31.1 C
Delhi
Saturday, April 20, 2024
spot_img
spot_img

ਸੁਮੇਧ ਸੈਣੀ ਹੁਣ ਕੋਟਕਪੂਰਾ ਗੋਲੀ ਕਾਂਡ ਵਿੱਚ ਵੀ ਨਾਮਜ਼ਦ

ਯੈੱਸ ਪੰਜਾਬ
ਕੋਟਕਪੂਰਾ, 11 ਅਕਤੂਬਰ, 2020:
ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਹਾਲਾਂਕਿ ਉਨ੍ਹਾਂ ਨੂੰ ਆਰਜ਼ੀ ਤੌਰ ’ਤੇ ਅਦਾਲਤਾਂ ਤੋਂ ਰਾਹਤ ਮਿਲੀ ਹੋਈ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਗਾਤਾਰ ਟਲਦੀ ਆ ਰਹੀ ਹੈ।

ਬਹਿਬਲ ਕਲਾਂ ਅਤੇ ਕੋਟਕਪੂਰਾ ਮਾਮਲਿਆਂ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਐਸ.ਆਈ.ਟੀ. ਵੱਲੋਂ ਹੁਣ ਸੁਮੇਧ ਸੈਣੀ ਨੂੰ 2015 ਦੇ ਕੋਟਕਪੂਰਾ ਗੋਲੀ ਕਾਂਡ ਨਾਲ ਸੰਬੰਧਤ 2018 ਵਿੱਚ ਦਰਜ ਕੇਸ ਵਿੱਚ ਵੀ ਨਾਮਜ਼ਦ ਕਰ ਲਿਆ ਗਿਆ ਹੈ। ਸੈਣੀ ਇਸ ਮਾਮਲੇ ਵਿੱਚ ਇਰਾਦਾ ਕਤਲ, ਅਪਰਾਧਿਕ ਸਾਜ਼ਿਸ਼ ਅਤੇ ਹਥਿਆਰ ਐਕਟ ਜਿਹੀਆਂ ਧਾਰਾਵਾਂ ਤਹਿਤ ਨਾਮਜ਼ਦ ਕੀਤੇ ਗਏ ਹਨ।

ਸੁਮੇਧ ਸੈਣੀ ਪਹਿਲਾਂ ਹੀ 1991 ਦੇ ਬਲਵੰਤ ਸਿੰਘ ਮੁਲਤਾਨੀ ਅਗਵਾ, ਲਾਪਤਾ ਕਰਨ ਦੇ ਕੇਸ ਜਿਸ ਵਿੱਚ ਹੁਣ ਧਾਰਾ 302 ਜੋੜੀ ਜਾ ਚੁੱਕੀ ਹੈ, ਵਿੱਚ ਮੁੱਖ ਦੋਸ਼ੀ ਹੋਣ ਕਾਰਨ ਵੱਡੇ ਸੰਕਟ ਵਿੱਚ ਸਨ ਨੂੰ ਇਸ ਤੋਂ ਪਹਿਲਾਂ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਵੀ ਦੋਸ਼ੀ ਦੇ ਤੌਰ ’ਤੇ ਨਾਮਜ਼ਦ ਕੀਤਾ ਜਾ ਚੁੱਕਾ ਹੈ। ਇਸ ਤਰ੍ਹਾਂ ਇਹ ਤੀਜਾ ਕੇਸ ਹੈ ਜਿਸ ਵਿੱਚ ਸੁਮੇਧ ਸੈਣੀ ਨੂੰ ਨਾਮਜ਼ਦ ਕੀਤਾ ਗਿਆ ਹੈ।

ਐਸ.ਆਈ.ਟੀ. ਨੇ ਸ਼ੁੱਕਰਵਾਰ ਨੂੰ ਬਾਕਾਇਦਾ ਇਕ ਜ਼ਿਮਨੀ ਪਾ ਕੇ ਸੈਣੀ ਨੂੰ ਕੋਟਕਪੂਰਾ ਮਾਮਲੇ ਵਿੱਚ ਨਾਮਜ਼ਦ ਕਰਨ ਦੀ ਕਾਰਵਾਈ ਪੂਰੀ ਕਰ ਲਈ ਹੈ ਅਤੇ ਇਸ ਬਾਰੇ ਅਦਾਲਤ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਯਾਦ ਰਹੇ ਕਿ ਬਹਿਬਲ ਕਲਾਂ ਅਤੇ ਕੋਟਕਪੂਰਾ ਦੋਹਾਂ ਥਾਂਵਾਂ ’ਤੇ ਬਰਗਾੜੀ ਬੇਅਦਬੀ ਕਾਂਡ ਦੇ ਖਿਲਾਫ਼ ਸ਼ਾਂਤਮਈ ਰੋਸ ਵਜੋਂ ਗੁਰਬਾਣੀ ਦਾ ਜਾਪ ਕਰ ਰਹੀਆਂ ਸੰਗਤਾਂ ਦੇ ਲੰਬੇ ਚੱਲੇ ਆ ਰਹੇ ਪ੍ਰਦਰਸ਼ਨ ਨੂੰ ਖ਼ਤਮ ਕਰਵਾਉਣ ਲਈ 14 ਅਕਤੂਬਰ, 2015 ਨੂੰ ਪੁਲਿਸ ਵੱਲੋਂ ਗੋਲੀਬਾਰੀ ਕੀਤੀ ਗਈ ਸੀ ਜਿਸ ਦੌਰਾਨ ਬਹਿਬਲ ਕਲਾਂ ਵਿੱਖੇ 2 ਸਿੰਘ ਸ਼ਹੀਦ ਹੋ ਗਏ ਸਨ ਜਦਕਿ ਕੋਟਕਪੂਰਾ ਵਿੱਚ ਚਲਾਈਆਂ ਗਈਆਂ ਗੋਲੀਆਂ ਕਾਰਨ ਸੰਗਤਾਂ ਜ਼ਖ਼ਮੀ ਹੋਈਆਂ ਸਨ।

ਉਸ ਵੇਲੇ ਰਾਜ ਦੇ ਡੀ.ਜੀ.ਪੀ. ਸੈਣੀ ’ਤੇ ਦੋਸ਼ ਇਹ ਹੈ ਕਿ ਦੋਹਾਂ ਮਾਮਲਿਆਂ ਵਿੱਚ ਗੋਲੀ ਉਨ੍ਹਾਂ ਵੱਲੋਂ ਮਿਲੇ ਆਦੇਸ਼ਾਂ ’ਤੇ ਹੀ ਚਲਾਈ ਗਈ ਸੀ ਅਤੇ ਇਸ ਮਾਮਲੇ ਵਿੱਚ ਉਹ ਰਾਜ ਦੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੇ ਸੰਪਰਕ ਵਿੱਚ ਸਨ। ਇਸ ਗੱਲ ਦੀ ਪੁਸ਼ਟੀ ਕਰਦਾ ਇਕ ਅਹਿਮ ਬਿਆਨ ਉਸ ਵੇਲੇ ਮੌਕੇ ’ਤੇ ਤਾਇਨਾਤ ਐਗਜ਼ੈਕਟਿਵ ਮੈਜਿਸਟਰੇਟ ਸ: ਹਰਜੀਤ ਸਿੰਘ ਸੰਧੂ ਦਾ ਹੈ ਜਿਨ੍ਹਾਂ ਨੇ ਐਸ.ਆਈ.ਟੀ. ਨੂੰ ਕਥਿਤ ਤੌਰ ’ਤੇ ਦੱਸਿਆ ਕਿ ਉਸ ਵੇਲੇ ਉੱਥੇ ਤਾਇਨਾਤ ਉਸ ਵੇਲੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ: ਪਰਮਰਾਜ ਸਿੰਘ ਉਮਰਾਨੰਗਲ ਲਗਾਤਾਰ ਫ਼ੋਨ ਰਾਹੀਂ ਸੈਣ ਦੀ ਸੰਪਰਕ ਵਿੱਚ ਸਨ। ਜ਼ਿਕਰਯੋਗ ਹੈ ਕਿ ਇਹ ਸੰਪਰਕ ਐਸ.ਆਈ.ਟੀ. ਵੱਲੋਂ ਕਾਲ ਰਿਕਾਰਡਜ਼ ਦੇ ਆਧਾਰ ’ਤੇ ਸਥਾਪਿਤ ਕੀਤੇ ਜਾ ਚੁੱਕੇ ਹਨ।

ਇੱਥੇ ਹੀ ਬੱਸ ਨਹੀਂ, ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਆਈ.ਜੀ. ਦੀ ਅਗਵਾਈ ਵਾਲੀ ਇਹ ਐਸ.ਆਈ.ਟੀ. ਤਾਂ ਇਹ ਵੀ ਸਥਾਪਿਤ ਕਰ ਚੁੱਕੀ ਹੈ ਕਿ ਸੈਣੀ ਤਤਕਾਲੀ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੇ ਸੰਪਰਕ ਵਿੱਚ ਸਨ। ਇਸ ਤੋਂ ਇਲਾਵਾ ਇਸ ਮਾਮਲੇ ਵਿੱਚ ਉਸ ਵੇਲੇ ਦੇ ਕੋਟਕਪੂਰਾ ਦੇ ਅਕਾਲੀ ਐਮ.ਐਲ.ਏ. ਸ: ਮਨਤਾਰ ਸਿੰਘ ਬਰਾੜ ਦਾ ਨਾਂਅ ਵੀ ਸਾਹਮਣੇ ਆਇਆ ਜਿਨ੍ਹਾਂ ਨਾਲ ਸੈਣੀ ਅਤੇ ਹੋਰ ਪੁਲਿਸ ਅਧਿਕਾਰੀ ਲਗਾਤਾਰ ਰਾਬਤੇ ਵਿੱਚ ਸਨ।

ਵਰਨਣਯੋਗ ਹੈ ਕਿ ਸ਼ੁੱਕਰਵਾਰ ਨੂੰ ਜਿਸ ਮਾਮਲੇ ਵਿੱਚ ਸੈਣੀ ਨੂੰ ਕੋਟਕਪੂਰਾ ਫ਼ਾਇਰਿੰਗ ਸੰਬੰਧੀ ਨਾਮਜ਼ਦ ਕੀਤਾ ਗਿਆ ਹੈ ਉਸ ਵਿੱਚ ਇਸ ਤੋਂ ਪਹਿਲਾਂ ਹੀ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਮੋਗਾ ਦੇ ਸਾਬਕਾ ਐਸ.ਐਸ.ਪੀ. ਚਰਨਜੀਤ ਸ਼ਰਮਾ, ਉਸ ਵੇਲੇ ਏ.ਡੀ.ਸੀ.ਪੀ. ਲੁਧਿਆਣਾ ਪਰਮਜੀਤ ਸਿੰਘ ਪੰਨੂੰ ਡੀ.ਐਸ.ਪੀ. ਕੋਟਕਪੂਰਾ ਬਲਜੀਤ ਸਿੰਘ ਅਤੇ ਐਸ.ਐਚ.ਉ. ਕੋਟਕਪੂਰਾ ਗੁਰਦੀਪ ਸਿੰਘ ਪੰਧੇਰ ਨੂੰ ਨਾਮਜ਼ਦ ਕੀਤਾ ਜਾ ਚੁੱਕਿਆ ਹੈ।

ਆਪਣੇ ਕੇਸ ਨੂੰ ਹੋਰ ਪੁਖ਼ਤਾ ਕਰਦਿਆਂ ਐਸ.ਆਈ.ਟੀ. ਨੇ ਇਹ ਵੀ ਸਥਾਪਿਤ ਕਰ ਲਿਆ ਹੈ ਕਿ ਲੁਧਿਆਣਾ ਵਿਖ਼ੇ ਪੁਲਿਸ ਕਮਿਸ਼ਨਰ ਦੇ ਤੌਰ ’ਤੇ ਤਾਇਨਾਤ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ‘ਅਣਅਧਿਕਾਰਤ’ ਤੌਰ ’ਤੇ ਜ਼ੁਬਾਨੀ ਹੁਕਮਾਂ ਤਹਿਤ ਬਰਗਾੜੀ ਬੇਅਦਬੀ ਕਾਂਡ ਵਿਰੁੱਧ ਸੰਗਤਾਂ ਦੇ ਰੋਸ ਨੂੰ ਠਲ੍ਹਣ ਲਈ ਕੋਟਕਪੂਰਾ ਭੇਜਿਆ ਗਿਆ ਸੀ ਜੋ ਬਿਨਾਂ ਕਿਸੇ ਲਿਖ਼ਤੀ ਹੁਕਮਾਂ ਦੇ ਵੱਡੀ ਗਿਣਤੀ ਵਿੱਚ ਲੁਧਿਆਣਾ ਤੋਂ ਫ਼ੋਰਸ ਲੈ ਕੇ ਕੋਟਕਪੂਰਾ ਪੁੱਜੇ ਸਨ ਜਿਸ ਮਗਰੋਂ 14 ਅਕਤੂਬਰ, 2015 ਦੇ ਇਹ ਗੋਲੀਕਾਂਡ ਵਾਪਰੇ।Yes Punjab Gall Punjab Di 1

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION