35.1 C
Delhi
Saturday, April 20, 2024
spot_img
spot_img

ਸੁਣ ਲਓ ਕਾਂਗੜ ਸਾਹਬ ਦੀ, ਅਖ਼ੇ ਜਿਹੜੇ ਪੁਲਿਸ ਨੇ ਕੁੱਟੇ, ਉਹ ਨਸ਼ੇੜੀ ਸਨ

ਯੈੱਸ ਪੰਜਾਬ
ਚੰਡੀਗੜ੍ਹ, 28 ਮਾਰਚ, 2020:

ਪੰਜਾਬ ਪੁਲਿਸ ਦੇ ਹੱਥੋਂ ਪਹਿਲਾਂ ਲਾਕਡਾਊਨ ਅਤੇ ਫ਼ਿਰ ਕਰਫ਼ਿਊ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਬੇਰਹਿਮੀ ਨਾਲ ਕੁੱਟੇ ਗਏ ਲੋਕਾਂ ਬਾਰੇ ਪੰਜਾਬ ਦੇ ਮਾਲ ਮੰਤਰੀ ਸ: ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਕੀਤੀ ਗਈ ਟਿੱਪਣੀ ਨੇ ਇਕ ਨਵਾਂ ਵਿਵਾਦ ਖ਼ੜ੍ਹਾ ਕਰ ਦਿੱਤਾ ਹੈ। ਉਹਨਾਂ ਨੇ ਕੁੱਟੇ ਗਏ ਸਾਰੇ ਹੀ ਲੋਕਾਂ ਨੂੰ ਨਸ਼ੇੜੀ ਗਰਦਾਨ ਦਿੱਤਾ ਹੈ।

ਹਾਲਾਂਕਿ ਵੱਖ ਵੱਖ ਹਲਕਿਆਂ ਵੱਲੋਂ ਪੁਲਿਸ ਦੇ ਇਸ ਰਵੱਈਏ ਦੀ ਭਾਰੀ ਅਲੋਚਨਾ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪ ਦਖ਼ਲ ਦਿੰਦੇ ਹੋਏ ਪੁਲਿਸ ਨੂੰ ਮਨੁੱਖ਼ੀ ਅਤੇ ਸੰਵੇਦਨਸ਼ੀਲ ਰਵੱਈਆ ਅਪਨਾਉਣ ਦਾ ਸੱਦਾ ਦਿੰਦਿਆਂ ਬੇਰਹਿਮੀ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕਰਨ ਦੇ ਹੁਕਮ ਦਿੱਤੇ ਸਨ ਪਰ ਸ: ਕਾਂਗੜ ਵੱਲੋਂ ਇਸ ਬਾਰੇ ਇਕ ਵੱਖਰਾ ਹੀ ਬਿਆਨ ਦਿੱਤਾ ਗਿਆ ਹੈ।

ਸ: ਕਾਂਗੜ ਨੇ ਬਠਿੰਡਾ ਦੇ ਕਸਬਾ ਭਗਤਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਕਾਂਗੜਨੇ ਪੁਲਿਸ ਐਕਸ਼ਨ ਨੂੰ ਜਾਇਜ਼ ਠਹਿਰਾਇਆ। ਉਨ੍ਹਾਂ ਕਿਹਾ ਕਿ ਪੁਲਿਸ ਨੇ ਕਿਸੇ ਵੀ ਸਮਝਦਾਰ ਵਿਅਕਤੀ ਨੂੰ ਨਹੀਂ ਕੁੱਟਿਆ ਅਤੇ ਜਿਹੜੇ ਕੁੱਟੇ ਗਏ ਹਨ ਉਹ ਨਸ਼ੇੜੀ ਸਨ।

ਐਤਵਾਰ ਦੇ ਅੰਗਰੇਜ਼ੀ ਅਖ਼ਬਾਰ ਟਾਈਮਜ਼ ਆਫ਼ ਇੰਡੀਆ ਵੱਲੋਂ ਛਾਪੀ ਗਈ ਇਕ ਰਿਪੋਰਟ ਅਨੁਸਾਰ ਸ: ਕਾਂਗੜ ਨੇ ਭਗਤਾ ਵਿਖ਼ੇ ਗੱਲਬਾਤ ਕਰਦਿਆਂ ਕੇਵਲ ਇਹ ਹੀ ਨਹੀਂ ਕਿਹਾ ਸਗੋਂ ਉਹਨਾਂ ਇਹ ਵੀ ਕਿਹਾ ਕਿ ‘‘ਇਹਨਾਂ ਨਸ਼ੇੜੀਆਂ ਨੇ ਚੱਪਲਾਂ ਪਾਈਆਂ ਹੋਈਆਂ ਸਨ ਅਤੇ ਉਨ੍ਹਾਂ ਦੇ ਗਿੱਟੇ ਕਾਲੇ ਪਏ ਹੋਏ ਸਨ। ਇਹਨਾਂ ਵਿਚੋਂ ਕਈਆਂ ਨੇ ਤਾਂ ਕਮੀਜ਼ਾਂ ਵੀ ਨਹੀਂ ਪਾਈਆਂ ਹੋਈਆਂ ਸਨ।’’

