MP ਸੁਸ਼ੀਲ ਰਿੰਕੂ ਵੱਲੋਂ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ
ਯੈੱਸ ਪੰਜਾਬ
ਜਲੰਧਰ, 29 ਅਗਸਤ, 2023:
ਲੜਕੀਆ ਦੇ ਵਰਗ ਵਿਚ ਤਜ਼ਰਬੇਕਾਰ ਰੇਲ ਕੋਚ ਫੈਕਟਰੀ, ਕਪੂਰਥਲਾ/ ਸੀ.ਆਰ.ਪੀ.ਐੱਫ. ਜਲੰਧਰ ਅਤੇ ਲੜਕਿਆ ਦੇ ਵਰਗ ਵਿੱਚ ਨੌਜੁਆਨ ਪਰ ਜਝਾਰੁ ਹਾਕੀ ਜਲੰਧਰ ਦੀਆਂ ਟੀਮਾਂ ਨੇ ਸ਼ਾਨਦਾਰ ਹਾਕੀ ਦਾ ਪ੍ਰਦਰਸ਼ਨ ਕਰਦੇ ਗਾਖਲ-ਸੁਰਜੀਤ ਕੌਮੀ ਖੇਡ ਦਿਵਸ ਹਾਕੀ ਟੂਰਨਾਮੈਂਟ ਜਿੱਤਣ ਦਾ ਮਾਣ ਹਾਸਿਲ ਕੀਤਾ ਹੈ ।
ਸਥਾਨਕ ਸੁਰਜੀਤ ਹਾਕੀ ਸਟੇਡੀਅਮ, ਬਲਟਰਨ ਪਾਰਕ ਵਿਖੇ ਖੇਡੇ ਗਏ ਗਾਖਲ ਬ੍ਰਦਰਜ਼ (ਅਮਰੀਕਾ) ਵੱਲੋਂ ਸਪਾਂਸਰ ਕੀਤੇ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਦੇਸ਼ ਦੀਆਂ ਨਾਮੀ ਮਹਿਲਾ ਹਾਕੀ ਟੀਮਾਂ ਸੀ.ਆਰ.ਪੀ.ਐੱਫ. ਜਲੰਧਰ ਅਤੇ ਰੇਲ ਕੋਚ ਫੈਕਟਰੀ ਕਪੂਰਥਲਾ ਦੀਆਂ ਟੀਮਾਂ ਨੇ ਅੱਜ ਆਪਣੇ ਵਧੀਆ ਖੇਡ ਹੁਨਰ ਅਤੇ ਚੰਗੇ ਤੇਲਮੇਲ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਸਫਲਤਾ ਅਖੀਰ ਰੇਲ ਕੋਚ ਫੈਕਟਰੀ ਨੂੰ ਮਿਲੀ । ਰੇਲ ਕੋਚ ਫੈਕਟਰੀ ਨੇ ਸੀ.ਆਰ.ਪੀ.ਐੱਫ. ਜਲੰਧਰ ਨੂੰ 5-4 ਨਾਲ ਹਰਾਇਆ। ਅੱਧੇ ਸਮੇਂ ਤਕ ਰੇਲ ਕੋਚ ਫੈਕਟਰੀ 1-0 ਨਾਲ ਅੱਗੇ ਖੇਡ ਰਹੀ ਸੀ । ਜੇਤੂ ਰੇਲ ਕੋਚ ਫੈਕਟਰੀ ਲਈ ਐਸ਼ਵਰਿਆ, ਆਰ ਰੇਲਟੇ, ਤਾਨਿਆ ਅਤੇ ਪ੍ਰਿਅੰਕਾ ਨੇ ਗੋਲ ਕੀਤੇ ਜਦਕਿ ਸੀ.ਆਰ.ਪੀ.ਐਫ. ਜਲੰਧਰ ਵੱਲੋਂ ਪਿੰਕੀ ਨੇ ਗੋਲ ਕੀਤਾ।
ਲੜਕਿਆਂ ਦੇ ਵਰਗ ਵਿੱਚ ਹਾਕੀ ਜਲੰਧਰ ਨੇ ਅਲਫਾ ਹਾਕੀ, ਜਲੰਧਰ ਨੂੰ 4-0 ਨਾਲ ਹਰਾਇਆ। ਹਾਕੀ ਜਲੰਧਰ ਅੱਧੇ ਸਮੇਂ ਤੱਕ 2-0 ਨਾਲ ਅੱਗੇ ਸੀ। ਜੇਤੂਆਂ ਲਈ ਰੋਹਨ ਭੂਸ਼ਨ, ਜੋਬਨ ਪ੍ਰੀਤ ਸਿੰਘ, ਹਰਪ੍ਰੀਤ ਸਿੰਘ ਅਤੇ ਉਤਕਾਸ਼ ਸਿੰਘ ਨੇ ਗੋਲ ਕੀਤੇ। ਇਸ ਤੋਂ ਪਹਿਲਾਂ ਸਵੇਰੇ ਖੇਡੇ ਗਏ ਲੀਗ ਮੈਚਾਂ ਵਿੱਚ ਅਲਫ਼ਾ ਹਾਕੀ ਜਲੰਧਰ ਨੇ ਰਾਊਂਡ ਗਲਾਸ ਜਲੰਧਰ ਨੂੰ 7-5 ਨਾਲ ਜਦਕਿ ਹਾਕੀ ਜਲੰਧਰ ਨੇ ਬਰੌਕੀ ਜਲੰਧਰ ਨੂੰ 5-4 ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕੀਤੀ ਸੀ ।
ਡਾਕਟਰ ਸੁਨੀਤਾ ਰਿੰਕੂ, ਧਰਮਪਤਨੀ ਸੁਸ਼ੀਲ ਰਿੰਕੂ ਮੈਂਬਰ ਪਾਰਲੀਮੈਂਟ ਜਲੰਧਰ ਨੇ ਲੜਕਿਆਂ ਦੀਆਂ ਟੀਮਾਂ ਨੂੰ ਅਤੇ ਜਸਵਿੰਦਰ ਕੌਰ ਥਿਆੜਾ, ਚੇਅਰਮੈਨ, ਪੰਜਾਬ ਕੰਟੇਨਰ ਅਤੇ ਵੇਅਰਹਾਊਸਿੰਗ ਕਾਰਪੋਰੇਸ਼ਨ ਲਿਮਟਿਡ ਨੇ ਮਹਿਲਾ ਟੀਮਾਂ ਨੂੰ ਇਨਾਮ ਤਕਸੀਮ ਕੀਤੇ । ਡਾਕਟਰ ਸੁਨੀਤਾ ਰਿੰਕੂ ਨੇ ਮੈਂਬਰ ਪਾਰਲੀਮੈਂਟ ਜਲੰਧਰ ਦੀ ਤਰਫ਼ੋਂ ਸੁਰਜੀਤ ਹਾਕੀ ਸੁਸਾਇਟੀ ਨੂੰ ਹਾਕੀ ਦੀ ਤਰੱਕੀ ਲਈ ਆਪਣੇ ਅਖ਼ਤਿਆਰੀ ਫੰਡਾਂ ਵਿਚੋਂ 5.00 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ।
ਇਸ ਮੌਕੇ ਉਪਰ ਅੰਮ੍ਰਿਤ ਪਾਲ ਸਿੰਘ, ਚੈਅਰਮੈਨ, ਜ਼ਿਲ੍ਹਾ ਯੋਜਨਾ ਕਮੇਟੀ,ਜਲੰਧਰ, ਨੱਥਾ ਸਿੰਘ ਗਾਖਲ, ਸੁਭਾਸ਼ ਸ਼ਰਮਾ, ਚੈਅਰਮੈਨ ਇੰਪਰੂਵਮੈਂਟ ਟਰੱਸਟ, ਕਰਤਾਰਪੁਰ, ਸੁਰਿੰਦਰ ਸਿੰਘ ਭਾਪਾ, ਰਨਬੀਰ ਸਿੰਘ ਟੁੱਟ, ਰਾਮ ਪ੍ਰਤਾਪ, ਲਖਵਿੰਦਰਪਾਲ ਸਿੰਘ ਖਹਿਰਾ, ਇਕਬਾਲ ਸਿੰਘ ਸੰਧੂ, ਨਰਿੰਦਰ ਪਲ ਸਿੰਘ ਜੱਜ , ਓਲੰਪੀਅਨ ਰਾਜਿੰਦਰ ਸਿੰਘ, ਗੁਰਵਿੰਦਰ ਸਿੰਘ ਗੁੱਲੂ, ਰਮਣੀਕ ਸਿੰਘ ਰੰਧਾਵਾ, ਪ੍ਰਦੀਪ ਕੌਰ, ਵਗੈਰਾ ਹਾਜਿਰ ਸਨ ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