34 C
Delhi
Thursday, April 25, 2024
spot_img
spot_img

ਪਹਿਲਾ ਸਿੱਖ ਫੁੱਟਬਾਲ ਕੱਪ: ਖ਼ਿਡਾਰੀਆਂ ਦੀ ਦਿੱਖ, ਖ਼ੇਡਾਂ ਦੀ ਦਿਸ਼ਾ ਅਤੇ ਦਸ਼ਾ ਬਦਲਣ ਦੀ ਉਮੀਦ ਜਾਗੀ: ਬਲਜੀਤ ਸਿੰਘ ਸੈਣੀ

ਨਰੋਏ ਸਿੱਖ ਸਮਾਜ ਦੀ ਸਿਰਜਣਾ ਕਰਨ, ਖੇਡਾਂ ਵਿੱਚ ਸਾਬਤ-ਸੂਰਤ ਬਣਨ ਨੂੰ ਪ੍ਰਫੁੱਲਿਤ ਕਰਨ ਅਤੇ ਵਿਦੇਸ਼ਾਂ ਵਿੱਚ ਸਿੱਖ ਪਹਿਚਾਣ ਨੂੰ ਉਜਾਗਰ ਕਰਨ ਦੇ ਮੰਤਵ ਤਹਿਤ ਖਾਲਸਾ ਫੁੱਟਬਾਲ ਕਲੱਬ (ਖਾਲਸਾ ਐਫ.ਸੀ.) ਅਤੇ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਵੱਲੋਂ ਪੰਜਾਬ ਵਿਚ ਪਹਿਲਾ ਸਿੱਖ ਫੁੱਟਬਾਲ ਕੱਪ ਕਰਵਾਇਆ ਗਿਆ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਕੱਪ ਜਿੱਤਣ ਦਾ ਮਾਣ ਖਾਲਸਾ ਐਫ.ਸੀ. ਜਲੰਧਰ ਦੇ ਹਿੱਸੇ ਆਇਆ ਹੈ। ਖਾਲਸਾ ਕਾਲਜ ਅੰਮਿ੍ਰਤਸਰ ਤੋਂ 30 ਜਨਵਰੀਂ ਨੂੰ ਆਰੰਭ ਹੋਏ ਅਤੇ 8 ਫਰਵਰੀ ਨੂੰ ਚੰਡੀਗੜ ਵਿਖੇ ਸਮਾਪਤ ਹੋਏ ਇਸ ਨਿਵੇਕਲੇ ਫੁੱਟਬਾਲ ਟੂਰਨਾਮੈਂਟ ਦੇ 22 ਮੈਚ ਪੰਜਾਬ ਦੇ ਵੱਖ-ਵੱਖ ਸਟੇਡੀਅਮਾਂ ਵਿਚ ਹੋਏ ਜਿੰਨਾਂ ਵਿੱਚ ਅੰਮਿ੍ਰਤਸਰ, ਮਸਤੂਆਣਾ ਸਾਹਿਬ, ਮਾਤਾ ਗੁਜਰੀ ਕਾਲਜ ਫਤਿਹਗੜ ਸਾਹਿਬ, ਨਿੱਕੇ ਘੁੰਮਣ (ਗੁਰਦਾਸਪੁਰ), ਸੰਤ ਬਾਬਾ ਭਾਗ ਯੂਨੀਵਰਸਿਟੀ ਜਲੰਧਰ, ਘਲੋਟੀ (ਮੋਗਾ), ਜੀਰਾ, ਗਿੱਲ (ਮੁੱਦਕੀ) ਵਿਖੇ ਮੈਚ ਖੇਡੇ ਗਏ।

ਕਲੱਬ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਦੀ ਅਗਵਾਈ ਹੇਠ ਫੁੱਟਬਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਾਬਤ-ਸੂਰਤ ਖਿਡਾਰੀਆਂ ਲਈ ਕਰਵਾਏ ਇਸ ਸਿੱਖ ਫੁੱਟਬਾਲ ਕੱਪ ਦੀ ਚੁਫੇਰਿਓਂ ਪ੍ਰਸੰਸਾ ਹੋਈ ਅਤੇ ਪੰਜਾਬ ਸਮੇਤ ਦੇਸ਼-ਵਿਦੇਸ਼ ਵਿਚ ਇਹ ਟੂਰਨਾਮੈਂਟ ਖਿੱਚ ਦਾ ਕੇਂਦਰ ਰਿਹਾ। ਗਲੋਬਲ ਪੰਜਾਬ ਟੀਵੀ ਨੇ ਸਿੱਧਾ ਪ੍ਰਸਾਰਣ ਕੀਤਾ ਜਿਸ ਨੂੰ ਹਜਾਰਾਂ ਦਰਸ਼ਕਾਂ ਨੇ ਦੇਸ਼-ਵਿਦੇਸ਼ ਵਿੱਚ ਦੇਖਿਆ।

ਪਹਿਲੀ ਵਾਰ ਹੈ ਕਿ ਕਿਸੇ ਖੇਡ ਵਿੱਚ ਟੂਰਨਾਮੈਂਟਾਂ ਦੌਰਾਨ ਹਰ ਥਾਂਈਂ ਖਾਲਸਾਈ ਮਾਹੌਲ ਦੇਖਣ ਨੂੰ ਮਿਲਿਆ। ਹਰੇਕ ਮੈਚ ਤੋਂ ਪਹਿਲਾਂ ਪੰਜ ਮੂਲਮੰਤਰ ਦੇ ਪਾਠਾਂ ਦੇ ਜਾਪ ਕਰਵਾਏ ਗਏ। ਉਪਰੰਤ ਟੂਰਨਾਮੈਂਟ ਦੀ ਚੜਦੀਕਲਾ ਲਈ ਅਰਦਾਸ ਕੀਤੀ ਗਈ। ਕਈ ਥਾਈਂ ਦੇਗ ਵੀ ਵਰਤਾਈ ਗਈ। ਸਿੱਖ ਕੌਮ ਦੀ ਚੜਦੀ ਕਲਾ ਦੇ ਪ੍ਰਤੀਕ ਜੰਗਜੂ ਕਲਾ ਗੱਤਕੇ ਦਾ ਪ੍ਰਦਰਸ਼ਨ ਵੀ ਹੁੰਦਾ ਰਿਹਾ।

baljeeti saini

ਪੰਜਾਬ ਫੁੱਟਬਾਲ ਐਸੋਸੀਏਸ਼ਨ ਤੋ ਮਾਨਤਾ ਪ੍ਰਾਪਤ ਇਸ ਕੱਪ ਵਿੱਚ ਪੰਜਾਬ ਦੇ 22 ਜਿਲਿਆਂ ਤੋਂ ਇਲਾਵਾ ਚੰਡੀਗੜ ਸਮੇਤ 23 ਟੀਮਾਂ ਨੇ ਹਿੱਸਾ ਲਿਆ। ਇਸ ਤੋਂ ਪਹਿਲਾਂ ਕੁੱਲ 23 ਸਟੇਡੀਅਮਾਂ ਵਿੱਚ ਮਾਹਿਰ ਕੋਚਾਂ ਨੇ ਹਰ ਜਿਲੇ ਦੀ 20 ਮੈਂਬਰੀ ਟੀਮ ਦੀ ਬਾਕਾਇਦਾ ਚੋਣ ਸੈਂਕੜਿਆਂ ਦੀ ਗਿਣਤੀ ਵਿੱਚ ਪੁੱਜੇ ਖਿਡਾਰੀਆਂ ਦੇ ਟਰਾਇਲ ਲੈ ਕੇ ਕੀਤੀ। ਖਾਲਸਾ ਐਫ.ਸੀ. ਦੀ ਵੈਬਸਾਈਟ ’ਤੇ ਇੰਨਾਂ ਖਿਡਾਰੀਆਂ ਦੀ ਆਨਲਾਈਨ ਰਜ਼ਿਸਟਰੇਸ਼ਨ ਕੀਤੀ ਗਈ।

