ਜੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਕਿਤੇ ਇੰਜ ਮਨਾਇਆ ਜਾਂਦਾ ਤਾਂ? : ਡਾ ਅਮਰਜੀਤ ਟਾਂਡਾ

ਨਗਰ ਕੀਰਤਨ ਪ੍ਰਭਾਤ ਫ਼ੇਰੀ ਦਾ ਵਿਸ਼ਾਲ ਰੂਪ ਹੈ।ਗੁਰੂ ਦਾ ਜੱਸ ਗਾਇਣ ਕਰਦੇ ਕਰਦੇ ਗਲੀਆਂ ਚੋਂ ਲੰਘਦਿਆਂ ਲੋਕਾਂ ਨੂੰ ਸੁਚੇਤ ਕਰਨਾ। ਖਾਣ ਪੀਣ ਦਾ ਰਿਵਾਜ ਨਹੀਂ ਸੀ ਹੁੰਦਾ। ਮੁੱਖ ਮੰਤਵ ਸੀ ਗੁਰਬਾਣੀ ਦਾ ਪ੍ਰਚਾਰ ਤੇ ਗੁਰੂ ਦਾ ਸੰਦੇਸ਼ ਘਰ ਘਰ ਪਹੁੰਚਾਣਾ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਕਿਹੜੇ ਨਗਰ ਕੀਰਤਨ ਨਿਕਲਦੇ ਰਹੇ ਸਨ?

ਕੀ ਉਦੋਂ ਲੋਕ ਘੱਟ ਸ਼ਰਧਾਲੂ ਸਨ? ਸਗੋਂ ਓਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਲੋਕਾਂ ਵਿੱਚ ਪੂਰੀ ਸ਼ਰਧਾ ਸੀ ਗੁਰਬਾਣੀ ਅਨੁਸਾਰ ਲੋਕਾਂ ਨੇ ਆਪਣਾ ਜੀਵਨ ਢਾਲਿਆ ਹੋਇਆ ਸੀ। ਅੱਜ ਜਿੰਨੇ ਜ਼ਿਆਦਾ ਨਗਰ ਕੀਰਤਨ ਕੱਢੇ ਜਾਂਦੇ ਹਨ ਓਨਾ ਹੀ ਸਿੱਖਾਂ ਵਿੱਚ ਪਤਿਤਪੁਣਾ ਵਧਿਆ ਹੈ ਤੇ ਸ਼ਾਮਲ ਨੌਜਵਾਨ ਘੋਨੇ-ਮੋਨੇ ਜ਼ਿਆਦਾ ਹੁੰਦੇ ਹਨ ਜਿਵੇਂ ਸਿੱਖ ਗੇਮਾਂ ਚ ਸਿੱਖ ਹੁੰਦਾ ਹੀ ਨਹੀਂ ਕੋਈ। ਹਾਂ ਖੰਡੇ ਵਾਲੇ ਰੁਮਾਲ ਸਿਰਾਂ ‘ਤੇ ਪੀਲੇ ਜ਼ਰੂਰ ਬੰਨੇ ਹੁੰਦੇ ਹਨ। ਕੀ ਖਾਲਸੇ’ ਦਾ ਰੂਪ ਏਹੀ ਸੀ ਅਨੰਦਪੁਰ ਦੇ ਰਾਹਾਂ ਚ?

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਨਗਰ ਕੀਰਤਨ ਮਾਰਚਾਂ ਦਾ ਮਕਸਦ ਵੀ ਹੁਣ ਕੌਮ ਦੀ ਤਾਕਤ, ਧਿਆਨ, ਵਕਤ ਅਤੇ ਸਰਮਾਇਆ ਜਾਇਆ ਕਰਨਾ ਹੀ ਹੈ। ਚੌਧਰਾਂ ਕਾਇਮ ਰੱਖਣ ਲਈ ਲੋਕਾਂ ਨੂੰ ਪਾਗਲ ਬਨਾਉਣ ਦਾ ਛੁਪਿਆ ਰਸਤਾ ਹੈ। ਕੌਮ ਅੰਨ੍ਹੀ ਸ਼ਰਧਾ ਚ ਡੁੱਬੀਆਂ ਇਹਨਾਂ ਚਾਲਾਂ ਨੂੰ ਨਹੀਂ ਸਮਝ ਰਹੀ।

ਕਦੇ ਗੁਰੂ ਦੀ ਨਿਸ਼ਾਨੀ ਦੱਸ ਕੇ ਕਿਸੇ ਵਸਤੂ ਨੂੰ ਸਿੱਖ ਸੰਗਤ ਨੂੰ ਬੁੱਧੂ ਬਣਾ ਕੇ ਮਗਰ ਲਾ ਲਿਆ ਜਾਂਦਾ ਹੈ। “ਭਾਗਾਂ ਵਾਲਿਓ ਝੋਲੀਆਂ ਭਰ ਲਓ ਅਸੀਸਾਂ ਲੈ ਲਓ ਦਰਸ਼ਨ ਕਰ ਲਓ ਵੱਧ ਤੋਂ ਵੱਧ ਮਾਇਆ ਭੇਟ ਕਰਨ ਵਾਲੇ ਦੇ ਰੋਗ ਕੱਟੇ ਜਾਣਗੇ ਦਸ ਗੁਣਾਂ ਵੱਧ ਬਖਸ਼ਿਸ਼ਾਂ ਮਿਲਣਗੀਆਂ ਇਹ ਮੌਕਾ ਫੇਰ ਨਹੀਂ ਜੇ ਹੱਥ ਆਉਣਾ ਵਾਹਿਗੁਰੂ ਕਿਰਪਾ ਆਪ ਕਰੇਗਾ “ ਏਨੀ ਗੱਲ ਤੇ ਹੀ ਸੰਗਤ ਅੰਨੀ ਹੋ ਟੁੱਟ ਕੇ ਪੈ ਜਾਂਦੀ ਤੇ ਵੱਧ ਤੋਂ ਵੱਧ ਨੋਟ ਢੇਰੀ ਕਰ ਦਿੰਦੇ ਹਨ।

ਗ਼ਰੀਬ ਨੂੰ ਲਾਹ 2 ਕੇ ਮਾਰਨਗੇ। ਗੁਰੂ ਸਾਹਿਬਾਨਾਂ ਦੀਆਂ ਤਾਂ ਅਨੇਕਾਂ ਹੀ ਵਸਤਾਂ ਪੰਜਾਬ ਦੇ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਪਈਆਂ ਹਨ ਜੋ ਕੇਂਦਰੀ ਸਿੱਖ ਅਜਾਇਬ ਘਰ ਚ ਢੁਕਵੇਂ ਥਾਂਵੇਂ ਰੱਖੀਆਂ ਜਾਣ ਤਾਂ ਸੰਗਤ ਦਰਸ਼ਨ ਹੋ ਸਕਦੇ ਹਨ। ਨਾ ਓਥੇ ਕੋਈ ਮੱਥੇ ਟੇਕੇ ਅਤੇ ਨਾ ਹੀ ਮਾਇਆ ਲੋਭ ਜਗੇੇ। ਗੁਰੂ ਸਾਹਿਬ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਸੀ ਪਰ ਸੰਗਤ ਭੇਡ ਚਾਲ ਵਿੱਚ ਫਸ ਕੇ ਵਸਤੂਆਂ, ਨਿਸ਼ਾਨੀਆਂ ਤੇ ਨਗਰ ਕੀਰਤਨਾਂ ਦੇ ਲੜ੍ਹ ਲੱਗ ਪੈਸਾ ਅਤੇ ਕੀਮਤੀ ਸਮਾਂ ਬਰਬਾਦ ਕਰੀ ਜਾ ਰਹੀ ਹੈ।

ਗੁਰੂਆਂ ਅਤੇ ਸ਼ਹੀਦ ਸੂਰਮਿਆਂ ਦੇ ਪਾਏ ਪੂਰਨਿਆਂ ‘ਤੇ ਚਲਦਿਆਂ ਅਣਖੀ ਵਰਤਾਰਿਆਂ ਦੇ ਸੰਦਰਭ ਵਿਚੋਂ ਕੌਮ ਦਾ ਭਵਿੱਖ ਤਲਾਸ਼ਣਾ ਸ਼ਤਾਬਦੀਆਂ ਮਨਾਉਣਾ ਨਗਰ ਕੀਰਤਨ ਦਾ ਅਸਲ ਅਰਥ ਹੋ ਸਕਦਾ ਸੀ। ਸ਼ਤਾਬਦੀਆਂ ਸਮੇਂ ਬਾਬੇ ਨਾਨਕ ਦੀ ਬਾਣੀ ਦੇ ਵਿਰੁੱਧ ਕੰਮ ਕਰਨ ਵਾਲੇ ਲੋਕਾਂ ਨੂੰ ਸ਼ਾਮਲ ਕਰਕੇ ਸਿੱਖ ਧਰਮ ਦੇ ਮਹੱਤਵ ਨੂੰ ਨੀਵਾਂ ਵਿਖਾਇਆ ਜਾ ਰਿਹਾ ਹੈ। ਇਤਿਹਾਸਕ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ।

ਸਿੱਖਾਂ ਦੀ ਅਜ਼ਾਦ ਹਸਤੀ ਤੇ ਵੱਖਰੀ ਹੋਂਦ ਨੂੰ ਖੋਰਾ ਲਾਉਣ ਵਾਲੀਆਂ ਤਾਕਤਾਂ ਤੇ ਸਿਆਸਤ ਇਹਨਾਂ ਸ਼ਤਾਬਦੀਆਂ ਸਮਾਗਮਾਂ ਸਮੇਂ ਭਾਰੂ ਹੋ ਗਈ ਹੈ। ਸਿੱਖ ਵਿਦਵਾਨਾਂ ਅਤੇ ਬੁੱਧੀਜੀਵੀਆਂ ‘ਤੇ ਪੂਰਨ ਪਾਬੰਦੀ ਹੈ।ਸਾਰੇ ਸਰਕਾਰੀ ਸਮਾਗਮ ਹੀ ਹੁੰਦੇ ਹਨ। ਪੰਜਾਬ ਵਿੱਚ ਰਾਜ ਕਰ ਹਟੀ ਪਾਰਟੀ ਦੇ ਨੇਤਾਵਾਂ ਅਤੇ ਸਰਕਾਰੀ ਅਫ਼ਸਰਾਂ ਦੀ ਇਸ ਵਿੱਚ ਸਮੂਲੀਅਤ ਹੁੰਦੀ ਹੈ ਜਿਨ੍ਹਾਂ ਨੂੰ ਗੁਰਮਤਿ ਸਿਧਾਂਤਾਂ ਦਾ ਓ ਅ ਵੀ ਨਹੀਂ ਆਉਂਦਾ। ਸ਼ਤਾਬਦੀ ਸਮੇਂ ਧਰਮ ਅਤੇ ਗੁਰਮਤਿ ਸਿਧਾਂਤਾਂ ਨੂੰ ਢਾਅ ਲਾਉਣ ਵਾਲੀਆਂ ਘਟਨਾਵਾਂ ਵਾਪਰਦੀਆਂ ਹਨ ਤੇ ਨਵੇਂ ਹੀ ਚੰਦ ਚੜ੍ਹਦੇ ਰਹਿੰਦੇ ਹਨ।

ਸ਼ਤਾਬਦੀਆਂ ਮਨਾਉਣ ਸਮੇਂ ਨਾ ਹੀ ਸਿੱਖ ਕੌਮ ਦਾ ਕੋਈ ਭਵਿੱਖ ਤਲਾਸ਼ਿਆ ਜਾਂਦਾ ਹੈ ਤੇ ਨਾ ਹੀ ਦਰਪੇਸ਼ ਸਮੱਸਿਆਵਾਂ ਨੂੰ ਕੌਮ ਦੇ ਸਨਮੁੱਖ ਰੱਖਿਆ ਜਾਂਦਾ ਹੈ। ਸਿੱਖ ਕੌਮ ਦਾ ਸਭ ਤੋਂ ਵੱਡਾ ਮਸਲਾ ਪਤਿਤਪੁਣਾ ਅਤੇ ਕਰਮਕਾਂਡ ਹੈ।

ਬਾਬੇ ਨਾਨਕ ਦੀ ਸੋਚ ‘ਤੇ ਕੋਈ ਪਹਿਰਾ ਨਹੀਂ ਦਿਤਾ ਜਾ ਰਿਹਾ। ਗੁਰੂ ਸਾਹਿਬਾਨ ਬਾਰੇ ਲਿਖੇ ਜਾ ਰਹੇ ਊਟ-ਪਟਾਂਗ ਨਾਲ ਨਜਿੱਠਣ ਲਈ ਕੋਈ ਵੀ ਨਹੀਂ ਸੋਚ ਰਿਹਾ ? ਸਿੱਖ ਧਰਮ ‘ਤੇ ਹੋ ਰਹੇ ਬਾਹਰੀ ਅਤੇ ਅਦੰਰੂਨੀ ਹਮਲਿਆਂ ਨੂੰ ਕਿਵੇਂ ਰੋਕਣਾ ਹੈ? ਗੁਰੂ ਸਾਹਿਬਾਨ ਦੇ ਬਾਰੇ ਵਿੱਚ ਭਿੰਨ-ਭਿੰਨ ਕਿਤਾਬਾਂ ਵਿੱਚ ਭੱਦੀਆਂ ਟਿੱਪਣੀਆਂ ਮਨਘੜ੍ਹਤ ਕਹਾਣੀਆਂ ਅਤੇ ਕਰਾਮਾਤਾਂ ਜੋੜੀਆਂ ਗਈਆਂ ਹਨ ਇਹਨੂੰ ਕਿਵੇਂ ਦੂਰ ਕਰਨਾ ਹੈ ।ਕਦੇ ਕਿਸੇ ਨੇ ਵਿਚਾਰ ਹੀ ਨਹੀਂ ਕੀਤੀ? ਪੁਸਤਕਾਂ ਦੀ ਪੜਚੋਲ ਤਾਂ ਕਿਸੇ ਨੇ ਕੀ ਕਰਨੀ ਹੈ, ਸਗੋਂ ਸਿੱਖ ਗੁਰੂਆਂ ਅਤੇ ਸਿੱਖੀ ਸਿਧਾਂਤਾਂ ਦਾ ਖਿਲਵਾੜ ਦੇਖ ਕੇ ਗਿਆਨ ਵਿਹੂਣੇ ਸਿਫਾਰਸ਼ੀ ਚੌਧਰੀ ਵੀ ਚੁੱਪ ਬੈਠੇ ਰਹਿੰਦੇ ਹਨ?

ਅਖੌਤੀ ਦਸਮ ਗ੍ਰੰਥ, ਰਾਗਮਾਲਾ, ਤਖ਼ਤ ਹਜ਼ੂਰ ਸਾਹਿਬ ਅਤੇ ਤਖ਼ਤ ਪਟਨਾ ਸਾਹਿਬ ਦੀ ਵੱਖੋ-ਵੱਖਰੀ ਮਰਿਆਦਾ, ਨਾਨਕਸ਼ਾਹੀ ਕਲੰਡਰ ਦਾ ਗੰਭੀਰ ਮਸਲਾ ਅਤੇ ਗੁਰਦੁਆਰਿਆਂ ਵਿੱਚ ਚਲਦੀ ਗੁਰਮਤਿ ਵਿਰੋਧੀ ਪ੍ਰੰਪਰਾਵਾਂ ਬਾਰੇ ਤੁਰੰਤ ਖੁਲ੍ਹ ਕੇ ਵਿਚਾਰਾਂ ਕਰਕੇ ਅੰਤਮ ਫੈਸਲਾ ਹੋਣਾ ਚਾਹੀਦਾ ਹੈ। ਬਾਬੇ ਨਾਨਕ ਅਤੇ ਗੁਰਮਤਿ ਰਹਿਣੀ ਬਹਿਣੀ ਦੇ ਸਿੱਖ ਵਿਦਵਾਨ਼ਾਂ ਅਤੇ ਖੋਜੀ ਇਤਿਹਾਸਕਾਰਾਂ ਦਾ ਸਰਵੋਤਮ ਪੈਨਲ ਬਣਾ ਕੇ ਸਾਰੇ ਮਸਲੇ ਹੱਲ ਕਰਨ ਦਾ ਯਤਨ ਕਰਨਾ ਚਾਹੀਦਾ ਹੈ ਨਹੀਂ ਤਾਂ ਦੁਬਿਧਾਵਾਂ ਬਣੀਆਂ ਰਹਿਣਗੀਆਂ ਅਤੇ ਕੌਮ ਵਿੱਚ ਪੰਥਕ ਏਕਤਾ ਘਟੇਗੀ। ਵੈਸੇ ਤਾਂ ਪਹਿਲਾਂ ਵੀ ਕਿਹੜੇ ਕਦੇ ਮਿਲ ਕੇ ਬਹਿੰਦੇ ਹਨ।

ਅੱਜਕਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਨਗਰ ਕੀਰਤਨ ਕੱਢਣ ਅਤੇ ਲੰਗਰ ਦੀ ਦੌੜ ਸਿੱਖਾਂ ਵਿੱਚ ਆਮ ਲੱਗੀ ਹੋਈ ਹੈ। ਜਿਵੇਂ ਸੀਜ਼ਨ ਲੱਗਦਾ ਹੈ ਬਿਜ਼ਨਸ ਵਾਲਿਆਂ ਦਾ ਦਿਵਾਲੀ ‘ਤੇ। ਜੋ ਚੌਧਰ ਤੇ ਗੋਲਕਾਂ ਦੇ ਭੁੱਖੇ ਦੁਰਵਰਤੋਂ ਕਰਨ ਵਾਲੇ ਗਲ਼ਾਂ ਵਿੱਚ ਸਿਰੋਪਾਓ ਪਾ ਕੇ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਦੇ ਅੱਗੇ-ਅੱਗੇ ਚੱਲ ਕੇ ਲੋਕਾਂ ‘ਚ ਹਰਮਨ ਪਿਆਰੇ ਬਣਦੇ ਹਨ ਅਸਲ ਚ ਓਹੀ ਨਾਨਕ ਘਰ ਦੇ ਅਸਲੀ ਲੋਟੂ ਹਨ

।ਵੋਟ ਬੈਂਕ ਮਜ਼ਬੂਤ ਕਰਕੇ ਸਿਆਸੀ ਲਾਹਾ ਲੈਂਦੇ ਹਨ। ਔਫ ਸੀਜ਼ਨ ਚ ਗੁਰੂ ਸਾਹਿਬ ਨਾਲ ਸਬੰਧਤ ਨਿਸ਼ਾਨੀਆਂ ਦੱਸ ਕੇ ਨਗਰ ਕੀਰਤਨ ਪੰਜਾਬ ਵਿੱਚ ਘੁਮਾਇਆ ਜਾਂਦਾ ਹੈ। ਗੁਰੂ ਸਹਿਬਾਨ ਨਾਲ ਸਬੰਧਤ ਦੱਸੀਆਂ ਜਾਂਦੀਆਂ ਨਿਸ਼ਾਨੀਆਂ ਪਵਿੱਤਰ ਦੱਸੀਆਂ ਜਾਂਦੀਆਂ ਹਨ ਜਿਹਨਾਂ ਬਾਰੇ ਕੋਈ ਭਰੋਸੇਯੋਗ ਪੁਖਤਾ ਸਬੂਤ ਵੀ ਨਹੀਂ ਹੁੰਦਾ। ਸਾਰੀ ਲੁਕਵੀਂ ਚਾਲ ਹੀ ਹੁੰਦੀ ਹੈ। ਜਿਵੇਂ ਗੁਰੂ ਸਾਹਿਬ ਦੇ ਸ਼ਾਸ਼ਤਰਾਂ ਦੀ ਦਰਸ਼ਨ ਯਾਤਰਾ ਵਿਵਾਦਾਂ ਵਿੱਚ ਘਿਰੀ ਹੋਈ ਹੈ।

ਸਈਅਦ ਨਈਮ ਹੈਦਰ ਪੀਰ ਬੁੱਧੂ ਸ਼ਾਹ ਦੀ ਅੱਠਵੀਂ ਪੀੜ੍ਹੀ ਦੇ ਵਾਰਸ ਵਲੋਂ ਦਾਅਵਾ ਹੈ 330 ਸਾਲ ਤੋਂ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1685 ਦੇ ਭੰਗਾਣੀ ਦੇ ਯੁੱਧ ਤੋਂ ਬਾਅਦ ਸਨਮਾਨ ਦੇ ਤੌਰ ‘ਤੇ ਪੀਰ ਬੁੱਧੂ ਸ਼਼ਾਹ ਨੂੰ ਪਵਿੱਤਰ ਨਿਸ਼ਾਨੀਆਂ ਦਸਤਾਰ, ਕੰਘਾ, ਕਿਰਪਾਨ ਅਤੇ ਇੱਕ ਹੁਕਮਨਾਮੇ ਨਾਲ ਨਿਵਾਜਿਆ ਸੀ, ਉਹਨਾਂ ਦੇ ਕੋਲ ਅੱਜ ਵੀ ਸੁਰੱਖਿਅਤ ਹਨ। ਸ਼੍ਰੋਮਣੀ ਕਮੇਟੀ ਕੋਲ ਇਸ ਸਬੰਧ ਵਿੱਚ ਕੋਈ ਸਪਸ਼ਟੀਕਰਨ ਨਹੀਂ ਹੈ ਕਿਉਂਕਿ ਚੰਡੀਗੜ੍ਹ ਚੁੱਪ ਰਹਿਣ ਲਈ ਕਹਿੰਦਾ ਹੈ।

ਇਹ ਧਾਰਮਿਕ ਭਰਿਸ਼ਟਾਚਾਰ ਹੈ। ਗੁਰੂ ਸਾਹਿਬ ਦੇ ਨਾਮ ‘ਤੇ ਸੰਗਤ ਨੂੰ ਜਿੰਨਾ ਮਰਜ਼ੀ ਲੁੱਟੀ ਜਾਓ ਉਹ ਕਦੇ ਆਵਾਜ਼ ਵੀ ਨਹੀਂ ਕੱਢਣਗੇ। ਸਿਰ ਨਿਵਾ ਹੱਥ ਜੋੜ ਦੇਣਗੇ ਅਤੇ ਮਾਇਆ ਦਾ ਮੱਥਾ ਟੇਕ ‘ਵਾਹਿਗੁਰੂ 2’ ਆਖ ਟੁਰ ਜਾਣਗੇ। ਵਿਰੁੱਧ ਬੋਲਣ ਵਾਲਿਆਂ ਨੂੰ ਨਾਸਤਿਕ ਜਾਂ ਪੰਥ ਵਿਰੋਧੀ ਕਹਿ ਭੰਡਣਗੇ।

ਸ੍ਰੀ ਗੁਰੂ ਗ਼੍ਰੰਥ ਸਾਹਿਬ ਜੀ ਤੋਂ ਬਿਨ੍ਹਾਂ ਹੋਰ ਕਿਸੇ ਵੀ ਚੀਜ਼, ਵਸਤੂ ਜ਼ਾਂ ਕੋਈ ਨਿਸ਼ਾਨੀ ਨੂੰ ਮੱਥਾ ਟੇਕਣਾ ਗੁਰਮਤਿ ਸਿਧਾਂਤਾਂ ਦੇ ਵਿਰੁੱਧ ਹੈ। ਅੰਧ-ਵਿਸ਼ਵਾਸੀ, ਕਰਮਕਾਂਡਾਂ ਅਤੇ ਵਹਿਮਾਂ-ਭਰਮਾਂ ਵਿੱਚ ਫਸੇ ਸਿੱਖਾਂ ਵਿੱਚ ਗੁਰੂ ਸਾਹਿਬਾਨ ਪ੍ਰਤੀ ਅੰਨ੍ਹੀ ਸ਼ਰਧਾ ਹੈ। ਸੰਗਤਾਂ ਦੇਖਾ-ਦੇਖੀ ਪੈਸਿਆਂ ਦੇ ਢੇਰ ਲਗਾਈ ਜ਼ਾਂਦੀਆਂ ਹਨ ਤੇ ਕਮੇਟੀਆਂ ਦੇ ਚੌਧਰੀ ਢਿੱਡਾਂ ਚ ਪਾਈ ਜਾ ਰਹੇ ਹਨ।

ਇਹ ਨਾਟਕੀ ਮਾਡਲ ਬੁੱਤ ਅਤੇ ਮੂਰਤੀ ਪੂਜਾ ਨੂੰ ਉਤਸ਼ਾਹਤ ਕਰਨ ਦੀ ਸਾਜ਼ਿਸ਼ ਅਤੇ ਪੈਸਾ ਇਕੱਠਾ ਕਰਨ ਦਾ ਹੀ ਲੁਕਵਾਂ ਵਧੀਆ ਤੇ ਸੁਖਾਲਾ ਤਰੀਕਾ ਹੈ। ਪੰਜਾਬ ਕੌਮ ਦੀਆਂ ਤਤਕਾਲੀਨ ਸਮੱਸਿਆਵਾਂ ਵਲੋਂ ਨਜ਼ਰ ਹਟਾ ਕੇ ਅਜਿਹੇ ਕਾਰਜਾਂ ਵੱਲ ਲਾਇਆ ਜਾਣਾ ਸਿਆਸੀ ਨੇਤਾਵਾਂ ਦੀ ਕੋਝੀ ਚਾਲ ਹੈ।ਲੋਕਾਂ ਨੂੰ ਧਰਮ ਦੇ ਨਾਂ ਤੇ ਗੁਮਰਾਹ ਕਰਕੇ ਬੋਰੀਆਂ ਚ ਮਾਲ ਇਕੱਠਾ ਕਰਕੇ ਆਪ ਤੇ ਚੋਣਾਂ ਲਈ ਵਰਤਣ ਦਾ ਓਹਲਾ ਹੈ।

ਕੀ ਕੋਈ ਦੱਸੇਗਾ ਨਗਰ ਕੀਰਤਨ ਸ਼ਤਾਬਦੀਆਂ ਮਨਾਉਣ ਨਾਲ ਅਤੇ ਨਿਸ਼ਾਨੀਆਂ ਦੇ ਦਰਸ਼ਨ ਕਰਵਾਉਣ ਨਾਲ ਹੁਣ ਤੱਕ ਕੌਮ ਅਤੇ ਪੰਜਾਬ ਦੇ ਲੋਕਾਂ ਨੂੰ ਕੀ ਕੀ ਲਾਭ ਹੋਏ ਹਨ ਹੈ? ਹੁਣ ਅਰਬਾਂ ਰੁਪਏ ਚੌਧਰੀ ਹੜੱਪ ਕਰਨਗੇ ਤੇ ਪਤਾ ਵੀ ਨਹੀਂ ਲੱਗਣ ਦੇਣਗੇ। ਪਤਿਤਪੁਣਾ ਨਸ਼ਿਆਂ ਦੇ ਦਰਿਆ ਨਿਰੰਤਰ ਵਗ ਰਹੇ ਨੇ ਕਦੇ ਕਿਸੇ ਸੋਚਿਆ! ਬੁੱਢੇ ਮੋਢੇ ਨੌਜਵਾਨ ਲਾਸ਼ਾਂ ਕਬਰਾਂ ਨੂੰ ਢੋਂਹਦੇ ਥੱਕ ਗਏ ਹਨ ਧਰਮ ਦੇ ਠੇਕੇਦਾਰ ਅਤੇ ਚੌਧਰਾਂ ਦੇ ਭੁੱਖੇ ਲੋਕਾਂ ਨੂੰ ਅੱਖੀਂ ਘੱਟਾ ਪਾ ਸਾਹਮਣੇ ਲੁੱਟੀ ਜਾ ਰਹੇ ਹਨ? ਮੇਰੇ ਨਾਨਕ ਨੂੰ ਮੂਹਰੇ ਗੋਲਕ ਰੱਖ ਭਿਖਾਰੀ ਬਣਾ ਦਿੱਤਾ ਹੈ।

ਟ੍ਰੈਕਟਰ-ਟਰਾਲੀਆਂ,ਕਾਰਾਂ, ਬੱਸਾਂ ਅਤੇ ਮੋਟਰਾਂ ਨਾਲ ਨਗਰ ਕੀਰਤਨ ਕੱਢਣ ਸਮੇਂ ਸੜਕਾਂ ‘ਤੇ ਅੱਤ ਦੀ ਭੀੜ ਵੱਧ ਜਾਂਦੀ ਹੈ। ਜੂੰਅ ਦੀ ਤੋਰੇ ਵਾਹਨਾਂ ਚੋਂ ਨਿਕਲਦੀਆਂ ਜ਼ਹਿਰੀਲੀਆਂ ਗੈਸਾਂ, ਕਾਰਬਨ ਮੋਨੋਆਕਸਾਈਡ, ਹਾਈਡਰੋਕਾਰਬਨ ਅਤੇ ਸਲਫਰ ਡਾਇਆਕਸਾਈਡ ਨਾਲ “ਪਵਣੁ ਗੁਰੂ” ਨੂੰ ਪ੍ਰਦੂਸ਼ਤ ਕਰਕੇ ਗੁਰੂ ਨਾਨਕ ਦੀ ਸਿਖਿਆ ਤੋਂ ਅਸੀਂ ਕਿੱਡੀ ਦੂਰ ਚਲੇ ਜਾਂਦੇ ਹਾਂ। ਕਦੇ ਸੋਚਿਆ?

ਜਖ਼ਮੀ ਹੋਏ ਗੰਭੀਰ ਮਰੀਜ਼ਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ। ਲੋਕਾਂ ਦੀ ਭੀੜ ਵਾਹਨਾਂ ਦੀ ਗਿਣਤੀ ਟ੍ਰੈਫਿਕ ਜਾਮ ਹੋਇਆ ਰਹਿੰਦਾ ਹੈ। ਲੋਕਾਂ ਦੀਆਂ ਦੇਰੀ ਕਾਰਨ ਬਦੇਸ਼ੀ ਉਡਾਣਾਂ ਰਹਿ ਜਾਂਦੀਆਂ ਹਨ। ਭੀੜ ਕਰਕੇ ਮਰੀਜ਼ਾਂ ਨੂੰ ਹਸਪਤਾਲਾਂ ਤੱਕ ਪਹੁੰਚਣ ਵਿੱਚ ਦੇਰੀ ਹੋ ਜਾਂਦੀ ਹੈ ਤਾਂ ਮਰੀਜ਼ ਮੌਤ ਦੇ ਮੂੰਹ ਵਿੱਚ ਟੁਰ ਜਾਂਦੇ ਹਨ। ਕਮਾਊ ਵਿਅਕਤੀ ਦੀ ਮੌਤ ਹੋ ਜਾਣ ਕਰਕੇ ਪਰਿਵਾਰ ਆਰਥਿਕ ਮੁਸੀਬਤਾਂ ਵਿੱਚ ਉਲਝ ਜਾਂਦਾ ਹੈ। ਬੱਚਿਆਂ ਦਾ ਭਵਿੱਖ ਤਬਾਹ ਹੋ ਜਾਂਦਾ ਹੈ। ਨਗਰ ਕੀਰਤਨ ਦੇ ਚੌਧਰੀ, ਪਾਖੰਡੀ ਅਤੇ ਸ਼ੁਹਰਤ ਦੇ ਭੁੱਖਿਆਂ ਨੇ ਕਦੇ ਵੀ ਅਜਿਹੇ ਪਰਿਵਾਰਾਂ ਦੀ ਮੱਦਦ ਤਾਂ ਕੀ ਸਾਰ ਤੱਕ ਵੀ ਨਹੀਂ ਲਈ।

ਕੀ ਨਗਰ ਕੀਰਤਨਾਂ ਦੇ ਇਹ ਨੇ ਸੰਦੇਸ਼ ? ਸ਼ੁਹਰਤ ਖੱਟਣ ਲਈ ਚਾਹ ਪਕੌੜੇ, ਛੋਲੇ ਪੂੁਰੀਆਂ ਅਤੇ ਫਲਾਂ ਦੇ ਵਧ ਵਧ ਕੇ ਰੀਸੋ-ਰੀਸੀ ਲੰਗਰ ਲਗਾਏ ਜਾਂਦੇ ਹਨ। ਕੀ ਇਹ ਕਾਰਜ ਗ਼ਰੀਬ ਕਰ ਸਕਦਾ ਹੈ ਓਹੀ ਕਰੇਗਾ ਜਿਹਨੇ ਲੋਕਾਂ ਦਾ ਖੂਨ ਚੂਸ2 ਧਨ ਇਕੱਠਾ ਕੀਤਾ ਹੋਵੇ। ਲੰਗਰ ਉਪਰੰਤ ਬਚਦਾ ਅੱਧ-ਪਚੱਧਾ ਖਾਣਾ ਸੜਕਾਂ ਦੇ ਆਲੇ-ਦੁਆਲੇ ਸੁੱਟ ਦਿਤਾ ਜਾਂਦਾ ਹੈ। ਖਾਧ-ਪਦਾਰਥ ਤੇ ਉਹਨਾਂ ਦੀ ਰਹਿੰਦ-ਖੂੰਹਦ ਨਾਲ ਸੜਕਾਂ ‘ਤੇ ਗੰਦ ਪੈ ਜਾਂਦਾ ਹੈ। ਇਸ ਗੰਦ ਨੂੰ ਸੰਭਾਲਣ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਜਾਂਦਾ। ਕੀ ਹੋਇਆ ਫਿਰ ਨਗਰ ਕੀਰਤਨ ਦਾ ਉਪਦੇਸ਼?

ਵੱਡੇ-ਵੱਡੇ ਬੈਂਡ ‘ਤੇ ਉੱਚੀ 2 ਸਪੀਕਰ ਆਤਿਸ਼ਬਾਜੀ ਅਤੇ ਪਟਾਕਿਆਂ ਦੀ ਦੁਰਵਰਤੋਂ ਕੀ ਗੁਰੂ ਨਾਨਕ ਨੇ ਦੱਸੀ ਸੀ?ਸਪੀਕਰਾਂ ਅਤੇ ਬੈਂਡਾਂ ਦੀ ਕਾਵਾਂ-ਰੌਲੀ ਕੀ ਸ਼ੋਰ-ਪ੍ਰਦੂਸ਼ਣ ਨਹੀਂ ?ਇਹ ਧਾਰਮਿਕ ਸ਼ੋਰ-ਪ੍ਰਦੂਸ਼ਣ ਬੀਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਲਈ ਕਿਹੜੀ ਦਵਾਈ ਬਣੇਗਾ? ਹਰ ਨਗਰ ਕੀਰਤਨ ਚੋਂ ਵੀ ਹਾਰ ਪਵਾ ਸਿਆਸੀ ਲੋਕਾਂ ਨੇ ਹੀ ਲਾਹਾ ਲੈਣਾ ਹੁੰਦਾ ਹੈ।

ਸਿੱਖ ਧਰਮ ਦਾ ਭਵਿੱਖ ਰੁਸ਼ਨਾਉਣ ਲਈ ਕੋਈ ਠੋਸ ਕੌਮੀ ਪ੍ਰਾਜੈਕਟ ਹੋਂਦ ਵਿੱਚ ਲਿਆਉਣੇ ਚਾਹੀਦੇ ਹਨ। ਸਿੱਖ ਕੌਮ ਦੇ ਗਲ਼ੇ ਵਿਚੋਂ ਸਿਆਸੀ ਗੁਲਾਮੀ ਦਾ ਜੂਲਾ ਲਾ ਦਿਓ। ਸਿੱਖ ਧਰਮ ਦੇ ਨਵੀਨ ਗੋਬਿੰਦ ਮਾਡਲ ਦੀ ਪਹਿਲਾਂ ਨਾਲੋਂ ਵੱਧ ਚੱੜ੍ਹਦੀਕਲਾ ‘ਚ ਉੱਚੀ ਸੁੱਚੀ ਤਸਵੀਰ ਫਰੇਮ ਕਰਕੇ ਪੇਸ਼ ਹੋਵੇ ਤਾਂ ਹੀ ਅੱਛਾ ਕਦਮ ਜਾਪੇਗਾ।

ਨਗਰ ਕੀਰਤਨ ਕੱਢਣੇ ਬੰਦ ਕਰਕੇ ਸਬੰਧਤ ਸ਼ਤਾਬਦੀ ਦੇ ਬਾਰੇ ਵਿੱਚ ਕਿਤਾਬਚੇ ਛਪਵਾ ਕੇ ਮੁਫ਼ਤ ਘਰ-ਘਰ ਵਿੱਚ ਪਹੁੰਚਾਉਣੇ ਚਾਹੀਦੇ ਹਨ। ਅੱਜ ਜਰੂਰਤ ਹੈ, ਨੌਜਵਾਨਾਂ ਲਈ ਅਜਿਹੇ ਵਿਦਿਅਕ ਅਦਾਰੇ ਖੋਲ੍ਹਣ ਦੀ, ਜਿਹੜੇ ਭਵਿੱਖ ਵਿੱਚ ਕੌਮ ਦੀ ਜਵਾਨੀ ਲਈ ਰਾਹ ਦਸੇਰਾ ਬਣ ਸਕਣ। ਪੂਰਾ ਸਾਲ ਉਚੇਚੇ ਤੌਰ ‘ਤੇ ਲੋਕ ਭਲਾਈ ਦੇ ਕਾਰਜ ਜ਼ਰੂਰਤਮੰਦਾਂ ਲਈ ਕੀਤੇ ਜਾਣੇ ਚਾਹੀਦੇ ਹਨ। ਭਾਵੇਂ ਉਹ ਕਿਸੇ ਵੀ ਫਿਰਕੇ ਜਾਂ ਜ਼ਾਤ ਨਾਲ ਸਬੰਧ ਰੱਖਦੇ ਹੋਣ।

ਅੱਜ ਕਿਸੇ ਵੀ ਗੁਰਦੁਆਰੇ ਵਲੋਂ ਕਿਸੇ ਜ਼ਰੂਰਤਮੰਦ ਦੀ ਮਦਦ ਵੀ ਨਹੀਂ ਕੀਤੀ ਜਾਂਦੀ। ਅਨਪੜ੍ਹ ਪ੍ਰਧਾਨ ਅਤੇ ਸਿਆਸੀ ਲੋਕ ਗੋਲਕਾਂ ‘ਤੇ ਕੁੰਡਲੀ ਮਾਰ ਕੇ ਬੈਠੇ ਹਨ। ਗੋਲਕਾਂ ਦੇ ਪੈਸੇ ਨੂੰ ਨਿੱਜੀ ਹਿੱਤਾਂ ਲਈ ਵਰਤਦੇ ਹਨ। ਕਹਿਣ ਨੂੰ ‘ਗੁਰੂ ਦੀ ਗੋਲਕ, ਗਰੀਬ ਦਾ ਮੂੰਹ’ ਹੈ। ਗੁਰੂ ਸਾਹਿਬ ਦਾ ਇਹ ਬਚਨ ਕਮੇਟੀਆਂ ਟਿੱਚ ਕਰਕੇ ਜਾਣਦੀਆਂ ਹਨ। ਗੋਲਕਾਂ ਕਮੇਟੀ ਮੈਂਬਰ ਜਾਂ ਕਾਰਸੇਵਾ ਵਾਲੇ ਸੰਗਮਰਮਰ ਲਾਉਣ ਅਤੇ ਸੋਨਾ ਝੜਾਉਣ ‘ਤੇ ਖਰਚ ਕਰ ਰਹੇ ਹਨ।

ਕਾਰਸੇਵਾ ਵਾਲੇ ਬਾਬਿਆਂ ਨੇ ਵੀ ਸਿੱਖ ਵਿਰਸਾ ਖਤਮ ਕਰਨ ਦੀ ਜਿੰਮੇਵਾਰੀ ਲਈ ਜਾਪਦੀ ਹੈ। ਜੇ ਸ਼ਤਾਬਦੀਆਂ ਅਤੇ ਗੁਰਪੁਰਬਾਂ ਸਮੇਂ ਸਰਬ ਸਾਂਝੀਵਾਲਤਾ ਦੇ ਸਿਧਾਂਤ ‘ਤੇ ਚੱਲ ਕੇ ਸਰਬਤ ਦੇ ਭਲੇ ਲਈ ਕਾਰਜ ਕੀਤੇ ਜਾਣ ਤਾਂ ਏਹੀ ਸ਼ਤਾਬਦੀਆਂ ਲੋਕ ਸੇਵਾ ਚ ਹਰਮਨ ਪਿਆਰੀਆਂ ਬਣ ਚੇਤਿਆਂ ਚ ਵਸ ਜਾਣਗੀਆਂ। ਮੈਡੀਕਲ ਤੇ ਖੂਨਦਾਨ ਕੈਂਪ ਲਗਾਏ ਜਾਣ। ਲੋੜਵੰਦ ਗਰੀਬ ਮਰੀਜ਼ਾਂ ਦੀ ਸਹਾਇਤਾ ਕੀਤੀ ਜਾਵੇ। ਗਰੀਬਾਂ ਨੂੰ ਮੁਫ਼ਤ ਡਾਕਟਰੀ ਸਹਾਇਤਾ ਦਵਾਈਆਂ ਅਤੇ ਮੁਫ਼ਤ ਪੜ੍ਹਾਈ ਦਾ ਪ੍ਰਬੰਧ ਕੀਤਾ ਜਾਵੇ।

ਦਰਖ਼ਤ ਲਗਾਉਣ ਦੀ ਮੁਹਿੰਮ ਚਲਾਈ ਜਾਵੇ। ਗੰਦਗੀ ਦੇ ਢੇਰਾਂ ਦੀ ਸਫਾਈ ਕਰਕੇ ਬੀਮਾਰੀਆਂ ਦੇ ਫੈਲਣ ਨੂੰ ਰੋਕਿਆ ਜਾਵੇ। ਸਾਫ-ਸੁਥਰੇ ਪਾਣੀ ਦਾ ਪ੍ਰਬੰਧ ਹੋਵੇ। ਵਧੀਆ ਸਕੂਲ, ਹਸਪਤਾਲ ਜਾਂ ਨੌਜਵਾਨਾਂ ਲਈ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣ। ਨੌਜਵਾਨਾਂ ਨੂੰ ਆਈ. ਏ. ਐਸ. ਅਤੇ ਪੀ. ਸੀ. ਐਸ. ਅਫਸਰ ਬਣਾਇਆ ਜਾਵੇ।

ਇਹ ਸਭ ਤਾਂ ਹੀ ਸੰਭਵ ਹੈ, ਜੇ ਗੋਲਕਾਂ ਦਾ ਮੂੰਹ ਗਰੀਬਾਂ ਵੱਲ ਮੋੜਿਆ ਜਾਵੇ ਤਾਂ। ਫਿਰ ਹੀ ਅਸੀਂ ਬਾਬੇ ਨਾਨਕ ਦੇ ਸੱਚੇ ਸੁੱਚੇ ਬੋਲਾਂ ਨੂੰ ਸ਼ਿੰਗਾਰ ਸਜਾ ਕੇ ਪੇਸ਼ ਕਰ ਸਕਾਂਗੇ। ਸਿੱਖੀ ਸਾਂਭ ਗੁਰੂ ਨਾਨਕ ਗੋਬਿੰਦ ਸਾਹਿਬ ਦਾ ਮਿਸ਼ਨ ਮਾਡਲ ਵੀ ਸੰਪੂਰਨ ਸਾਖਸ਼ਾਤ ਨੈਣੀਂ ਪਵੇਗਾ। ਗੁਰਬਤ ਪੂੰਝੀ ਜਾਵੇਗੀ। ਹਵਾਵਾਂ ਵੀ ਠੰਡੀਆਂ ਵਗ ਪੈਣਗੀਆਂ। ਹਿੱਕਾਂ ਚ ਮੋਹ ਪਿਆਰ ਵੀ ਆ ਸਜਣਗੇ।

Share News / Article

Yes Punjab - TOP STORIES