ਮਨਪ੍ਰੀਤ ਇਯਾਲੀ ਦੇ ਪਿੰਡ ਦੀ ਸਮੁੱਚੀ ਪੰਚਾਇਤ ਕੈਪਟਨ ਸੰਦੀਪ ਸੰਧੂ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ

ਗੋਰਸੀਆਂ ਕਾਦਰ ਬਖਸ਼, 7 ਅਕਤੂਬਰ, 2019 –

ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਗੋਰਸੀਆਂ ਕਾਦਰ ਬਖਸ਼ ਜੋਕਿ ਅਕਾਲੀ ਉਮੀਦਵਾਰ ਦਾ ਪਿੰਡ ਹੈ, ਦੀ ਸਮੁੱਚੀ ਪੰਚਾਇਤ ਅੱਜ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਈ। ਜਿਕਰਯੋਗ ਹੈ ਕਿ ਸਮੁੱਚੀ ਪੰਚਾਇਤ ਸਾਬਕਾ ਐਮ ਪੀ ਅਮਰੀਕ ਸਿੰਘ ਆਲੀਵਾਲ ਦੀ ਪ੍ਰੇਰਨਾ ਸਦਕਾ ਕਾਂਗਰਸ ਵਿੱਚ ਸ਼ਾਮਲ ਹੋਈ। ਕੈਪਟਨ ਸੰਧੂ ਨੇ ਸਰਪੰਚ ਜਗਵੇਦ ਸਿੰਘ ਦਿਓਲ ਸਮੂਹ ਪੰਚਾਇਤ ਮੈਂਬਰਾਂ ਨੂੰ ਸਰੋਪਾ ਪਾ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ।

ਇਸ ਮੌਕੇ ਉਨ੍ਹਾਂ ਨਾਲ ਕੁਲਦੀਪ ਸਿੰਘ ਵੈਦ ਵਿਧਾਇਕ, ਮੇਜਰ ਸਿੰਘ ਭੈਣੀ, ਰਸ਼ਪਾਲ ਸਿੰਘ ਤਲਵਾੜਾ, ਅਮਰੀਕ ਸਿੰਘ ਆਲੀਵਾਲ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਮਲਕੀਤ ਸਿੰਘ ਦਾਖਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

ਇਸ ਮੌਕੇ ਬੋਲਦਿਆਂ ਕੈਪਟਨ ਸੰਧੂ ਨੇ ਕਿਹਾ ਕਿ ਦਾਖਾਂ ਦੇ ਲੋਕਾਂ ਨੇ ਜਿਸ ਨੂੰ ਪਿਛਲੀ ਵਾਰ ਜਿਤਾਇਆ ਸੀ ਉਸ ਨੇ ਦਾਖਾ ਹਲਕੇ ਦੀ ਸਾਰ ਤੱਕ ਨਹੀਂ ਲਈ। ਉਨ੍ਹਾਂ ਆਪਣੇ ਬਾਰੇ ਜ਼ਿਕਰ ਕਰਦੇ ਕਿਹਾ ਕਿ ਮੈਂ ਇੱਕ ਗ਼ੈਰ ਸਿਆਸੀ ਪਰਿਵਾਰ ਵਿਚੋਂ ਹਾਂ ਅਤੇ ਮੈਨੂੰ ਸਿਆਸੀ ਲੋਕਾਂ ਵਾਂਗ ਭਾਸ਼ਣਬਾਜ਼ੀ ਤਾਂ ਨਹੀਂ ਕਰਨੀ ਆਉਂਦੀ ਪ੍ਰੰਤੂ ਇੱਕ ਆਮ ਵਰਕਰ ਹੋਣ ਦੇ ਨਾਤੇ ਮੁੱਖ ਮੰਤਰੀ ਅਤੇ ਪਾਰਟੀ ਨੇ ਜੋ ਵੀ ਮੇਰੀ ਡਿਊਟੀ ਲਗਾਈ ਉਸਨੂੰ ਪੂਰਾ ਨਿਭਾਇਆ।