ਸ੍ਰੀ ਕਾਂਗੜ ਦੇ ਉਕਤ ਬਿਆਨ ਤੋਂ ਬਾਅਦ ਉਹ ਲੋਕ ਹੈਰਾਨ ਹਨ ਜਿਨ੍ਹਾਂ ਨੇ ਪੁਲਿਸ ਵੱਲੋਂ ਕੀਤੀ ਕੁੱਟਮਾਰ ਦੇ ਵੀਡੀਓ ਵੇਖ਼ੇ ਹਨ ਜਿਨ੍ਹਾਂ ਵਿਚ ਆਮ ਲੋਕਾਂ ਨੂੰ ਨਿਸ਼ਾਨਾ ਬਣਦਿਆਂ ਵਿਖ਼ਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਕੁੱਟਣ ਵਾਲੇ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਵੀ ਇਹ ਦਾਅਵਾ ਨਹੀਂ ਕਰ ਰਹੇ ਕਿ ਉਹ ਨਸ਼ੇ ਵਿਚ ਹਨ।

ਪਹਿਲਾਂ ਅਣਮਨੁੱਖੀ ਕੁੱਟਮਾਰ ਕੀਤੇ ਜਾਣ ਅਤੇ ਫ਼ਿਰ ਉਨ੍ਹਾਂ ਦੀ ਵੀਡੀਉ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੇ ਜਾਣ ਦੇ ਵਰਤਾਰੇ ਦਾ ਸੰਤਾਪ ਅਤੇ ਨਮੋਸ਼ੀ ਹੰਢਾ ਰਹੇ ਲੋਕਾਂ ਲਈ ਇਹ ਹੋਰ ਵੀ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਨ ਵਾਲੀ ਗੱਲ ਹੈ ਕਿ ਪੁਲਿਸ ਵੱਲੋਂ ਕੀਤੇ ਧੱਕੇ ਦੇ ਸੰਬੰਧ ਵਿਚ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦੀ ਗੱਲ ਕਰਨ ਦੀ ਜਗ੍ਹਾ ਰਾਜ ਦੇ ਇਕ ਕੈਬਨਿਟ ਮੰਤਰੀ ਵੱਲੋਂ ਉਨ੍ਹਾਂ ਨੂੰ ਸਿੱਧੇ ਤੌਰ ’ਤੇ ਨਸ਼ੇੜੀ ਹੋਣ ਦਾ ਖ਼ਿਤਾਬ ਦੇ ਦਿੱਤਾ ਗਿਆ ਹੈ।

ਇਸ ਸੰਬੰਧੀ ਸ: ਕਾਂਗੜ ਦਾ ਪੱਖ ਜਾਨਣ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੇ ਬਿਆਨ ’ਤੇ ਖੜ੍ਹੇ ਹਨ ਕਿ ਪੁਲਿਸ ਵੱਲੋਂ ਕੁੱਟੇ ਗਏ ਲੋਕ ਨਸ਼ੇੜੀ ਹੀ ਸਨ ਨਾ ਕਿ ਕੋਈ ਆਮ ਸੰਜੀਦਾ ਵਿਅਕਤੀ ਸਨ। ਹਾਲਾਂਕਿ ਪੁਲਿਸ ਨੇ ਕਿਤੇ ਵੀ ਇਹ ਦਾਅਵਾ ਨਹੀਂ ਕੀਤਾ ਪਰ ਸ: ਕਾਂਗੜ ਨੇ ਫ਼ਿਰ ਇਹ ਦਾਅਵਾ ਕੀਤਾ ਕਿ ਪੁਲਿਸ ਨੇ ਇਹਨਾਂ ਲੋਕਾਂ ਦੀ ‘ਬਾਡੀ ਲੈਂਗੁਏਜ’ ਵੇਖ਼ ਕੇ ਅਤੇ ਉਹਨਾਂ ਦੀ ਨਸ਼ੇੜੀਆਂ ਵਜੋਂ ਪਛਾਣ ਕਰਕੇ ਹੀ ਉਨ੍ਹਾਂ ਨੂੰ ਕੁੱਟਿਆ ਸੀ।


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION