ਮਸਤੂਆਣਾ ਵਿਖ਼ੇ ‘ਦਰਬਾਰ ਸਾਹਿਬ ਦੀ ਨਕਲ’ ਬਾਰੇ 10 ਜੂਨ 2005 ਦੀ ‘ਅਜੀਤ’ ਵਿਚ ਛਪੀ ਐੱਚ.ਐੱਸ.ਬਾਵਾ ਦੀ ਖ਼ਬਰ

ਸੰਨ 2005 ਦੀ ‘ਅਜੀਤ’ ਵਿਚ ਛਪੀ ਹੇਠਲੀ ਖ਼ਬਰ ਮੇਰੇ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਂਅ ਲਿਖ਼ੀ ਚਿੱਠੀ ਦੇ ਸੰਦਰਭ ਨਾਲ ਜੋੜ ਕੇ ਪੜ੍ਹੀ ਜਾਵੇ ਜੀ।
7 ਅਕਤੂਬਰ, 2019 ਨੂੰ ਲਿਖ਼ ਚਿੱਠੀ
ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ
ਪੜ੍ਹਣ ਲਈ ਇੱਥੇ ਕਲਿੱਕ ਕਰੋ

ਐਚ.ਐਸ.ਬਾਵਾ
ਸੰਗਰੂਰ, 9 ਜੂਨ
ਸੰਗਰੂਰ ਤੋਂ 4 ਕਿਲੋਮੀਟਰ ਦੂਰ ਸਥਿਤ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਅੰਗੀਠਾ ਸਾਹਿਬ ਵਾਲੀ ਥਾਂ ’ਤੇ ਸਥਾਪਿਤ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਦੇ ਮਗਰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਤਰਜ਼ ’ਤੇ 1967 ਤੋਂ ਨਿਰਮਾਣ ਅਧੀਨ ‘ਦਰਬਾਰ ਸਾਹਿਬ’ ਦੀ ਕਾਰ ਸੇਵਾ ਮੁੜ ਸ਼ੁਰੂ ਹੋ ਜਾਣ ਕਾਰਨ ਇਸ ਗੁਰਦੁਆਰੇ ਦਾ ਵਿਵਾਦ ਇਕ ਵੇਰਾਂ ਫ਼ਿਰ ਭਖ ਪਿਆ ਹੈ।

ਇਸ ਗੁਰਦੁਆਰੇ ਦਾ ਵਿਵਾਦ ਇਕ ਵਾਰ ਫ਼ਿਰ ਉੱਭਰ ਕੇ ਸਾਹਮਣੇ ਆਉਣ ਤੋਂ ਬਾਅਦ ‘ਅਜੀਤ’ ਦੀ ਟੀਮ ਵੱਲੋਂ ਅੱਜ ਮਸਤੂਆਣਾ ਸਾਹਿਬ ਵਿਖੇ ਜਾ ਕੇ ਵੇਖਿਆਂ ਇਹ ਗੱਲ ਬੜੇ ਸਾਫ਼ ਅਤੇ ਸਪਸ਼ਟ ਰੂਪ ਵਿਚ ਸਾਹਮਣੇ ਆਈ ਕਿ ਉਠਾਇਆ ਜਾ ਰਿਹਾ ਇਹ ਇਤਰਾਜ਼ ਲਗਪਗ ਸਹੀ ਹੀ ਹੇੈ ਕਿ ਇਸ ਥਾਂ ’ਤੇ ਬਣਾਇਆ ਜਾ ਰਿਹਾ ‘ਦਰਬਾਰ ਸਾਹਿਬ’ ਅੰਮ੍ਰਿਤਸਰ ਵਿਖੇ ਗੁਰੂ ਰਾਮ ਦਾਸ ਜੀ ਵੱਲੋਂ ਬਣਵਾਏ ਸ੍ਰੀ ਹਰਿਮੰਦਿਰ ਸਾਹਿਬ ਦੀ ਨਕਲ ਦੇ ਤੌਰ ’ਤੇ ਹੀ ਤਿਆਰ ਕੀਤਾ ਗਿਆ ਹੈ ਜਿਸਨੂੰ ਮੁਕੰਮਲ ਕਰਨ ਲਈ ਹੁਣ ਕਾਰ ਸੇਵਾ ਮੁੜ ਆਰੰਭੀ ਗਈ ਹੈ। ਪਹਿਲੀ ਨਜ਼ਰੇ ਇਹ ‘ਦਰਬਾਰ ਸਾਹਿਬ’ ਇੰਜ ਨਜ਼ਰ ਆਉਂਦਾ ਹੈ ਜਿਵੇਂ ਇਸ ਨੂੰ ਕੇਵਲ ‘ਅੰਤਿਮ ਛੋਹਾਂ’ ਹੀ ਦੇਣੀਆਂ ਬਾਕੀ ਹੋਣ।

ਸੰਤ ਅਤਰ ਸਿੰਘ ਮਸਤੂਆਣਾ ਵਾਲਿਆਂ ਦੇ ਅੰਗੀਠਾ ਸਾਹਿਬ ਦੇ ਐਨ ਮਗਰਲੇ ਪਾਸੇ ਬਣਾਏ ਗਏ ਇਸ ਗੁਰਦੁਆਰੇ ਨੂੰ ਇਕ ਨਜ਼ਰ ਵੇਖਿਆਂ ਹੀ ਇਹ ਸਮਝ ਆ ਜਾਂਦੀ ਹੈ ਕਿ ਜਿਸ ਨੇ ਵੀ ਇਸ ਗੁਰਦੁਆਰੇ ਦੀ ਸਿਰਜਣਾ ਦੀ ਕਲਪਨਾ ਕੀਤੀ ਹੋਵੇਗੀ ਉਸਦੇ ਦਿਲ ਅਤੇ ਦਿਮਾਗ ਵਿਚ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦਾ ਨਕਸ਼ਾ ਹੀ ਰਿਹਾ ਹੋਵੇਗਾ।

ਸ੍ਰੀ ਦਰਬਾਰ ਸਾਹਿਬ ਵਾਂਗ ਹੀ ਚਾਰੇ ਪਾਸੇ ਪਰੀਕਰਮਾ ਬਣਾਈ ਗਈ ਹੈ ਵਿਚਕਾਰ ਸਰੋਵਰ ਅਤੇ ਉਸੇ ਤਰ੍ਹਾਂ ਹੀ ਸਰੋਵਰ ਦੇ ਵਿਚਕਾਰ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ ਗਿਆ ਹੈ। ਪ੍ਰੀਕਰਮਾ ਦੇ ਚਾਰੇ ਬੰਨੇ ਅੰਦਰਲੇ ਪਾਸੇ ਨਾਲ ਹੀ ਸ਼ੁਰੂ ਹੋ ਜਾਦੀਆਂ ਹਨ ਸਰੋਵਰ ਵਿਚ ਜਾਣ ਲਈ ਪੌੜੀਆਂ।

ਸਰੋਵਰ ਦੇ ਬਿਲਕੁਲ ਉਸੇ ਤਰ੍ਹਾਂ ਹੀ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਲਹੀ ਰਸਤਾ ਦਿੱਤਾ ਗਿਆ ਹੈ। ਉਵੇਂ ਹੀ ਮਗਰਲੇ ਪਾਸੇ ਹਰਿ ਕੀ ਪਉੜੀ ਵਾਂਗ ਜਗ੍ਹਾ ਬਣਾਈ ਗਈ ਹੈ। ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਲਈ ਬਣੇ ਰਸਤੇ ਦੀ ਬਣਤਰ ਵੀ ਸ੍ਰੀ ਦਰਬਾਰ ਸਾਹਿਬ ਜਾਣ ਲਈ ਦਰਸ਼ਨੀ ਡਿਉਢੀ ਤੋਂ ਅੰਦਰ ਜਾਂਦੇ ਰਸਤੇ ਵਾਂਗ ਹੀ ਹੈ। ਇਸ ਰਸਤੇ ਤੇ ਆਸੇ ਪਾਸੇ ਸ੍ਰੀ ਦਰਬਾਰ ਸਾਹਿਬ ਦੇ ਰਸਤੇ ਵਾਂਗ ਹੀ ਗੁੰਬਦਨੁਮਾ ਲਾਈਟਾਂ ਲੱਗੀਆਂ ਹਨ।

ਸ੍ਰੀ ਦਰਬਾਰ ਸਾਹਿਬ ਵਾਂਗ ਹੀ ਅੰਦਰ ਬਣੇ ਗੁਰਦੁਆਰੇ ਦੇ ਚਾਰ ਦੁਆਰ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵਾਲੀ ਥਾਂ ਦਾ ਅੰਦਰੂਨੀ ਨਕਸ਼ਾ ਵੀ ਲਗਪਗ ਸ੍ਰੀ ਦਰਬਾਰ ਸਾਹਿਬ ਵਾਲਾ ਹੀ ਹੈ। ਇਸ ਪ੍ਰਕਾਸ਼ ਵਾਲੀ ਥਾਂ ਦੇ ਚਾਰੇ ਬੰਨੇ ਉਵੇਂ ਹੀ ਛੋਟੀ ਪਰੀਕਰਮਾ ਘੁੰਮਦੀ ਹੈ ਜਿਵੇਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਘੁੰਮਦੀ ਹੈ। ਭਾਵੇਂ ਅਜੇ ਬਣਾਇਆ ਗਿਆ ਢਾਂਚਾ ਇੱਟਾਂ ਦਾ ਹੀ ਹੈ ਪਰ ਸਪਸ਼ਟ ਹੁੰਦਾ ਹੇ ਕਿ ਇਸ ਢਾਂਚੇ ਦੀ ਬਾਹਰੀ ਦਿੱਖ ਵੀ ਸ੍ਰੀ ਦਰਬਾਰ ਸਾਹਿਬ ਦੀ ਨਕਲ ’ਤੇ ਹੀ ਬਣੀ ਹੈ।

ਇਸ ਗੁਰਦੁਆਰੇ ਦੇ ਉੱਪਰ ਬਣੇ ਗੁੰਬਦ ਵੀ ਸ੍ਰੀ ਦਰਬਾਰ ਸਾਹਿਬ ਵਾਂਗ ਹੀ ਅਤੇ ਲਗਪਗ ਗਿਣ ਮਿਣ ਕੇ ਬਣਾਏ ਗਏ ਪ੍ਰਤੀਤ ਹੁੰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵਾਲੀ ਥਾਂ ਦੇ ਬਾਹਰ ਬਣੀ ਛੋਟੀ ਪ੍ਰੀਕਰਮਾ ਵਿਚੋਂ ਉੱਪਰਲੀ ਮੰਜ਼ਿਲ ਨੂੰ ਜਾਣ ਲਈ ਪੌੜੀਆਂ ਵੀ ਬਿਲਕੁਲ ਉਵੇਂ ਹੀ ਅਤੇ ਉਸੇ ਥਾਂ ਤੋਂ ਚੜ੍ਹਦੀਆਂ ਹਨ ਜਿੱਥੋਂ ਸ੍ਰੀ ਦਰਬਾਰ ਸਾਹਿਬ ਵਿਚੋਂ ਚੜ੍ਹਦੀਆਂ ਹਨ, ਭਾਵ ‘ਹਰਿ ਕੀ ਪਉੜੀ’ ਦੇ ਸੱਜਿਉਂ ਅਤੇ ਖੱਬਿਉਂ।

ਇਸ ਗੁਰਦੁਆਰਾ ਸਾਹਿਬ ਦੀ ਪ੍ਰੀਕਰਮਾ ਦੇ ਦੁਆਲੇ ਚਾਰੇ ਬੰਨੇ ਅਜੇ ਚਾਰਦੀਵਾਰੀ ਕੀਤੀ ਹੋਈ ਹੈ, ਹਾਲਾਂਕਿ ਇਹ ਆਰਜ਼ੀ ਜਾਪਦੀ ਹੈ। ਇਸ ਚਾਰਦੀਵਾਰੀ ਦੇ ਬਾਹਰਲੇ ਪਾਸੇ ਚਾਰਾਂ ਕਿਨਾਰਿਆਂ ’ਤੇ ਚਾਰ ਬੁੰਗਾਨੁਮਾ ਕਮਰੇ ਬਣੇ ਹੋਏ ਹਨ ਹਾਲਾਂਕਿ ਇਹ ਸ੍ਰੀ ਦਰਬਾਰ ਸਾਹਿਬ ਦੇ ਬੁੰਗਿਆਂ ਦੇ ਮੁਕਾਬਲੇ ਕੁਝ ਵੀ ਨਹੀਂ ਹਨ।

1967 ਤੋਂ……..
ਇਹ ‘ਦਰਬਾਰ ਸਾਹਿਬ’ ਬਨਾਉਣ ਦਾ ਕੰਮ ਅਸਲ ਵਿਚ 1967 ਤੋਂ ਸ਼ੁਰੂ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ 42 ਸਾਲਾਂ ਵਿਚ ਇਸ ਗੁਰਦੁਆਰੇ ਬਾਰੇ ਵਿਵਾਦ ਕੇਵਲ ਦੋ ਵਾਰ ਉੱਠਿਆ ਹੈ। ਪਹਿਲਾਂ 1993 94 ਵਿਚ, ਭਾਵ ਲਗਪਗ 26 27 ਸਾਲ ਬਾਅਦ ਅਤੇ ਹੁਣ 42 ਸਾਲ ਬਾਅਦ।

ਪ੍ਰਬੰਧਕਾਂ ਦਾ ਦਾਅਵਾ ਹੈ ਕਿ 1967 ਵਿਚ ਇਸ ‘ਦਰਬਾਰ ਸਾਹਿਬ’ ਦਾ ਨੀਂਹ ਪੱਥਰ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਵਰਗੀ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਦੇ ਉਸ ਵੇਲੇ ਦੇ ਪ੍ਰਧਾਨ, ਬਿਹੰਗਮ ਸੰਸਥਾ ਦੇ ਮੁਖੀ ਸੰਤ ਬਚਨ ਸਿੰਘ, ਸੰਤ ਵਰਿਆਮ ਸਿੰਘ, ਸੰਤ ਜਗਤ ਸਿੰਘ ਧਨੌਲਾ, ਸੰਤ ਕਾਹਨ ਸਿੰਘ ਧਨੌਲਾ, ਸੰਤ ਸੁੱਚਾ ਸਿੰਘ, ਸੰਤ ਆਸਾ ਸਿੰਘ, ਸੰਤ ਨਾਹਰ ਸਿੰਘ ਅਤੇ ਸੰਤ ਧਰਮ ਸਿੰਘ ਆਦਿ ਦੀ ਹਾਜ਼ਰੀ ਵਿਚ ਰੱਖਿਆ ਗਿਆ ਸੀ।

ਯਾਦ ਰਹੇ ਕਿ 1993 94 ਵਿਚ ਵੀ ਇਸ ‘ਦਰਬਾਰ ਸਾਹਿਬ’ ਦਾ ਵਿਵਾਦ ਗਰਮਾਇਆ ਸੀ ਅਤੇ ਉਸਤੋਂ ਬਾਅਦ ਇਸ ਤੇ ਕੰਮ ਬੰਦ ਕਰ ਦਿੱਤਾ ਗਿਆ ਸੀ ਹਾਲਾਂ ਕਿ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਉਸ ਵੇਲੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਆਪ ਮੌਕਾ ਵੇਖ ਕੇ ਇਹ ਕਿਹਾ ਸੀ ਕਿ ‘ਦਰਬਾਰ ਸਾਹਿਬ’ ਦੇ ਸਰੋਵਰ ਵਿਚਕਾਰ ਬਣਾਏ ਗਏ ਢਾਂਚੇ ਨੂੰ ਵੱਖਰਾ ਰੂਪ ਦੇਣ ਲਈ ਇਸ ਦੇ ਤਿੰਨ ਪਾਸੇ ਬਰਾਂਡੇ ਬਣਾਏ ਜਾਣ ਅਤੇ ਜਿੰਨੀ ਦੇਰ ਬਰਾਂਡੇ ਨਹੀਂ ਬਣਦੇ ਉਨੀ ਦੇਰ ਅੱਗੋਂ ਕੰਮ ਸ਼ੁਰੂ ਨਾ ਕੀਤਾ ਜਾਵੇ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ‘ਦਰਬਾਰ ਸਾਹਿਬ’ ਦੇ ਢਾਂਚੇ ਦਾ ਕੋਈ ਵੀ ਹੋਰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਹ ਬਰਾਂਡੇ ਅਵੱਸ਼ ਬਣਾਏ ਜਾਣਗੇ।

ਇਸ ਵੇਲੇ..
ਇਸ ਵੇਲੇ ਵੀ ‘ਦਰਬਾਰ ਸਾਹਿਬ’ ਦੇ ਅੰਦਰ ਰੋਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਅੱਜ ਜਿਸ ਵੇਲੇ ‘ਅਜੀਤ’ ਦੀ ਟੀਮ ਇੱਥੇ ਪੁੱਜੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ। ਪੁੱਛੇ ਜਾਣ ’ਤੇ ਦੱਸਿਆ ਗਿਆ ਕਿ ਰੋਜ਼ ਸਵੇਰੇ ਪ੍ਰਕਾਸ਼ ਕੀਤਾ ਜਾਂਦਾ ਹੈ ਅਤੇ ਸ਼ਾਮ ਨੂੰ ਗੁਰੂ ਸਾਹਿਬ ਦੀ ਸਵਾਰੀ ਵਾਪਿਸ ਇਸ ‘ਦਰਬਾਰ ਸਾਹਿਬ’ ਤੋਂ ਬਾਹਰ ਨਿਸਚਿਤ ਸਥਾਨ ’ਤੇ ਸੁਖਆਸਨ ਲਈ ਲੈ ਜਾਈ ਜਾਂਦੀ ਹੈ।

ਇਸ ਵੇਲੇ 27 ਅਪ੍ਰੈਲ ਨੂੰ ਸੋਧੀ ਗਈ ਕਾਰ ਸੇਵਾ ਲਈ ਅਰਦਾਸ ਦੇ ਮੱਦੇਨਜ਼ਰ ਸੰਗਤਾਂ ਵੱਲੋਂ ਕਾਰ ਸੇਵਾ ਕੀਤੀ ਜਾ ਰਹੀ ਹੈ। ਦੱਸਿਆ ਗਿਆ ਕਿ ਪਹਿਲਾਂ ਸਰੋਵਰ ਵਾਲੀ ਥਾਂ ਵਿਚੋਂ ਗਾਰ ਕੱਢੀ ਗਈ ਹੈ ਅਤੇ ਹੁਣ ਸਾਰੇ ਸਰੋਵਰ ਵਿਚ ਟਰਾਲੀਆਂ ਰਾਹੀਂ ਲਿਆ ਕੇ ਰੇਤਾ ਪਾਈ ਜਾ ਰਹੀ ਹੈ।

ਇਸ ਦੇ ਨਾਲ ਹੀ ਸਰੋਵਰ ਵਿਚ ਰਹਿਣ ਵਾਲੇ ਪਾਣੀ ਤੋਂ ਇਮਾਰਤ ਦੇ ਬਚਾਅ ਲਈ ‘ਟੁਕੜੀਆਂ’ ਲਾਉਣ ਦਾ ਕੰਮ ਸ਼ੁਰੂ ਹੈ ਅਤੇ ਸਰੋਵਰ ਦੀਆਂ ਪੌੜੀਆਂ ’ਤੇ ਸੰਗਮਰਮਰ ਲਾਉਣ ਦਾ ਕੰਮ ਵੀ ਜਾਰੀ ਹੈ। ਪ੍ਰੀਕਰਮਾ ਦੇ ਸੱਜੇ ਹੱਥ ਸਰੋਵਰ ਦੇ ਵਿਚ ਹੀ ਇਸ਼ਨਾਨ ਘਰ ਬਣਾਏ ਜਾ ਰਹੇ ਹਨ ਅਤੇ ਸਰੋਵਰ ਵਿਚ ਪ੍ਰੀਕਰਮਾ ਤੋਂ ਲਗਪਗ 15 ਫੁੱਟ ਅੰਦਰ ਦੀਵਾਰ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਦਾ ਦਾਅਵਾ ਹੈ ਕਿ ਲਗਪਗ ਡੇਚ ਮਹੀਨੇ ਵਿਚ ਸਰੋਵਰ ਦੀ ਕਾਰ

ਸੇਵਾ ਦਾ ਕੰਮ ਮੁਕੰਮਲ ਹੋ ਜਾਣਾ ਹੈ ਜਿਸ ਮਗਰੋਂ ਸਰੋਵਰ ਵਿਚ ਪਾਣੀ ਛੱਡ ਦਿੱਤਾ ਜਾਵੇਗਾ।
ਵਰਨਣਯੋਗ ਹੈ ਕਿ ਕਾਰਸੇਵਾ ਮੁੜ ਸ਼ੁਰੂ ਕਰਨ ਬਾਰੇ 27 ਅਪ੍ਰੈਲ ਨੂੰ ਨੇੜਲੇ ਪਿੰਡ ਕਾਂਝਲਾ ਸਾਹਿਬ ਵਿਖੇ ਕੀਤੀ ਇਕੱਤਰਤਾ ਵਿਚ ਇਕ ਮਤਾ ਪਾਸ ਕੀਤਾ ਗਿਆ ਸੀ। ਪ੍ਰਬੰਧਕਾਂ ਦਾ ਇਹ ਵੀ ਦਾਅਵਾ ਹੈ ਕਿ ਇਸ ਸਾਰੇ ਕਾਰਜ ਨੂੰ ਸ਼੍ਰੋਮਣੀ ਅਕਾਲੀ ਦਲ ਅੰÇ੍ਰਮਤਸਰ ਦੀ ਹਮਾਇਤ ਪ੍ਰਾਪਤ ਹੈ ਅਤੇ ਕਾਰ ਸੇਵਾ ਦਾ ਟੱਕ ਲਾਉਣ ਵੇਲੇ ਇਸ ਪਾਰਟੀ ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਆਪ ਹਾਜ਼ਰ ਸਨ।

ਇਸ ਸੰਬੰਧੀ ਹੀ ਅੱਜ ਫ਼ੋਨ ’ਤੇ ਗੱਲ ਕਰਦਿਆਂ ਅਕਾਲੀ ਦਲ ਅੰÇ੍ਰਮਤਸਰ ਦੇ ਜਨਰਲ ਸਕੱਤਰ ਸ: ਗੁਰਨਾਮ ਸਿੰਘ ਔਲਖ ਨੇ ਵੀ ਦਾਅਵਾ ਕੀਤਾ ਕਿ ਇਹ ‘ਦਰਬਾਰ ਸਾਹਿਬ’ ਅੰਮ੍ਰਿਤਸਰ ਵਾਲੇ ਦਰਬਾਰ ਸਾਹਿਬ ਦੀ ਨਕਲ ਨਹੀਂ ਹੈ ਅਤੇ ਇਸ ਕਾਰਜ ਨੂੰ ਉਨ੍ਹਾ ਦੀ ਪਾਰਟੀ ਦੀ ਹਮਾਇਤ ਪ੍ਰਾਪਤ ਹੈ।

ਕਿਉਂ ਬਣਾਇਆ ਗਿਆ?
ਇਹ ਦਰਬਾਰ ਸਾਹਿਬ ਕਿਉਂ ਬਣਾਇਆ ਗਿਆ? ਹੁਣ ਉੱਠ ਰਹੇ ਇਸ ਸਵਾਲ ਦਾ ਜਵਾਬ ਦਿੰਦਿਆਂ ਗੁਰਦੁਆਰਾ ਅੰਗੀਠਾ ਸਾਹਿਬ ਦੇ ਜਨਰਲ ਸਕੱਤਰ ਸ: ਜਗਜੀਤ ਸਿੰਘ ਅਤੇ ਇਸ ਘਰ ਨਾਲ ਜੁੜੇ ਸ਼ਰਧਾਲੂ ਅਤੇ ਪ੍ਰਬੰਧਕਾਂ ਵਿਚੋਂ ਇਕ ਸ੍ਰੀ ਵਿਜੇ ਕੁਮਾਰ ਅੱਗਰਵਾਲ, ਐਡਵੋਕੇਟ ਨੇ ਦੱਸਿਆ ਕਿ 1927 ਵਿਚ ਗੁਰਪੁਰੀ ਸਿਧਾਰ ਗਏ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ ਆਪਣੇ ਜੀਵਨ ਕਾਲ ਵਿਚ ਉਸ ਵੇਲੇ ਉਨ੍ਹਾਂ ਦੇ ਗੜਵਈ ਸੰਤ ਬਾਬਾ ਸੁੱਚਾ ਸਿੰਘ ਨਾਲ ਇਸੇ ਅਸਥਾਨ ’ਤੇ ਸ਼ਾਮ ਦੇ ਸਮੇਂ ਟਹਿਲ ਰਹੇ ਸਨ ਤਾਂ ਉਨ੍ਹਾਂ ਨੇ ਸੰਤ ਸੁੱਚਾ ਸਿੰਘ ਨੂੰ ਪੁੱਛਿਆ ਕਿ ਅਸੀਂ ਇਸ ਵੇਲੇ ਕਿੱਥੇ ਵਿਚਰਦੇ ਹਾਂ?

ਇਸ ਦੇ ਸੰਤ ਅਤਰ ਸਿੰਘ ਦੀ ਮਰਜ਼ੀ ਮੁਤਾਬਿਕ ਜਵਾਬ ਨਾ ਮਿਲਣ ’ਤੇ ਸੰਤ ਅਤਰ ਸਿੰਘ ਹੁਰਾਂ ਨੇ ਸੰਤ ਸੁੱਚਾ ਸਿੰਘ ਦੀ ਬੇਨਤੀ ’ਤੇ ਦੱਸਿਆ ਕਿ ਇਸ ਵੇਲੇ ਅਸੀਂ ਮਾਲਵੇ ਦੇ ਅੰਮ੍ਰਿਤਸਰ ਵਿਚ ਵਿਚਰਦੇ ਹਾਂ। ਐਡਵੋਕੇਟ, ਅੱਗਰਵਾਲ ਦਾ ਕਹਿਣਾ ਹੈ ਕਿ ਇਸੇ ਗੱਲ ਨੂੰ ਅਧਾਰ ਬਣਾ ਕੇ ਹੀ ਇੱਥੇ ‘ਦਰਬਾਰ ਸਾਹਿਬ’ ਦੇ ਨਿਰਮਾਣ ਦਾ ਫ਼ੈਸਲਾ ਲਿਆ ਗਿਆ ਹੋਏਗਾ।

ਉਨ੍ਹਾਂ ਦਾ ਤਰਕ ਹੈ ਕਿ ਮੌਜੂਦਾ ਲੋਕਾਂ ਨੇ ਤਾਂ ਇਹ ‘ਦਰਬਾਰ ਸਾਹਿਬ’ ਬਣਾਇਆ ਨਹੀਂ। ਜਿਨ੍ਹਾਂ ਲੋਕਾਂ ਨੇ ਬਣਾਇਆ ਸੀ, ਉਹ ਵੀ ਰੱਬੀ ਲੋਕ ਸਨ ਅਤੇ ਉਨ੍ਹਾਂ ਨੇ ਵੀ ਰੱਬੀ ਪ੍ਰੇਰਣਾ ਸਦਕਾ ਹੀ ਇਹ ‘ਦਰਬਾਰ ਸਾਹਿਬ’ ਬਣਵਾਇਆ ਸੀ, ਸੋ ਕਿਸੇ ਮਹਾਂਪੁਰਸ਼ ਵੱਲੋਂ ਪਹਿਲਾਂ ਬਣਾਈ ਇਮਾਰਤ ’ਤੇ ਨਾ ਤਾਂ ਕਿਸੇ ਨੂੰ ਇਤਰਾਜ਼ ਹੋਣਾ ਚਾਹੀਦਾ ਹੈ ਅਤੇ ਨਾ ਹੀ ਇਸ ਨੂੰ ਹਟਾਉਣ ਬਾਰੇ ਸੋਚਿਆ ਜਾਣਾ ਚਾਹੀਦਾ ਹੈ।

ਉਨ੍ਹਾਂ ਦਾ ਦਾਅਵਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਬਾ ਸਮਾਂ ਪ੍ਰਧਾਨ ਰਹੇ ਜਥੇਦਾਰ ਗੁਰਚਰਨ ਸਿੰਘ ਟੌਹੜਾ, ਤਖ਼ਤ ਸਾਹਿਬਾਨ ਦੇ ਕਈ ਜਥੇਦਾਰ ਅਤੇ ਗ੍ਰੰਥੀ ਸਾਹਿਬਾਨ ਤੋਂ ਇਲਾਵਾ ਕਈ ਪੰਥਕ ਆਗੂ ਇਸ ਜਗ੍ਹਾ ਆਉਂਦੇ ਰਹੇ ਹਨ ਅਤੇ ਉਨ੍ਹਾਂ ਨੇ ਇਸ ਅਸਥਾਨ ਦੇ ਬਣੇ ਹੋਣ ਦੇ ਬਾਵਜੂਦ ਕਦੇ ਇਤਰਾਜ਼ ਨਹੀਂ ਜਤਾਇਆ, ਤਾਂ ਫ਼ਿਰ ਹੁਣ ਇਤਰਾਜ਼ ਕਿਉਂ?

Share News / Article

Yes Punjab - TOP STORIES