾਰਨ ਪ੍ਰਦੇਸ਼ ਕਾਂਗਰਸ ਦੇ ਕੰਮ ’ਤੇ ਅਸਰ ਪੈ ਰਿਹਾ ਸੀ।

ਇਹ ਪੱਤਰ ਪ੍ਰਾਪਤ ਹੁੰਦਿਆਂ ਹੀ ‘ਐਕਸ਼ਨ’ ਵਿਚ ਆਏ ਸ੍ਰੀ ਜਾਖ਼ੜ ਨੇ ਬਤੌਰ ਪ੍ਰਦੇਸ਼ ਕਾਂਗਰਸ ਪ੍ਰਧਾਨ 17 ਸਤੰਬਰ ਨੂੰ ਚੰਡੀਗੜ੍ਹ ਦੇ ਕਾਂਗਰਸ ਭਵਨ ਵਿਖ਼ੇ ਪਾਰਟੀ ਦੇ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਹੋਰ ਪ੍ਰਮੁੱਖ ਆਗੂਆਂ ਦੀ ਮੀਟਿੰਗ ਬੁਲਾ ਲਈ ਹੈ।

Share News / Article

Yes Punjab - TOP STORIES