ਉਨ੍ਹਾਂ ਭਰੋਸਾ ਦਿੱਤਾ ਕਿ ਤੁਸੀਂ ਮੈਨੂੰ ਜਿਤਾਓ ਮੈਂ ਤੁਹਾਡੀ ਆਸਾਂ ਤੇ ਖਰਾ ਉਤਰਾਂਗਾ। ਅਗਲੇ ਢਾਈ ਸਾਲ ਕਾਂਗਰਸ ਦੀ ਸਰਕਾਰ ਹੀ ਪੰਜਾਬ ਵਿੱਚ ਰਹੇਗੀ ਅਤੇ ਤੁਹਾਡੇ ਰਾਹੀਂ ਮੈਨੂੰ ਤੁਹਾਡੀ ਸੇਵਾ ਕਰਨ ਦਾ ਮੌਕਾ ਜ਼ਰੂਰ ਦਿਓ। ਉਨ੍ਹਾਂ ਕਿਹਾ ਕਿ ਆਉਣ ਵਾਲੇ ਢਾਈ ਸਾਲਾਂ ਵਿੱਚ ਆਪਾਂ ਇਕੱਠੇ ਹੋ ਕੇ ਦਾਖਾਂ ਦੀ ਕਿਸਮਤ ਬਦਲ ਸਕਦੇ ਹਾਂ।

ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਕਰ ਕਰਦੇ ਹੋਏ ਦੁਹਰਾਇਆ ਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਜੋ ਮੈਂ ਪਟਿਆਲੇ ਬਾਰੇ ਸੋਚਦਾ ਹਾਂ ਉਹ ਹੀ ਮੈਂ ਦਾਖਾਂ ਬਾਰੇ ਸੋਚਦਾ ਹਾਂ। ਸੰਧੂ ਨੇ ਕਿਹਾ ਕਿ ਮੈਂ ਦਾਖਾਂ ਵਿੱਚ ਰਹਿ ਕੇ ਕੰਮ ਕਰਾਂਗਾ।

ਇਸ ਮੌਕੇ ਬੋਲਦਿਆਂ ਅਮਰੀਕ ਸਿੰਘ ਆਲੀਵਾਲ ਸਾਬਕਾ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਅਕਾਲੀ ਉਮੀਦਵਾਰ ਇਯਾਲੀ ਦਾ ਹੰਕਾਰ ਹੀ ਉਸ ਨੂੰ ਲੈ ਡੁੱਬੇਗਾ ਉਨ੍ਹਾਂ ਦੋਸ਼ ਲਾਇਆ ਲਈ ਅਕਾਲੀਆਂ ਨੇ ਇਸ ਇਲਾਕੇ ਦਾ ਮਾਈਨਿੰਗ ਅਤੇ ਨਸ਼ੇ ਨਾਲ ਬੁਰਾ ਹਾਲ ਕਰ ਦਿੱਤਾ ਸੀ।

ਇਸ ਦੌਰਾਨ ਕੈਪਟਨ ਸੰਦੀਪ ਸੰਧੂ ਅਤੇ ਸਮੂਹ ਬੁਲਾਰਿਆਂ ਨੇ ਅਪੀਲ ਕੀਤੀ ਕਿ ਆਉਣ ਵਾਲੀ 21 ਅਕਤੂਬਰ ਨੂੰ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੋਟਾਂ ਭੁਗਤਾ ਕੇ ਹਲਕਾ ਦਾਖਾ ਦੀ ਕਿਸਮਤ ਸਵਾਰੀਏ, ਤਾਂ ਜੋ ਵਿਧਾਨ ਸਭਾ ਵਿੱਚ ਦਾਖਾ ਹਲਕੇ ਦੀ ਨੁਮਾਇੰਦਗੀ ਵਧੀਆ ਤਰੀਕੇ ਦੇ ਨਾਲ ਨਾਲ ਆਉਣ ਵਾਲੇ ਢਾਈ ਸਾਲਾਂ ਵਿੱਚ ਦਾਖਾ ਹਲਕੇ ਦਾ ਕਾਇਆ ਕਲਪ ਹੋ ਸਕੇ।

ਇਸ ਮੌਕੇ ਜਸਪਾਲ ਸਿੰਘ, ਸਮਸ਼ੇਰ ਸਿੰਘ, ਬੱਬੂ ਚੀਮਾ, ਸੁਸ਼ੀਲ ਕੁਮਾਰ, ਵਿਜੈ ਕੁਮਾਰ, ਸੋਨੀ ਗਾਲਿਬ, ਸਵਰਨ ਸਿੰਘ, ਊਧਮ ਸਿੰਘ, ਲਵਦੀਪ ਸਿੰਘ, ਰਿੱਕੀ ਚੌਹਾਨ, ਮਨਜੀਤ ਸਿੰਘ ਹੰਬੜਾਂ ਆਦਿ ਮੌਜੂਦ ਸਨ।

ਇਸ ਨੂੰ ਵੀ ਪੜ੍ਹੋ:

ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ

Share News / Article

YP Headlines