ਦਸ ਦਿਨ ਚੱਲੇ ਇਸ ਸਿੱਖ ਫੁੱਟਬਾਲ ਕੱਪ ਦੌਰਾਨ ਖਾਲਸਾ ਐਫ.ਸੀ. ਦੀਆਂ ਗੁਰਦਾਸਪੁਰ, ਅੰਮਿ੍ਰਤਸਰ, ਮੁਕਤਸਰ, ਬਰਨਾਲਾ, ਬਠਿੰਡਾ, ਪਟਿਆਲਾ, ਲੁਧਿਆਣਾ, ਰੂਪਨਗਰ, ਮੋਹਾਲੀ, ਐਸ.ਐਸ.ਨਗਰ ਅਤੇ ਜਲੰਧਰ ਦੀਆਂ ਟੀਮਾਂ ਨੇ ਆਪਣੇ ਪਹਿਲੇ ਮੈਚ ਜਿੱਤ ਕੇ ਅਗਲੇ ਦੌਰ ਲਈ ਕੁਆਲੀਫਾਈ ਕੀਤਾ। ਸੈਮੀਫਾਈਨਲ ਵਿਚ ਜਗਾ ਬਣਾਉਣ ਵਾਲੀਆਂ ਚਾਰ ਟੀਮਾਂ ਗੁਰਦਾਸਪੁਰ, ਰੂਪਨਗਰ, ਬਰਨਾਲਾ, ਜਲੰਧਰ ਸਨ। ਸੈਮੀਫਾਈਨਲ ਵਿੱਚ ਗੁਰਦਾਸਪੁਰ ਨੇ ਬਰਨਾਲੇ ਨੂੰ ਸ਼ਿਕਸ਼ਤ ਦਿੰਦਿਆਂ ਫਾਈਨਲ ਵਿਚ ਪ੍ਰਵੇਸ਼ ਕੀਤਾ। ਦੂਜੇ ਸੈਮੀਫਾਈਨਲ ਵਿਚ ਜਲੰਧਰ ਨੇ ਪੈਨਲਟੀ ਸ਼ੂਟ ਆਊਟ ਵਿਚ ਰੂਪਨਗਰ ਨੂੰ ਹਰਾਉਂਦਿਆਂ ਫਾਈਨਲ ਵਿੱਚ ਖੇਡਣ ਦਾ ਮਾਣ ਹਾਸਿਲ ਕੀਤਾ।

ਖਿਤਾਬੀ ਮੁਕਾਬਲੇ ਸੈਕਟਰ 42, ਚੰਡੀਗੜ ਦੇ ਫੁੱਟਬਾਲ ਸਟੇਡੀਅਮ ਵਿਚ ਹੋਏ ਜਿੱਥੇ ਖਾਲਸਾ ਐਫ.ਸੀ. ਜਲੰਧਰ ਨੇ ਖਾਲਸਾ ਐਫ.ਸੀ. ਗੁਰਦਾਸਪੁਰ ਨੂੰ 3-1 ਗੋਲਾਂ ਨਾਲ ਹਰਾ ਕੇ ਪਹਿਲੇ ਸਿੱਖ ਫੁੱਟਬਾਲ ਕੱਪ ਦਾ ਖਿਤਾਬ ਆਪਣੇ ਨਾਮ ਕੀਤਾ। ਇਸ ਕੱਪ ਜੇਤੂ ਟੀਮ ਨੂੰ ਟਰਾਫ਼ੀ ਸਮੇਤ 5 ਲੱਖ ਰੁਪਏ ਤੇ ਉਪ-ਜੇਤੂ ਰਹੀ ਖਾਲਸਾ ਐਫ.ਸੀ. ਗੁਰਦਾਸਪੁਰ ਦੀ ਟੀਮ ਨੂੰ ਟਰਾਫ਼ੀ ਸਮੇਤ 3 ਲੱਖ ਰੁਪਏ ਦਾ ਇਨਾਮ ਮਿਲਿਆ। ਸੈਮੀਫਾਈਨਲ ਖੇਡਣ ਵਾਲੀਆ ਦੋ ਟੀਮਾਂ ਖਾਲਸਾ ਐਫ.ਸੀ. ਬਰਨਾਲਾ ਤੇ ਖਾਲਸਾ ਐਫ.ਸੀ. ਰੂਪਨਗਰ ਨੂੰ ਸਾਂਝੇ ਤੌਰ ’ਤੇ ਤੀਜੇ ਜੇਤੂ ਐਲਾਨਿਆ ਗਿਆ।

ਇਸ ਟੂਰਨਾਮੈਂਟ ਦੀ ਵਿਲੱਖਣਤਾ ਇਹ ਰਹੀ ਕਿ ਕਿਸੇ ਵੀ ਥਾਂ ਮੈਚਾਂ ਦੀ ਸ਼ੁਰੂਆਤ ਮੌਕੇ ਰਾਜਨੀਤਕਾਂ ਦੀ ਦਖਲਅੰਦਾਜ਼ੀ ਨਹੀਂ ਹੋਈ ਸਗੋਂ ਧਾਰਮਿਕ ਸ਼ਖਸ਼ੀਅਤਾਂ ਅਤੇ ਕਲੱਬ ਦੇ ਆਹੁਦੇਦਾਰ ਹੀ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਨਜ਼ਰ ਆਏ। ਇਸ ਟੂਰਨਾਮੈਂਟ ਲਈ ਖਿਡਾਰੀਆਂ ਦਾ ਮਨੋਬਲ ਵਧਾਉਣ ਖਾਤਰ ਉਘੇ ਗਾਇਕ ਤੇ ਅਦਾਕਾਰ ਰਾਜ ਕਾਕੜਾ ਨੇ ਵਿਸ਼ੇਸ਼ ਤੌਰ ’ਤੇ ਜੋਸ਼ੀਲਾ ਗਾਣਾ ‘ਸਰਦਾਰ’ ਵੀ ਸਰੋਤਿਆਂ ਲਈ ਪੇਸ਼ ਕੀਤਾ ਜਿਸ ਦਾ ਮੁੱਖੜਾ ਹੈ ਕਿ ‘ਖੜ-ਖੜ ਵੇਖੇ ਦੁਨੀਆਂ ਕਿ ਸਰਦਾਰ ਖੇਡਦੇ ਨੇ’। ਇਹ ਗਾਣਾ ਸਾਰੇ ਮੈਚਾਂ ਵਿੱਚ ਚੱਲਿਆ ਜੋ ਖਿਡਾਰੀਆਂ ਵਿੱਚ ਜੋਸ਼ ਭਰਦਾ ਰਿਹਾ।

ਪੰਜਾਬ ਫੁੱਟਬਾਲ ਐਸੋਸੀਏਸ਼ਨ ਨਾਲ ਰਜ਼ਿਸਟਰਡ ਖਾਲਸਾ ਐਫ.ਸੀ. ਨੇ ‘ਆਓ ਖੇਡਾਂ ’ਚ ਸਿੱਖੀ ਸਰੂਪ ਨੂੰ ਪ੍ਰਫੁੱਲਤ ਕਰੀਏ’ ਦਾ ਨਾਅਰਾ ਦਿੱਤਾ ਹੈ ਜਿਸ ਮੁਤਾਬਿਕ ਖੇਡ ਜਗਤ ਇਹ ਅਨੁਮਾਨ ਲਾ ਰਿਹਾ ਹੈ ਕਿ ਜੇਕਰ ਸਮੂਹ ਖੇਡਾਂ ਵਿੱਚ ਖੇਡ ਰਹੇ ਸਿੱਖ ਖਿਡਾਰੀ ਸਾਬਤ-ਸੂਰਤ ਬਣਨ ਵੱਲ ਪਰਤ ਆਉਣ ਤਾਂ ਨਿਸਚੇ ਹੀ ਖੇਡਾਂ ਦੀ ਦਸ਼ਾ ਅਤੇ ਦਿਸ਼ਾ ਬਦਲੇਗੀ, ਡੋਪਿੰਗ ਅਤੇ ਨਸ਼ਿਆਂ ਦਾ ਪ੍ਰਚਲਣ ਘਟੇਗਾ, ਖੇਡਾਂ ਵਿੱਚ ਪੁਰਾਣੀ ਪਿਰਤ ਮੁਤਾਬਿਕ ਸਰਦਾਰਾਂ ਦੇ ਸਿਰ ’ਤੇ ਜੂੜਾ ਮੁੜ ਨਜ਼ਰੀ ਪਵੇਗਾ। ਖੇਡਾਂ ਵਿੱਚ ਨਸ਼ਿਆਂ ਦੀ ਵਰਤੋਂ ਤੋਂ ਦੁਖੀ ਪੰਜਾਬੀ ਭਾਈਚਾਰਾ ਹੋਰ ਵੱਡੇ ਮਾਣ ਨਾਲ ਨਸ਼ਾ ਰਹਿਤ ਖੇਡਾਂ ਵਿੱਚ ਵਧੇਰੇ ਯੋਗਦਾਨ ਪਾਉਣ ਅਤੇ ਸਾਬਤ-ਸੂਰਤ ਖਿਡਾਰੀਆਂ ਦੀ ਦਿਲੋਂ ਮੱਦਦ ਲਈ ਯਕੀਨਨ ਅੱਗੇ ਆਵੇਗਾ।

ਖਾਲਸਾ ਐਫ.ਸੀ. ਨੇ ਅਤੇ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਨੇ ਹੋਰ ਵੀ ਅਜਿਹੇ ਨਿਵੇਕਲੇ ਐਲਾਨ ਕੀਤੇ ਹਨ ਜਿਸ ਮੁਤਾਬਿਕ ਖਾਲਸਾ ਐਫ.ਸੀ. ਦੀ ਟੀਮ ਦੇਸ਼-ਵਿਦੇਸ਼ ਵਿੱਚ ਨਾਮੀ ਫੁੱਟਬਾਲ ਟੀਮਾਂ ਤੇ ਕਲੱਬਾਂ ਨਾਲ ਮੈਚ ਖੇਡਿਆ ਕਰੇਗੀ। ਟੂਰਨਾਮੈਂਟਾਂ ਦੌਰਾਨ ਜ਼ਖਮੀ ਜਾਂ ਕੋਈ ਨੁਕਸਾਨ ਹੋਣ ਦੇ ਮੱਦੇਨਜ਼ਰ ਫੁੱਟਬਾਲ ਟੀਮ ਦਾ ਬੀਮਾ ਕਰਵਾਉਣ ਤੋਂ ਇਲਾਵਾ ਕਲੱਬ ਦੀਆਂ ਗਤੀਵਿਧੀਆਂ ਸਬੰਧੀ ‘ਖਾਲਸਾ ਫੁੱਟਬਾਲ’ ਸੋਵੀਨਰ ਵੀ ਜਾਰੀ ਕੀਤਾ ਜਾਣਾ ਹੈ।

ਇੰਨਾਂ ਉਚੇਚੀਆਂ ਪਹਿਲਕਦਮੀਆਂ ਤੋਂ ਸਹਿਜੇ ਹੀ ਮਾਣ ਨਾਲ ਕਿਹਾ ਜਾ ਸਕਦਾ ਹੈ ਕਿ ਇਸ ਪਲੇਠੇ ਸਿੱਖ ਫੁੱਟਬਾਲ ਕੱਪ ਨੇ ਨਿਸਚੇ ਹੀ ਖੇਡਾਂ ਵਿੱਚ ਨਵੀਂ ਤਬਦੀਲੀ ਲਿਆਉਣ ਅਤੇ ਖਿਡਾਰੀਆਂ ਦੀ ਦਿੱਖ ਬਦਲਣ ਲਈ ਨਿਵੇਕਲੀ ਲੀਹ ਪਾ ਦਿੱਤੀ ਹੈ।

ਬਲਜੀਤ ਸਿੰਘ ਸੈਣੀ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION