550ਵੇਂ ਪ੍ਰਕਾਸ਼ ਪੁਰਬ ਦੇ ਮੁੱਖ ਧਾਰਮਿਕ ਸਮਾਗਮ ਦੇ ਅਖ਼ਤਿਆਰ ਅਕਾਲ ਤਖ਼ਤ ਸਾਹਿਬ ਨੂੰ ਸੌਂਪੇ ਜਾਣ: ਬੀਰ ਦਵਿੰਦਰ ਸਿੰਘ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਯੈੱਸ ਪੰਜਾਬ

ਪਟਿਆਲਾ, 9 ਅਕਤੂਬਰ, 2019 –

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨਾਲ ਸਬੰਧਤ ਪ੍ਰਬੰਧਾਂ ਨੂੰ ਲੈ ਕੇ, ਜਿਸਤਰ੍ਹਾਂ ਦੇ ਪਰਸਪਰ ਵਿਰੋਧੀ ਅਸ਼ੋਭਨੀਕ ਬਿਆਨ ਹਰ ਰੋਜ਼, ਕੇਂਦਰੀ ਮੰਤਰੀ ਹਰ ਸਿਮਰਤ ਕੌਰ ਬਾਦਲ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌੰਗੋਵਾਲ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਵੱਲੋਂ ਮੀਡੀਏ ਵਿੱਚ ਆ ਰਹੇ ਹਨ, ਉਸ ਨਾਲ ਪਵਿੱਤਰ ਪ੍ਰਕਾਸ਼ ਦਿਹਾੜੇ ਦੀ ਤੇਜ ਪ੍ਰਤਾਪੀ ਮਹਿਮਾ ਨੂੰ ਵੱਡੀ ਢਾਅ ਲੱਗ ਰਹੀ ਹੈ।

ਦੁੱਖ ਦੀ ਗੱਲ ਹੈ ਕਿ ਜਿਵੇਂ-ਜਿਵੇਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਨੇੜੇ ਆ ਰਿਹਾ ਹੈ ਤਿਵੇਂ-ਤਿਵੇਂ 550ਵੇਂ ਪ੍ਰਕਾਸ਼ ਦਿਹਾੜੇ ਦੀ ਸ਼ੋਭਾ ਉੱਤੇ ਬਾਦਲ ਪਰਿਵਾਰ ਦੇ ‘ਬੇਹੂਦਾ ਨਿੱਜਵਾਦ’ ਦਾ ਸਿੱਧਾ ਟਕਰਾਓ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ‘ਨਿਰੰਕੁਸ਼ ਹਉਮੈਵਾਦ’ ਨਾਲ ਪ੍ਰਗਟ ਰੂਪ ਵਿੱਚ ਦੇਖਿਆ ਜਾ ਰਿਹਾ ਹੈ, ਇਸ ਬੇਲੋੜੇ ਟਕਰਾਓ ਵਿੱਚੋਂ, ਇੱਕ ਨਿਰਾਸ਼ਾਵਾਦੀ ਤਸਵੀਰ ਦੀ ਝਲਕ ਨਜ਼ਰ ਆ ਰਹੀ ਹੈ।

ਦੋਵੇਂ ਹੀ ਧਿਰਾਂ, ਗੁਰੂ ਨਾਨਕ ਸਾਹਿਬ ਦੇ ਨਿਮਰਤਾ ਅਤੇ ਧੀਰਜ ਦੇ ਸਿਧਾਂਤ ਨੂੰ ਭੁੱਲ ਕੇ ਆਪਣੀ ਖੁਦਗਰਜ਼ੀ ਤੇ ਪਹਿਰਾ ਦਿੰਦੀਆਂ ਨਜ਼ਰ ਆ ਰਹੀਆਂ ਹਨ, ਅਜਿਹੇ ਭੱਦੇ ਟਕਰਾਓ ਨਾਲ ਸਿੱਖ ਸੰਗਤਾਂ ਦੇ ਮਨਾਂ ਵਿੱਚ ਅਸ਼ੰਕੇ ਪੈਦਾ ਹੋ ਰਹੇ ਹਨ ਅਤੇ ਉਨ੍ਹਾਂ ਦੀ ਮਾਨਸਿਕ ਪੀੜਾ ਵਧ ਰਹੀ ਹੈ।

ਇੱਕ ਗੱਲ ਤਾਂ ਸਭ ਨੂੰ ਮੰਨਣੀ ਬਣਦੀ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ, ਦੋਵੇਂ ਹੀ ਕਾਨੂੰਨ ਦਵਾਰਾ ਸਥਾਪਿਤ, ਪ੍ਰਬੰਧਕੀ ਏਜੰਸੀਆਂ ਹਨ ਅਤੇ ਦੋਵਾਂ ਦੇ ਹੀ ਆਪਣੇ-ਆਪਣੇ ਨਿਸ਼ਚਿਤ ਅਧਿਕਾਰ ਖੇਤਰ ਹਨ, ਪਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨਾਲ ਸਬੰਧਤ ਪ੍ਰਬੰਧਾਂ ਨੂੰ ਲੈ ਕੇ ਦੋਵੇਂ ਧਿਰਾਂ ਆਪਣੇ ਬਣਦੇ ਸੀਮਤ ਅਧਿਕਾਰਾਂ ਦਾ ਉਲੰਘਣ ਕਰਕੇ, 550ਵੇਂ ਪ੍ਰਕਾਸ਼ ਦਿਹਾੜੇ ਦੇ ਧਾਰਮਿਕ ਪਹਿਲੂ ਦੀ ਦਿੱਖ ਤੇ ਕਾਬਜ਼ ਹੋਣ ਲਈ ਤਰਲੋ-ਮੱਛੀ ਹੋ ਰਹੀਆਂ ਹਨ ਜੋ ਕਿ ਗੁਰੂ ਨਾਨਕ ਸਾਹਿਬ ਦੇ ਫਲਸਫ਼ੇ ਦੀ ਦ੍ਰਿਸ਼ਟੀ ਦੇ ਅੰਤਰਗਤ, ਅਜਿਹੇ ਵਰਤਾਰੇ ਕਤੱਈ ਸ਼ੋਭਨੀਕ ਰਵੱਈਆ ਨਹੀਂ ਹੈ।

ਇਸ ਅਸ਼ੋਭਨੀਕ ਕਸ਼ਮਕਸ਼ ਦੀ ਬਜਾਏ, ਚੰਗਾ ਏਹੋ ਹੋਵੇਗਾ ਕਿ ਪ੍ਰਕਾਸ਼ ਪੁਰਬ ਦੀ ਸ਼ੋਭਾ ਅਤੇ ਸਿੱਖ ਕੌਮ ਦੇ ਵਡੇਰੇ ਹਿੱਤਾਂ ਨੂੰ ਮੁਖ ਰਖਦੇ ਹੋੲ, ਸ੍ਰੀ ਅਕਾਲ ਤਖਤ ਸਾਹਿਬ, ਮਰਿਆਦਾ ਅਨੁਸਾਰ ਆਪਣੀ ਬਣਦੀ ਭੂਮਿਕਾ ਤੁਰੰਤ ਨਿਭਾਊਣ ਅਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨਾਲ ਸਬੰਧਤ, ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾ ਰਹੇ।

ਮੁੱਖ ਧਾਰਮਿਕ ਸਮਾਗਮ ਦੇ ਸਾਰੇ ਪ੍ਰਬੰਧ ਸਿੱਧੇ ਤੌਰ ਤੇ ਆਪਣੇ ਹੱਥ ਵਿੱਚ ਲੈ ਲੈਣ ਅਤੇ ਇਨ੍ਹਾਂ ਪ੍ਰਬੰਧਾਂ ਸਬੰਧੀ ਕਿਸੇ ਕਿਸਮ ਦੀ ਵਿਵਾਦਤ ਬਿਆਨਬਾਜ਼ੀ ਤੇ ਤੁਰੰਤ ਧਾਰਮਿਕ ਪਾਬੰਦੀ ਲਾ ਦਿੱਤੀ ਜਾਵੇ, ਇਸ ਪਾਬੰਦੀ ਦੀ ਉਲੰਘਣਾ ਕਰਨ ਵਾਲੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਨੁਸਾਰ ਦੰਡਿਤ ਕੀਤਾ ਜਾਵੇ।

ਇਹ ਨਿਰਨਾ ਵੀ ਸਿੱਖ ਤਖਤਾਂ ਦੀ ਸਮੁੱਚੀ ਦਾਨਾਈ ਤੇ ਛੱਡ ਦੇਵਾ ਚਾਹੀਦਾ ਹੈ ਕਿ ਮੁੱਖ ਧਾਰਮਿਕ ਸਮਾਗਮ ਨੂੰ ਕੌਣ ਸੰਬੋਧਨ ਕਰੇਗਾ ਤੇ ਕੌਣ ਨਹੀਂ ਕਰੇਗਾ, ਤਦ ਹੀ ਪ੍ਰਕਾਸ਼ ਪੁਰਬ ਦੀ ਸ਼ੋਭਾ ਨੂੰ ਬਾਦਲ ਪਰਿਵਾਰ ਅਤੇ ਅਮਰਿੰਦਰ ਸਿੰਘ ਦੀ, ਸਸਤੀ ਸ਼ੋਹਰਤ ਬਟੋਰਨ ਦੀ ਹੰਕਾਰੀ ਕਸ਼ਮਕਸ਼ ਦੇ ਸਿਆਹ ਪ੍ਰਛਾਵਿਆਂ ਤੋਂ ਬਚਾਇਆ ਜਾ ਸਕਦਾ ਹੈ।


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •